ਲਾਲੜੂ ਦੇ ਸੁਧਾਂਸ਼ੂ ਨੇ ਹਲਕੇ ਦਾ ਨਾਂ ਪੰਜਾਬ ਪੱਧਰ 'ਤੇ ਚਮਕਾਇਆ: ਰੰਧਾਵਾ
- ਪੰਜਾਬ ਸਿੱਖਿਆ ਕ੍ਰਾਂਤੀ ਨੇ ਬਦਲੀ ਸਕੂਲਾਂ ਦੀ ਨੁਹਾਰ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਮਈ 2025: ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਲੜੂ ਦੇ ਵਿਦਿਆਰਥੀ ਸ਼ੁਧਾਂਸ਼ੂ ਤਿਵਾੜੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਗਏ 12ਵੀਂ ਦੇ ਪ੍ਰੀਖਿਆ ਨਤੀਜਿਆਂ ਵਿੱਚ ਰਾਜ ਦੀ ਮੈਰਿਟ ਸੂਚੀ ਵਿੱਚ 13ਵਾਂ ਸਥਾਨ ਪ੍ਰਾਪਤ ਕਰਨ 'ਤੇ ਸਨਮਾਨਿਤ ਕੀਤਾ ਗਿਆ। ਸ. ਰੰਧਾਵਾ ਨੇ ਕਿਹਾ ਕਿ ਸੁਧਾਂਸ਼ੂ ਤਿਵਾੜੀ ਨੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਕੇ ਜਿੱਥੇ ਹਲਕੇ ਦਾ ਨਾਂਅ ਰੋਸ਼ਨ ਕੀਤਾ ਹੈ, ਉੱਥੇ ਹੀ ਪਰਿਵਾਰ ਦਾ ਨਾਂਅ ਵੀ ਚਮਕਾਇਆ ਹੈ। ਵਿਧਾਇਕ ਰੰਧਾਵਾ ਨੇ ਦੱਸਿਆ ਕੀ ਸੁਧਾਂਸ਼ੂ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਲਾਲਡੂ ਮੰਡੀ ਵਿੱਚ ਪੜ੍ਹਦਾ ਸੀ, ਨੇ ਨਾਨ-ਮੈਡੀਕਲ ਸਟ੍ਰੀਮ ਵਿੱਚ 500 ਵਿੱਚੋਂ 487 ਅੰਕ ਪ੍ਰਾਪਤ ਕਰਕੇ 97.40 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਉਸਨੇ ਕੈਮਿਸਟਰੀ ਅਤੇ ਪੰਜਾਬੀ ਵਿੱਚ 99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਸ.ਰੰਧਾਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਸਿੱਖਿਆ ਦੀ ਗੁਣਵੱਤਾ ਵਿਚ ਲਿਆਂਦੀ ਗਈ ਤਬਦੀਲੀ ਨੇ ਪੰਜਾਬ ਦੇ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਪਿਛਲੀਆਂ ਸਰਕਾਰਾਂ ਸਮੇਂ ਖੁੱਸਿਆ ਵਿਸ਼ਵਾਸ ਬਹਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ 2000 ਕਰੋੜ ਰੁਪਏ ਦੀ ਲਾਗਤ ਨਾਲ 12000 ਸਰਕਾਰੀ ਸਕੂਲਾਂ ਨੂੰ ਨਿਵੇਕਲੀ ਦਿੱਖ ਦਿੱਤੀ ਜਾ ਰਹੀ ਹੈ। ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਸੁਧਾਂਸ਼ੂ ਵਾਂਗ ਸਖਤ ਮਿਹਨਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਵੀ ਇਸ ਵਾਂਗ ਮੈਰਿਟ ਸੂਚੀ ਵਿੱਚ ਆਪਣਾ ਨਾਂਅ ਚਮਕਾ ਸਕਦੇ ਹਨ। ਇਸ ਮੌਕੇ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ ਸਮੇਤ ਬਲਾਕ ਪ੍ਰਧਾਨ ਤੇ ਸਮੁੱਚੀ ਆਪ ਦੀ ਟੀਮ ਹਾਜ਼ਰ ਸੀ। ਇਸ ਮੌਕੇ ਪ੍ਰਿੰਸੀਪਲ ਡਿੰਪੀ ਧੀਰ ਸਮੇਤ ਅਧਿਆਪਕ ਹਾਜ਼ਰ ਸਨ।