ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਮੁਕਤਸਰ ਪੁਲਿਸ ਨੇ ਸੁਰੱਖਿਆ ਅਤੇ ਮੁਸਤੈਦੀ ਵਿੱਚ ਕੀਤਾ ਵਾਧਾ
ਅਸ਼ੋਕ ਵਰਮਾ
ਸ਼੍ਰੀ ਮੁਕਤਸਰ ਸਾਹਿਬ, 2 ਅਗਸਤ 2025 : ਆਗਾਮੀ 15 ਅਗਸਤ ਦੇ ਮੱਦੇਨਜ਼ਰ, ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪੱਧਰ 'ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ੍ਰੀ ਮੁਕਤਸਰ ਸਾਹਿਬ ਐੱਸ.ਐੱਸ.ਪੀ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ, ਚਾਰੇ ਸਬ-ਡਿਵੀਜ਼ਨਾਂ — ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ — ਵਿੱਚ ਬੈਂਕਾਂ, ਮਨੀ ਐਕਸਚੇਂਜਰ ਅਤੇ ਗੋਲਡ ਲੋਨ ਸੈਂਟਰਾਂ ‘ਤੇ ਸਪੈਸ਼ਲ ਨਿਗਰਾਨੀ ਅਤੇ ਜਾਂਚ ਮੁਹਿੰਮ ਚਲਾਈ ਗਈ।ਇਸ ਵਿਸ਼ੇਸ਼ ਜਾਂਚ ਦੌਰਾਨ ਐੱਸ. ਪੀ (ਡੀ) ਮਨਮੀਤ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ, ਡੀ.ਐਸ.ਪੀ ਸ੍ਰੀ ਨਵੀਨ ਕੁਮਾਰ (ਸ੍ਰੀ ਮੁਕਤਸਰ ਸਾਹਿਬ), ਡੀ.ਐਸ.ਪੀ ਸ੍ਰੀ ਅਵਤਾਰ ਸਿੰਘ (ਗਿੱਦੜਬਾਹਾ), ਡੀ.ਐਸ.ਪੀ ਸ੍ਰੀ ਇਕਬਾਲ ਸਿੰਘ (ਮਲੋਟ), ਅਤੇ ਡੀ.ਐਸ.ਪੀ ਸ੍ਰੀ ਜਸਪਾਲ ਸਿੰਘ (ਲੰਬੀ) ਨੇ ਸਿੱਧਾ ਮੌਕੇ ਤੇ ਚੈਕਿੰਗ ਦੀ ਅਗਵਾਈ ਕੀਤੀ। ਥਾਣਾ ਪੱਧਰ ਤੋਂ ਇਲਾਵਾ ਲਗਭਗ 200 ਪੁਲਿਸ ਅਧਿਕਾਰੀ ਅਤੇ ਮੁਲਾਜ਼ਮਾਂ ਦੀਆਂ 26 ਟੀਮਾਂ ਬਣਾ ਕੇ ਚੈਕਿੰਗ ਕੀਤੀ ਗਈ।
ਐੱਸ.ਐੱਸ.ਪੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਲਗਭਗ 60 ਬੈਂਕਾਂ, 15 ਗੋਲਡ ਲੋਨ ਸੈਂਟਰਾਂ ਅਤੇ 15 ਮਨੀ ਐਕਸਚੇਂਜਾਂ ਦੀ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਬੈਂਕਾਂ ਮਨੀ ਐਕਸਚੇਂਜਰਾਂ ਅਤੇ ਗੋਲਡ ਲੋਨ ਦੀਆ ਬ੍ਰਾਂਚ ਵਿੱਚ ਜਿੱਥੇ ਆਰਥਿਕ ਲੈਣ ਦੇਣ ਵਧੇਰੇ ਹੁੰਦੀ ਹੈ ਇਸ ਲਈ ਇਹਨਾਂ ਅਧਾਰੀਆਂ ਦੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਉੱਥੇ ਬਰਾਂਚਾਂ ਵਿੱਚ ਲੱਗੇ ਹੋਏ ਸੀ.ਸੀ.ਟੀ.ਵੀ ਕੈਮਰਿਆਂ ਦੀ ਵਿਸਥਾਰਕ ਜਾਂਚ ਕੀਤੀ ਗਈ। ਜਿੱਥੇ ਕੈਮਰੇ ਚਾਲੂ ਹਾਲਤ ਵਿੱਚ ਸਨ, ਉਨ੍ਹਾਂ ਦੀ ਪੋਜ਼ੀਸ਼ਨਿੰਗ ਅਤੇ ਕਵਰੇਜ ਨੂੰ ਵੀ ਵੇਖਿਆ ਗਿਆ। ਜਿੱਥੇ ਕੈਮਰੇ ਖਰਾਬ ਹਾਲਤ ਵਿੱਚ ਮਿਲੇ, ਉਥੇ ਮੈਨੇਜਮੈਂਟ ਨੂੰ ਤੁਰੰਤ ਉਨ੍ਹਾਂ ਦੀ ਮੁਰੰਮਤ ਕਰਵਾਉਣ ਜਾਂ ਨਵੇਂ ਲਗਵਾਉਣ ਦੀ ਹਦਾਇਤ ਦਿੱਤੀ ਗਈ।ਇਸੇ ਤਰ੍ਹਾਂ, ਸੁਰੱਖਿਆ ਗਾਰਡਾਂ ਦੀ ਹਾਜ਼ਰੀ ਰਜਿਸਟਰ ਚੈੱਕ ਕੀਤੀ ਗਈ — ਜੋ ਗਾਰਡ ਡਿਊਟੀ 'ਤੇ ਸਨ, ਉਨ੍ਹਾਂ ਦੀ ਹਾਜ਼ਰੀ, ਡਿਊਟੀ ਸ਼ੀਟ, ਅਤੇ ਉਨ੍ਹਾਂ ਦੇ ਆਈ-ਡੀ ਕਾਰਡ ਵੀ ਵੇਖੇ ਗਏ।
ਡਿਊਟੀ ਰਜਿਸਟਰਾਂ ਰਾਹੀਂ ਉਨ੍ਹਾਂ ਵਿਅਕਤੀਆਂ ਦੀ ਐਂਟਰੀ-ਐਗਜ਼ਿਟ ਲਿਸਟ ਵੀ ਵੇਖੀ ਗਈ ਜੋ ਰੁਟੀਨ ਵਿੱਚ ਬੈਂਕ ਜਾਂ ਐਕਸਚੇਂਜ ਵਿੱਚ ਆਉਂਦੇ - ਜਾਂਦੇ ਹਨ। ਐੱਸ.ਐੱਸ.ਪੀ ਨੇ ਕਿਹਾ ਕਿ ਉਨ੍ਹਾਂ ਰਜਿਸਟਰਾਂ ਦੀ ਪੜਤਾਲ ਇਸ ਧਿਆਨ ਨਾਲ ਕੀਤੀ ਗਈ ਕਿ ਕਿਤੇ ਕੋਈ ਵਿਅਕਤੀ ਵਾਰ ਵਾਰ ਇੱਕੋ ਸਮੇਂ 'ਤੇ ਆ ਕੇ ਰੈਕੀ ਜਾਂ ਸ਼ੱਕੀ ਹਰਕਤ ਤਾਂ ਨਹੀਂ ਕਰ ਰਿਹਾ।
ਇਸੇ ਤਰ੍ਹਾਂ ਸੁਰੱਖਿਆ ਅਲਾਰਮ ਸਿਸਟਮ ਦੀ ਵੀ ਜਾਂਚ ਕੀਤੀ ਗਈ — ਉਨ੍ਹਾਂ ਨੇ ਦੱਸਿਆ ਕਿ ਜਿੱਥੇ ਅਲਾਰਮ ਲੱਗੇ ਹੋਏ ਸਨ, ਉਨ੍ਹਾਂ ਦੀ ਵਰਕਿੰਗ ਸਥਿਤੀ ਨੂੰ ਚੈੱਕ ਕੀਤਾ ਗਿਆ। ਜਿੱਥੇ ਉਹ ਖ਼ਰਾਬ ਮਿਲੇ, ਉਥੇ ਸਟਾਫ ਨੂੰ ਤੁਰੰਤ ਸੰਭਾਲ ਕਰਨ ਦੇ ਹੁਕਮ ਦਿੱਤੇ ਗਏ।ਐੱਸ.ਐੱਸ.ਪੀ ਨੇ ਦੱਸਿਆ ਕਿ ਰਾਤ ਦੀ ਡਿਊਟੀ 'ਤੇ ਤਾਇਨਾਤ ਸੁਰੱਖਿਆ ਗਾਰਡਾਂ ਨਾਲ ਖਾਸ ਗੱਲਬਾਤ ਕੀਤੀ ਗਈ। ਉਨ੍ਹਾਂ ਨਾਲ ਇਹ ਜਾਣਣ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਬਾਅ, ਖ਼ਤਰਾ ਜਾਂ ਸ਼ੱਕੀ ਵਿਅਕਤੀਆਂ ਦੀ ਆਵਾਜਾਈ ਦਾ ਅਨੁਭਵ ਹੋ ਰਿਹਾ ਹੈ। ਇਸ ਦੌਰਾਨ ਕਈ ਗਾਰਡਾਂ ਨੇ ਆਪਣੀਆਂ ਰਾਤ ਦੀਆਂ ਪਹਿਰੇਦਾਰੀਆਂ ਸੰਬੰਧੀ ਵੀ ਚਿੰਤਾਵਾਂ ਸਾਂਝੀਆਂ ਕੀਤੀਆਂ, ਜੋ ਪੁਲਿਸ ਵੱਲੋਂ ਲਿਖਤੀ ਰੂਪ ਵਿੱਚ ਨੋਟ ਕੀਤੀਆਂ ਗਈਆਂ।
ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਬ੍ਰਾਂਚਾਂ ਦੇ ਨਾਲ ਲੱਗਦੀਆਂ ਦੁਕਾਨਦਾਰਾਂ, ਮੈਨੇਜਰਾਂ ਅਤੇ ਸਟਾਫ ਨਾਲ ਗੱਲ ਕਰਕੇ ਜਾਣਕਾਰੀ ਇਕੱਤਰ ਕੀਤੀ ਗਈ ਕਿ ਕੀ ਉਨ੍ਹਾਂ ਨੇ ਕੋਈ ਵਿਅਕਤੀ ਰੈਗੂਲਰ ਆਉਂਦੇ ਵੇਖਿਆ ਜੋ ਆਉਣ-ਜਾਣ ਤੋਂ ਇਲਾਵਾ ਹੋਰ ਕਿਸੇ ਵਿਸ਼ੇਸ਼ ਗਤੀਵਿਧੀ ਨਾਲ ਜੁੜਿਆ ਹੋਵੇ।
ਐੱਸ ਐੱਸ ਪੀ ਡਾ. ਅਖਿਲ ਚੌਧਰੀ ਨੇ ਕਿਹਾ, "ਕਿ ਬੈਂਕ, ਐਕਸਚੇਂਜ ਅਤੇ ਹੋਰ ਆਰਥਿਕ ਥਾਵਾਂ ਦੀ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਤਪਰ ਹੈ।"ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਹੈਲਪਲਾਈਨ ਨੰਬਰ 8054942100 'ਤੇ ਦੇਣ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।