ਪੰਜਾਬ ਦੇ ਰਾਜਪਾਲ ਵੱਲੋਂ 'ਦਿ ਪਾਥ ਟੂ ਵਨਨੈਸ' ਪੁਸਤਕ ਰਿਲੀਜ਼
ਲੁਧਿਆਣਾ, 23 ਮਈ : ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵਲੋਂ ਲਿਖੀ ਪੁਸਤਕ 'The Path to Oneness: Guru Nanak's Inclusive Vision' ਨੂੰ ਰਿਲੀਜ਼ ਕੀਤਾ। ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਦੀਆਂ ਵਿਸ਼ਵਵਿਆਪੀ ਸਿੱਖਿਆਵਾਂ, ਅਧਿਆਤਮਿਕ ਫ਼ਲਸਫੇ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਸਮਰਪਿਤ ਇੱਕ ਗੰਭੀਰ ਅਕਾਦਮਿਕ ਯਤਨ ਹੈ। ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਪੁਸਤਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਸਦਭਾਵਨਾ, ਮਨੁੱਖੀ ਏਕਤਾ ਅਤੇ ਮਾਨਵਤਾ ਦੇ ਸੰਦੇਸ਼ ਨੂੰ ਆਧੁਨਿਕ ਨੌਜਵਾਨ ਪੀੜ੍ਹੀ ਤੱਕ ਗੰਭੀਰਤਾ ਨਾਲ ਪਹੁੰਚਾਇਆ ਜਾਣਾ ਚਾਹੀਦਾ ਹੈ।
ਇਸ ਪੁਸਤਕ ਦਾ ਮੁਖਬੰਧ ਪਦਮ ਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ, ਚਾਂਸਲਰ, ਕੇਂਦਰੀ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਨੇ ਲਿਖਿਆ ਹੈ। ਡਾ. ਬੇਦੀ ਅਨੁਸਾਰ, ਇਹ ਪੁਸਤਕ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ ਆਧਿਆਤਮਿਕ ਵਿਚਾਰਾਂ ਰਾਹੀਂ ਇੱਕ ਬਹੁ-ਸੱਭਿਆਚਾਰਕ ਤੇ ਸਮਾਨਤਾਵਾਦੀ ਸੰਸਾਰ ਦੀ ਸਿਰਜਣਾ ਵੱਲ ਨਿਸਚਿਤ ਤੌਰ ਉੱਪਰ ਪ੍ਰੇਰਿਤ ਕਰਦੀ ਹੈ। ਇਸ ਪੁਸਤਕ ਦੇ ਬੈਕ ਕਵਰ ਉੱਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਦੇ ਸੰਯੁਕਤ ਸਕੱਤਰ ਡਾ. ਜੀ. ਐਸ. ਚੌਹਾਨ ਦੇ ਵਿਚਾਰ ਵੀ ਪ੍ਰਕਾਸ਼ਿਤ ਹਨ। ਉਨ੍ਹਾਂ ਦੇ ਅਨੁਸਾਰ, ਇਹ ਪੁਸਤਕ ਅਕਾਦਮਿਕ ਖੇਤਰ ਵਿੱਚ ਇੱਕ ਪ੍ਰੇਰਣਾਦਾਇਕ ਯੋਗਦਾਨ ਹੈ, ਜੋ ਲੇਖਕ ਦੇ ਵਿਚਾਰਾਂ ਦੀ ਪਾਰਦਰਸ਼ਤਾ ਅਤੇ ਸਮਝ ਦੀ ਡੂੰਘਾਈ ਨੂੰ ਬਾਖੂਬੀ ਉਜਾਗਰ ਕਰਦੀ ਹੈ।
ਇਸ ਪੁਸਤਕ ਦੇ ਲੇਖਕ ਡਾ. ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਏਕਤਾ, ਦਇਆ ਅਤੇ ਨਿਆਂ ਦੇ ਸਦੀਵੀ ਸੰਦੇਸ਼ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦਾ ਇਕ ਨਿਮਾਣਾ ਜਿਹਾ ਉੱਦਮ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਕਿਸੇ ਇਕ ਭਾਈਚਾਰੇ ਤੱਕ ਸੀਮਿਤ ਨਹੀਂ ਹਨ, ਬਲਕਿ ਸਾਰੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ। ਉਨ੍ਹਾਂ ਅਨੁਸਾਰ ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦੀ ਰੋਸ਼ਨੀ ਵਿਚ ਅੰਤਰ-ਧਰਮ ਸੰਵਾਦ, ਲਿੰਗ ਤੇ ਸਮਾਜਿਕ ਸਮਾਨਤਾ, ਅਤੇ ਨੈਤਿਕ ਪ੍ਰਸ਼ਾਸਨ ਦੀ ਸਥਾਪਨਾ ਕਰਨ ਵੱਲ ਇਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੀ ਹੈ। ਇਹ ਪੁਸਤਕ ਅਜਿਹੇ ਸਮੇਂ ਵਿੱਚ ਇੱਕ ਉਮੀਦ ਦੀ ਕਿਰਣ ਵਾਂਗ ਸਾਹਮਣੀ ਆਉਂਦੀ ਹੈ, ਜਦ ਧਾਰਮਿਕ ਅਸਹਿਣਸ਼ੀਲਤਾ, ਪਛਾਣ ਅਧਾਰਤ ਟਕਰਾਅ ਅਤੇ ਵਿਘਟਨ ਵਧ ਰਹੇ ਹਨ। ਇਹ ਰਚਨਾ ਖੋਜਾਰਥੀਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਸ਼ਾਂਤੀ, ਸਮਾਨਤਾ ਤੇ ਸਮਾਵੇਸ਼ ਲਈ ਕੰਮ ਕਰ ਰਹੇ ਹਰੇਕ ਵਿਅਕਤੀ ਲਈ ਇਕ ਕੀਮਤੀ ਸਰੋਤ ਸਾਬਤ ਹੋਣ ਦੀ ਸੰਭਾਵਨਾ ਰੱਖਦੀ ਹੈ।
ਇਸ ਮੌਕੇ ਉੱਤੇ ਡਾ. ਅਰਵਿੰਦਰ ਸਿੰਘ ਭੱਲਾ ਨੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ-ਚਾਂਸਲਰ ਡਾ. ਐਸ. ਪੀ. ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਹਨਾਂ ਦੇ ਮਾਰਗਦਰਸ਼ਨ ਅਤੇ ਉਤਸ਼ਾਹ ਨਾਲ ਹੀ ਇਹ ਪੁਸਤਕ ਦੀ ਸੰਪੂਰਨਤਾ ਸੰਭਵ ਹੋ ਸਕੀ। ਇਥੇ ਇਹ ਤੱਥ ਵਿਸ਼ੇਸ਼ ਤੌਰ ਉੱਪਰ ਜ਼ਿਕਰਯੋਗ ਹੈ ਕਿ ਡਾ. ਅਰਵਿੰਦਰ ਸਿੰਘ ਭੱਲਾ ਨੇ ਆਪਣੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਦੇ ਨਾਲ-ਨਾਲ ਖੁਦ ਨੂੰ ਅਕਾਦਮਿਕ ਖੋਜ ਕਾਰਜਾਂ ਪ੍ਰਤੀ ਵੀ ਸਮਰਪਿਤ ਕੀਤਾ ਹੋਇਆ ਹੈ। ਉਨ੍ਹਾਂ ਦੀਆਂ ਹੁਣ ਤੱਕ 21 ਪੁਸਤਕਾਂ ਅਤੇ 80 ਤੋਂ ਵੱਧ ਖੋਜ ਲੇਖ ਪ੍ਰਕਾਸ਼ਤ ਹੋ ਚੁਕੇ ਹਨ ਅਤੇ ਉਨ੍ਹਾਂ ਨੇ ਆਈ. ਸੀ. ਐਸ. ਐਸ. ਆਰ., ਨਵੀਂ ਦਿੱਲੀ ਦੇ ਸਹਿਯੋਗ ਨਾਲ ਦੋ ਖੋਜ ਪ੍ਰੋਜੈਕਟ ਵੀ ਸਫਲਤਾਪੂਰਕ ਪੂਰੇ ਕੀਤੇ ਹਨ।