ਰਮਨ ਬਹਿਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮਗਰੀ ਨੂੰ ਰਵਾਨਾਂ ਕੀਤਾ
ਅਸੀਂ ਸਾਰੇ ਮਿਲ ਕੇ ਇਸ ਸੰਕਟ ਉੱਪਰ ਜਲਦ ਕਾਬੂ ਪਾ ਲਵਾਂਗੇ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 06 ਸਤੰਬਰ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ੍ਰੀ ਰਮਨ ਬਹਿਲ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ਹਨ। ਅੱਜ ਸ੍ਰੀ ਰਮਨ ਬਹਿਲ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਅਲੂਣਾ, ਮੁਕੰਦਪੁਰ, ਸਿੰਘੋਵਾਲ, ਦਾਖਲਾ, ਖੋਖਰ ਰਾਜਪੂਤਾਂ, ਭੁੱਲਾ, ਹਰਦੋਛੰਨੀ, ਕਮਾਲਪੁਰ ਅਫ਼ਗਾਨਾਂ, ਭੋਪੁਰ ਸੈਦਾਂ, ਹਰਦਾਨ ਅਤੇ ਲੱਖੋਵਾਲ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮਗਰੀ ਦੇ ਨਾਲ ਤਰਪਾਲਾਂ ਭੇਜੀਆਂ ਗਈਆਂ।
ਗੁਰਦਾਸਪੁਰ ਤੋਂ ਰਾਹਤ ਸਮਗਰੀ ਅਤੇ ਤਰਪਾਲਾਂ ਦੀ ਗੱਡੀ ਰਵਾਨਾ ਕਰਨ ਮੌਕੇ ਗੱਲ ਕਰਦਿਆਂ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਹੜ੍ਹ ਦੀ ਕਰੋਪੀ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਫਸਲਾਂ ਤਬਾਹ ਹੋ ਗਈਆਂ ਹਨ ਅਤੇ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਜੰਗੀ ਪੱਧਰ `ਤੇ ਜਾਰੀ ਹਨ ਅਤੇ ਹਰ ਲੋੜਵੰਦ ਤੱਕ ਸਰਕਾਰੀ ਮਦਦ ਪਹੁੰਚਾਈ ਜਾ ਰਹੀ ਹੈ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਓਥੇ ਸਾਡਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਕੁਝ ਨਾ ਕੁਝ ਆਪਣਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਪਹਿਲੇ ਦਿਨ ਤੋਂ ਹੀ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਅਤੇ ਅੱਜ ਉਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ ਰਾਹਤ ਸਮਗਰੀ ਅਤੇ ਤਰਪਾਲਾਂ ਭੇਜੀਆਂ ਗਈਆਂ ਹਨ। ਸ੍ਰੀ ਬਹਿਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਲੋੜਵੰਦਾਂ ਤੱਕ ਇਹ ਰਾਹਤ ਪਹੁੰਚਾਈ ਜਾਵੇਗੀ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਭਾਵੇਂ ਇਹ ਸੰਕਟ ਬਹੁਤ ਵੱਡਾ ਹੈ ਪਰ ਕੁਦਰਤ ਨੇ ਪੰਜਾਬੀਆਂ ਨੂੰ ਅਜਿਹੇ ਸੰਕਟ ਸਹਿਣ ਕਰਨ ਲਈ ਜਿਗਰਾ ਵੀ ਬਹੁਤ ਵੱਡਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਨਾਲ ਨਜਿੱਠਣ ਲਈ ਸਮੂਹ ਪੰਜਾਬੀ ਇੱਕ ਹਨ ਅਤੇ ਅਸੀਂ ਸਾਰੇ ਮਿਲ ਕੇ ਇਸ ਸੰਕਟ ਉਪਰ ਕਾਬੂ ਪਾ ਲਵਾਂਗੇ। ਇਸ ਮੌਕੇ ਉਨ੍ਹਾਂ ਨਾਲ ਨਗਰ ਸੁਧਾਰ ਟਰੱਸਟ ਦੇ ਟਰਸਟੀ ਰਘੁਬੀਰ ਸਿੰਘ ਖ਼ਾਲਸਾ, ਹਿਤੇਸ਼ ਮਹਾਜਨ, ਨੀਰਜ ਸਲਹੋਤਰਾ ਤੋਂ ਇਲਾਵਾ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।