ਭੱਠੇ ਤੇ ਪੁੱਟੇ ਟੋਏ ਵਿੱਚ ਦੋ ਮਸੂਮ ਭੈਣ ਭਰਾ ਦੀ ਡੁੱਬਣ ਨਾਲ ਹੋਈ ਮੌਤ
ਮ੍ਰਿਤਕ ਬੱਚਿਆਂ ਦੀ ਮਾਂ ਨੇ ਭੱਠਾ ਮਾਲਕ ਉੱਪਰ ਲਾਪਰਵਾਹੀ ਕਰਨ ਦੇ ਲਾਏ ਦੋਸ਼
ਭੱਠਾ ਮਾਲਕਾਂ ਦਾ ਵੀ ਪੱਖ ਆਇਆ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ : ਜਿਲਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਧਿਆਨਪੁਰ ਨਜ਼ਦੀਕੀ ਪਿੰਡ ਚੰਦੂਸੂਜਾ ਦੇ ਭੱਠੇ 'ਤੇ ਇੱਟਾਂ ਬਣਾਉਣ ਦੀ ਵਰਤੋਂ ਲਈ ਪੁੱਟੇ ਟੋਏ ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਦਿੰਦੇ ਹੋਏ ਮਿ੍ਤਕ ਬੱਚਿਆਂ ਦੀ ਮਾਂ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਉਨ੍ਹਾਂ ਦੇ ਦੋਵੇਂ ਬੱਚੇ ਖੇਡ ਰਹੇ ਸਨ ਤੇ ਖੇਡਦੇ ਖੇਡਦੇ ਉਹ ਗੁੰਮ ਹੋ ਗਏ,ਉਨ੍ਹਾਂ ਵੱਲੋਂ ਬੱਚਿਆਂ ਦੀ ਇੱਧਰ ਉੱਧਰ ਭਾਲ ਕੀਤੀ ਗਈ ਪਰ ਬੱਚੇ ਉਹਨਾਂ ਨੂੰ ਨਹੀਂ ਮਿਲੇ, ਦੇਰ ਰਾਤ ਉਹਨਾਂ ਵੱਲੋਂ ਪੁਲਿਸ ਚੌਂਕੀ ਕਾਲਾ ਅਫਗਾਨਾ ਵਿਖੇ ਬੱਚਿਆਂ ਦੇ ਗੁਮ ਹੋਣ ਦੀ ਸੂਚਨਾ ਦਿੱਤੀ ਗਈ,ਪੁਲਿਸ ਵੱਲੋਂ ਵੀ ਬੱਚਿਆਂ ਕਾਫੀ ਭਾਲ ਕੀਤੀ ਗਈ,ਪਰ ਬੱਚੇ ਨਹੀਂ ਮਿਲੇ ਤੇ ਸਵੇਰੇ 9 ਵਜੇ ਦੇ ਕਰੀਬ ਜਦੋਂ ਉਹ ਬੱਚਿਆਂ ਦੀ ਭਾਲ ਕਰ ਰਹੇ ਸਨ ਤਾਂ ਭੱਠੇ ਤੇ ਪੁੱਟੇ ਟੋਏ ਵਿੱਚੋਂ ਦੋਵਾਂ ਬੱਚਿਆਂ ਦੀਆਂ ਮਿ੍ਤਕ ਦੇਹਾਂ ਨਜ਼ਰ ਆਈਆਂ ।ਮ੍ਰਿਤਕ ਬੱਚਿਆਂ ਦੀ ਮਾਂ ਰੱਜੀ ਨੇ ਭੱਠਾ ਮਾਲਕਾਂ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਰਸਾਤਾਂ ਦੇ ਮੌਸਮ ਕੰਮ ਬੰਦ ਹੋਣ ਕਰਕੇ ਭੱਠਾ ਮਾਲਕ ਵੱਲੋਂ ਖੱਡੇ ਬੰਦ ਕੀਤੇ ਹੁੰਦੇ ਤਾਂ ਉਸਦੇ ਦੋਵੇਂ ਬੱਚੇ 13 ਸਾਲਾਂ ਪ੍ਰਿੰਸ 10 ਸਾਲਾ ਬੱਚੀ ਲਛਮੀ ਉਨ੍ਹਾਂ ਦੇ ਕੋਲ ਹੁੰਦੇ,ਮਿ੍ਤਕ ਬੱਚਿਆਂ ਦੀ ਮਾਂ ਵੱਲੋਂ ਭੱਠਾ ਮਾਲਕ ਦੀ ਲਾਪਰਵਾਹੀ ਨੂੰ ਬੱਚਿਆਂ ਦਾ ਮੌਤ ਦਾ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ।
ਉੱਥੇ ਹੀ ਭੱਠਾ ਮਾਲਕ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਸੀ।