ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਮਾਜ ਸੇਵਕ ਰਤਨ ਕੁਮਾਰ ਜੈਨ ਸਨਮਾਨਿਤ
ਸਰੀਰ ਦਾਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਰਤਨ ਕੁਮਾਰ ਜੈਨ ਦਾ ਅਹਿਮ ਯੋਗਦਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 06 ਅਕਤੂਬਰ, 2026
ਚੰਡੀਗੜ੍ਹ: ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਖੂਨਦਾਨ ਅਤੇ ਸਰੀਰ ਦਾਨ ਦੀ ਮਹੱਤਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਖੂਨਦਾਨ ਦਿਵਸ’ ਮਨਾਇਆ ਗਿਆ। ਇਸ ਮੌਕੇ ਖੂਨਦਾਨੀਆਂ, ਸਰੀਰ ਦਾਨੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਪੰਜਾਬ ਅਤੇ ਚੰਡੀਗੜ੍ਹ ਦੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕੀਤੀ। ਇਸ ਮੌਕੇ ਨਵਾਂਸ਼ਹਿਰ ਦੀ ਦੋਆਬਾ ਸੇਵਾ ਸੰਮਤੀ ਦੇ ਜਨਰਲ ਸਕੱਤਰ ਅਤੇ ਉੱਘੇ ਸਮਾਜ ਸੇਵਕ ਸ੍ਰੀ ਰਤਨ ਕੁਮਾਰ ਜੈਨ ਨੂੰ ਸਰੀਰ ਦਾਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਲਈ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ।
ਸ੍ਰੀ ਰਤਨ ਕੁਮਾਰ ਜੈਨ ਲੰਬੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੇ ਹੋਏ ਹਨ ਅਤੇ ਸਰੀਰ ਦਾਨ ਵਰਗੇ ਮਹਾਨ ਕਾਰਜ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਦਾਨੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਪਹਿਲਾਂ ਵੀ ਵੱਖ-ਵੱਖ ਸਮਾਜਿਕ ਸੰਸਥਾਵਾਂ ਅਤੇ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਖੂਨਦਾਨ ਅਤੇ ਸਰੀਰ ਦਾਨ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਰੀਰ ਦਾਨ ਮਰਨ ਉਪਰੰਤ ਵੀ ਮਨੁੱਖਤਾ ਦੀ ਸੇਵਾ ਕਰਨ ਦਾ ਮਹਾਨ ਸੰਕਲਪ ਹੈ, ਜਦਕਿ ਖੂਨਦਾਨ ਕਿਸੇ ਲੋੜਵੰਦ ਵਿਅਕਤੀ ਨੂੰ ਨਵੀਂ ਜ਼ਿੰਦਗੀ ਦੇਣ ਦੇ ਬਰਾਬਰ ਹੈ। ਉਨ੍ਹਾਂ ਲੋਕਾਂ ਨੂੰ ਅਜਿਹੇ ਮਹਾਨ ਕਾਰਜਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਸ੍ਰੀ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਪ੍ਰੇਰਣਾ ਅਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-32, ਚੰਡੀਗੜ੍ਹ ਦੀ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ. ਰਵਨੀਤ ਕੌਰ ਦੇ ਯਤਨਾਂ ਸਦਕਾ ਹੁਣ ਸਰੀਰ ਦਾਨ ਦੀ ਪ੍ਰਕਿਰਿਆ ਹੋਰ ਵੀ ਸੁਚਾਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੀ ਟੀਮ ਖੁਦ ਦਾਨੀ ਦੇ ਸਰੀਰ ਨੂੰ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਪ੍ਰਾਪਤ ਕਰਨ ਲਈ ਪਹੁੰਚਦੀ ਹੈ, ਜਿਸ ਨਾਲ ਸਰੀਰ ਦਾਨ ਕਰਨ ਵਾਲੇ ਪਰਿਵਾਰਾਂ ਨੂੰ ਵੱਡੀ ਸਹੂਲਤ ਮਿਲੀ ਹੈ।
ਸ੍ਰੀ ਜੈਨ ਨੇ ਇਸ ਮਹੱਤਵਪੂਰਨ ਉਪਰਾਲੇ ਲਈ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਡਾ. ਰਵਨੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰੀ ਪੱਧਰ ’ਤੇ ਮਿਲ ਰਹੀ ਹੌਸਲਾ ਅਫ਼ਜ਼ਾਈ ਨਾਲ ਸਰੀਰ ਦਾਨ ਪ੍ਰਤੀ ਲੋਕਾਂ ਵਿੱਚ ਹੋਰ ਜਾਗਰੂਕਤਾ ਪੈਦਾ ਹੋਵੇਗੀ।
ਸਮਾਗਮ ਦੌਰਾਨ ਮਨਦੀਪ ਸਿੰਘ ਬਰਾੜ, ਡਾ. ਰਵਨੀਤ ਕੌਰ, ਡਾਇਰੈਕਟਰ ਅਤੇ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32, ਚੰਡੀਗੜ੍ਹ, ਸਿਹਤ ਵਿਭਾਗ ਦੇ ਅਧਿਕਾਰੀ, ਖੂਨਦਾਨੀ, ਸਰੀਰ ਦਾਨੀਆਂ ਦੇ ਪਰਿਵਾਰਕ ਮੈਂਬਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਰਹੇ।
ਰਤਨ ਕੁਮਾਰ ਜੈਨ ਦਾ ਸਨਮਾਨ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਸਮਾਜ ਸੇਵਾ ਦੀ ਕਦਰ ਹੈ, ਸਗੋਂ ਸਰੀਰ ਦਾਨ ਵਰਗੇ ਮਹਾਨ ਮਨੁੱਖੀ ਕਾਰਜ ਨੂੰ ਉਤਸ਼ਾਹਿਤ ਕਰਨ ਵਾਲੇ ਹਰ ਵਿਅਕਤੀ ਲਈ ਵੀ ਇੱਕ ਪ੍ਰੇਰਣਾਦਾਇਕ ਸੰਦੇਸ਼ ਹੈ।
- Download Babushahi App
-
-