ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਪਾਉਣ ਲਈ ਜੀਵਨ ਸ਼ੈਲੀ ਵਿੱਚ ਕਰੋ ਬਦਲਾਅ : ਡਾ. ਸੰਗੀਤਾ ਜੈਨ
ਹਰਜਿੰਦਰ ਸਿੰਘ ਭੱਟੀ
- ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਮਈ 2025 - ਸਿਵਲ ਸਰਜਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਸੰਗੀਤਾ ਜੈਨ ਦੀ ਅਗਵਾਈ ਵਿੱਚ ਵਿਸ਼ਵ ਹਾਈਪਰਟੈਨਸ਼ਨ ਦਿਵਸ ਦੇ ਸਬੰਧ ਵਿੱਚ ਅੱਜ ਨਰਸਿੰਗ ਵਿਦਿਆਰਥੀਆਂ ਨੇ ਮੋਹਾਲੀ ਵਿੱਚ ਜਾਗਰੂਕਤਾ ਰੈਲੀ ਕੱਢੀ।
ਇਸ ਮੌਕੇ ਡਾ. ਸੰਗੀਤਾ ਜੈਨ ਨੇ ਕਿਹਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਵੱਲੋਂ 17 ਮਈ ਤੋਂ 17 ਜੂਨ ਤੱਕ ਹਾਈਪਰਟੈਨਸ਼ਨ ਦੇ ਸਬੰਧ ਵਿੱਚ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਵਿੱਚ 30 ਸਾਲ ਤੋਂ ਉੱਪਰ ਦੀ ਉਮਰ ਦੇ ਵਿਅਕਤੀਆਂ ਲਈ ਵਿਸ਼ੇਸ਼ ਸਕਰੀਨਿੰਗ ਕੈਂਪ, ਜਾਗਰੂਕਤਾ ਰੈਲੀਆਂ, ਨੁੱਕੜ ਨਾਟਕ, ਸਕੂਲਾਂ-ਕਾਲਜਾਂ ਵਿੱਚ ਲੈਕਚਰ, ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ ਕੀਤੀ ਜਾ ਰਹੀ ਹੈ। ਨੈਸ਼ਨਲ ਪ੍ਰੋਗਰਾਮ ਫਾਰ ਪਰਵੈਂਸ਼ਨ ਐਂਡ ਕੰਟਰੋਲ ਆਫ ਨਾਨ ਕਮਿਊਨੀਕੇਬਲ ਡਿਜੀਜ ਤਹਿਤ ਬਲੱਡ ਪ੍ਰੈਸ਼ਰ ਚੈਕ ਕਰਕੇ ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਹੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ। ਇਸ ਲਈ ਜਾਗਰੂਕ ਹੋਣਾ ਅਤੀ ਜਰੂਰੀ ਹੈ। ਉਹਨਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਲਈ ਨਿਯਮਿਤ ਤੌਰ ਤੇ ਆਪਣਾ ਬਲੱਡ ਪ੍ਰੈਸ਼ਰ ਚੈਕ ਕਰਵਾਉਂਦੇ ਰਹਿਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਅਲਕੋਹਲ ਅਤੇ ਤੰਬਾਕੂ ਪਦਾਰਥਾਂ, ਫੈਟ, ਤਲੀਆਂ ਅਤੇ ਮਸਾਲੇਦਾਰ ਚੀਜਾਂ ਦੀ ਵਰਤੋ ਤੋਂ ਪਰਹੇਜ਼ ਕਰਕੇ ਸਾਨੂੰ ਸੰਤੁਲਿਤ ਖੁਰਾਕ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੀਆਂ ਪੱਤੇਦਾਰ ਸਬਜੀਆਂ, ਫਲ ਤੇ ਘੱਟ ਫੈਟ ਵਾਲੀਆਂ ਚੀਜਾਂ ਦਾ ਹੀ ਸੇਵਨ ਕਰਕੇ ਅਤੇ ਰੋਜ਼ਾਨਾ ਕਸਰਤ ਕਰਨ ਨਾਲ ਬਲੱਡ ਪ੍ਰੈਸ਼ਰ ਨੂੰ ਕਾਫੀ ਹੱਦ ਤੱਕ ਨਾਰਮਲ ਰੱਖਿਆ ਜਾ ਸਕਦਾ ਹੈ।
ਜਿਲ੍ਹਾ ਹਸਪਤਾਲ ਮੋਹਾਲੀ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਪੁਨੀਤ ਨੇ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਹਾਈਪਰਟੈਂਸ਼ਨ, ਜਿਸ ਨੂੰ ਆਮ ਭਾਸ਼ਾ ਵਿੱਚ ਵਧਿਆ ਹੋਇਆ ਬਲੱਡ ਪ੍ਰੈਸ਼ਰ ਵੀ ਕਿਹਾ ਜਾਂਦਾ ਹੈ, ਦੇ ਹੋਣ ਵਾਲੇ ਨੁਕਸਾਨਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ, ਤਾਂ ਜੋ ਬਲੱਡ ਪ੍ਰੈਸ਼ਰ ਦੇ ਵੱਧਣ ਨਾਲ ਲੋਕਾਂ ਨੂੰ ਦਿਲ ਦਾ ਦੌਰਾ ਪੈਣਾ, ਦਿਮਾਗ ਦੀ ਨਾੜੀ ਦਾ ਫੱਟਣਾ, ਦਿਲ ਦਾ ਫੇਲ ਹੋਣਾ, ਗੁਰਦੇ ਖਰਾਬ ਹੋਣਾ, ਅੱਖਾਂ ਦੀ ਰੌਸ਼ਨੀ ਦਾ ਖਤਮ ਹੋਣਾ ਆਦਿ ਵਰਗੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਮੋਹਾਲੀ ਡਾ. ਐਚ.ਐਸ. ਚੀਮਾ, ਡੀ.ਐਮ.ਸੀ. ਡਾ. ਪਰਮਿੰਦਰਪਾਲ ਕੌਰ, ਪਥੈਲੋਜਿਸਟ ਡਾ. ਪਰਮਿੰਦਰ ਸਿੰਘ, ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਹਰਚਰਨ ਸਿੰਘ ਬਰਾੜ, ਨਰਸਿੰਗ ਸਿਸਟਰ ਸੁਖਵਿੰਦਰ ਕੌਰ ਅਤੇ ਅਧਿਕਾਰੀ-ਕਰਮਚਾਰੀ ਮੌਜੂਦ ਸਨ।