ਗੁਰਦਰਸ਼ਨ ਸੈਣੀ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ ਲਾਇਆ ਕੈਂਪ, 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਕਾਰਡ ਬਣਾਉਣ ਦੀ ਮੁਹਿੰਮ ਸ਼ੁਰੂ
ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਹਰੇਕ ਵਿਅਕਤੀ ਬਣੇ ਲਾਭਪਾਤਰੀ - ਗੁਰਦਰਸ਼ਨ ਸੈਣੀ
ਜ਼ੀਰਕਪੁਰ, 2 ਅਗਸਤ 2025 - ਹੁਣ ਤੱਕ ਦੇਸ਼ ਭਰ ਵਿੱਚ ਕਰੋੜਾਂ ਲੋਕ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਲਾਭ ਲੈ ਚੁੱਕੇ ਹਨ, ਪਰ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਅਤੇ ਇਸ ਕਾਰਨ ਉਹ ਇਸ ਯੋਜਨਾ ਦਾ ਲਾਭ ਲੈਣ ਵਿੱਚ ਅਸਮਰੱਥ ਹਨ। ਇਸੇ ਮਕਸਦ ਲਈ ਜ਼ੀਰਕਪੁਰ ਵਿਖੇ ਵਿਸ਼ੇਸ਼ ਕੈੰਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਹਰੇਕ ਵਿਅਕਤੀ ਲਾਭ ਪ੍ਰਾਪਤ ਕਰ ਸਕੇ। ਇਹ ਵਿਚਾਰ ਸੀਨੀਅਰ ਭਾਜਪਾ ਆਗੂ ਅਤੇ ਉਘੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਰਵਿੰਦਰਾ ਇਨਕਲੇਵ ਬਲਟਾਣਾ ਅਤੇ ਪੀਰਮੁਛੱਲਾ ਵਿਖੇ ਲਗਾਏ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਕੈੰਪਾਂ ਦੇ ਉਦਘਾਟਨ ਮੌਕੇ ਪ੍ਰਗਟਾਏ। ਸ਼੍ਰੀ ਸੈਣੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਕਿਹਾ ਕਿ ਭਾਜਪਾ ਵੱਲੋਂ ਉਹਨਾਂ ਨੂੰ ਜ਼ੀਰਕਪੁਰ ਦੇ ਇੰਚਾਰਜ ਵਜੋਂ ਸੇਵਾ ਸੰਭਾਲੀ ਗਈ ਹੈ ਤਾਂ ਕਿ ਇਸ ਯੋਜਨਾ ਅਧੀਨ ਆਉਂਦੀਆਂ ਸਾਰੀਆਂ ਸੇਵਾਵਾਂ ਲੋਕਾਂ ਨੂੰ ਮੁਹਈਆ ਕਰਵਾਈਆਂ ਜਾ ਸਕਣ।
.jpeg)
ਉਹਨਾਂ ਦੱਸਿਆ ਕਿ ਇਹ ਕੈਂਪ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ ਲਗਾਏ ਗਏ ਹਨ ਜਿਸਦਾ ਮੁੱਖ ਉਦੇਸ਼ 70 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਅਤੇ ਔਰਤਾਂ ਨੂੰ ਆਯੁਸ਼ਮਾਨ ਸਿਹਤ ਕਾਰਡ ਅਤੇ ਆਯੁਸ਼ਮਾਨ ਭਾਰਤ ਕਾਰਡ ਪ੍ਰਦਾਨ ਕਰਨਾ ਸੀ।
ਕੈਂਪ ਵਿੱਚ ਆਧਾਰ ਕਾਰਡ ਧਾਰਕਾਂ ਲਈ ਆਭਾ ਕਾਰਡ, 16 ਤੋਂ 59 ਸਾਲ ਦੇ ਕਾਮਿਆਂ ਲਈ ਈ-ਸ਼੍ਰਮ ਕਾਰਡ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਵੋਟਰ ਕਾਰਡ ਬਣਾਉਣ ਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ।

ਉਹਨਾਂ ਕਿਹਾ ਕਿ ਬਹੁਤ ਸਾਰੇ ਬਜ਼ੁਰਗ ਨਾਗਰਿਕਾਂ ਅਤੇ ਕਾਮਿਆਂ ਕੋਲ ਜ਼ਰੂਰੀ ਸਿਹਤ ਅਤੇ ਪਛਾਣ ਪੱਤਰ ਨਹੀਂ ਹਨ ਜਿਸ ਕਾਰਨ ਉਹ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਨਹੀਂ ਲੈ ਪਾ ਰਹੇ ਹਨ। ਇਸ ਤੋਂ ਇਲਾਵਾ ਕਾਰਡ ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੀ ਘਾਟ ਕਾਰਨ ਬਹੁਤ ਸਾਰੇ ਲੋਕ ਇਸ ਮੌਕੇ ਦਾ ਲਾਭ ਨਹੀਂ ਲੈ ਪਾ ਰਹੇ ਹਨ।
ਇਸ ਪਹਿਲਕਦਮੀ ਨੇ 70 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਕਾਮਿਆਂ ਨੂੰ ਸਿਹਤ ਅਤੇ ਪਛਾਣ ਪੱਤਰ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਿਸ ਨਾਲ ਸਿਹਤ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਵਿੱਚ ਸੁਧਾਰ ਹੋਵੇਗਾ ਅਤੇ ਉਹ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਸਕਣਗੇ।

ਇਹ ਕੈਂਪ ਨਾ ਸਿਰਫ਼ ਇੱਕ ਸਮਾਜਿਕ ਜ਼ਿੰਮੇਵਾਰੀ ਨਿਭਾਏਗਾ ਬਲਕਿ ਸਮਾਜ ਵਿੱਚ ਜਾਗਰੂਕਤਾ ਵਧਾਉਣ ਅਤੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਪ੍ਰਤੀ ਪ੍ਰੇਰਿਤ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ। ਇਹਨਾਂ ਕੈੰਪਾਂ ਵਿਚ ਭਾਜਪਾ ਮੰਡਲ ਜ਼ੀਰਕਪੁਰ ਵੱਲੋ ਵਿਸ਼ੇਸ਼ ਭੂਮਿਕਾ ਨਿਭਾਈ ਗਈ ਹੈ। ਇਸ ਮੌਕੇ ਸੁਰੇਸ਼ ਖਟਕੜ ਮੰਡਲ ਪ੍ਰਧਾਨ, ਸਤਪਾਲ ਬਾਂਸਲ ਮੰਡਲ ਪਰਧਾਨ-2, ਅਨੁਜ ਅਗਰਵਾਲ (ਜ਼ਿਲਾ ਉਪ ਪ੍ਰਧਾਨ ਭਾਜਪਾ) ਵਿਜੇ ਗੋਇਲ ਪ੍ਰਧਾਨ ਵਰਿੰਦਾਵਨ ਗਾਰਡਨ ਰੈਜ਼ੀਡੈਂਸ ਵੈਲਫੇਅਰ ਸੋਸਾਇਟੀ, ਪਰਦੀਪ ਸ਼ਰਮਾ, ਪੁਸ਼ਪਿੰਦਰ ਮਹਿਤਾ, ਸੰਨੰਤ ਭਾਰਤਵਾਜ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।