ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਦੋ ਵਿਦਿਆਰਥੀਆਂ ਨੇ ਵੱਕਾਰੀ ਸਕਾਲਰਸ਼ਿਪ ਹਾਸਲ ਕੀਤਾ
ਲੁਧਿਆਣਾ 17 ਜੁਲਾਈ, 2025 - ਪੀ.ਏ.ਯੂ. ਦੇ ਵਿਦਿਆਰਥੀ ਗਗਨਦੀਪ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਨੂੰ ਭਾਰਤ ਸਰਕਾਰ ਦੀ ਸਾਇੰਟਫਿਕ ਅਤੇ ਇੰਡਸਟਰੀਅਲ ਰਿਸਰਚ ਕੌਂਸਲ ਵੱਲੋਂ ਵੱਕਾਰੀ ਸਕਾਲਰਸ਼ਿਪ ਦਿੱਤਾ ਗਿਆ ਹੈ। ਦੇਸ਼ ਦੇ ਕੱੁਲ 50 ਚੁੁਣੇ ਗਏ ਯੁੁਵਾ ਵਿਗਿਆਨੀਆਂ ਦੀ ਇੰਟਰਵਿਊ ਅਧਾਰਿਤ ਇਹ ਚੋਣ ਕੀਤੀ ਗਈ। ਗਗਨਦੀਪ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਇਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੀ ਐੱਚ ਡੀ (ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ) ਦੀ ਸਿੱਖਿਆ ਹਾਸਲ ਕਰ ਰਹੇ ਹਨ। ਡਾ. ਵਰਿੰਦਰ ਸਿੰਘ ਸੈਂਹਬੀ ਜਿਹੜੇ ਕਿ ਗਗਨਦੀਪ ਸਿੰਘ ਦੇ ਗਾਈਡ ਹਨ ਦੀ ਦੇਖਰੇਖ ਵਿਚ ਏ ਆਈ ਤੇ ਅਧਾਰਿਤ ਉਹ ਮਿਰਚਾਂ ਦੀ ਤੁੁੜਾਈ ਤੇ ਖੋਜ ਨੇਪਰੇ ਚਾੜ ਰਿਹਾ ਹੈ। ਇਸੇ ਤਰ੍ਹਾਂ ਡਾ. ਰਾਜੇਸ਼ ਗੋਇਲ ਦੀ ਨਿਗਰਾਨੀ ਹੇਠ ਦਵਿੰਦਰ ਸਿੰਘ ਹਰੇ ਛੋਲਿਆਂ ਦੀ ਮਸ਼ੀਨ ਦੁਆਰਾ ਤੁੜਾਈ ਕਰਨ ਹਿਤ ਖੋਜ ਕਰ ਰਿਹਾ ਹੈ।
ਇਸ ਸਕਾਲਰਸ਼ਿਪ ਅਧੀਨ ਗਗਨਦੀਪ ਸਿੰਘ ਅਤੇ ਦਵਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਸੀਨੀਅਰ ਰਿਸਰਚ ਫੈਲੋ ਚੁੁਣਿਆ ਗਿਆ ਹੈ। ਇਸ ਸਕਾਲਰਸ਼ਿਪ ਅਧੀਨ ਹਰ ਇੱਕ ਨੂੰ ਹਰ ਮਹੀਨੇ 42,000 ਰੁੁਪਏ ਤੋਂ ਇਲਾਵਾ ਸਲਾਨਾ 20,000 ਰੁੁਪਏ ਵੀ ਦਿੱਤੇ ਜਾਣਗੇ। ਇਹਨਾ ਦੋਹਾਂ ਵਿਦਿਆਰਥੀਆਂ ਨੇ ਬੀ ਟੈੱਕ ਅਤੇ ਐੱਮ ਟੈੱਕ ਦੀ ਸਿੱਖਿਆ ਪੀ ਏ ਯੂ ਲੁਧਿਆਣਾ ਤੋਂ ਹੀ ਹਾਸਲ ਕੀਤੀ ਹੈ। ਗਗਨਦੀਪ ਤੋਂ ਪਹਿਲਾਂ ਇਹ ਪੁੁਰਸਕਾਰ ਇਸ ਯੂਨੀਵਰਸਿਟੀ ਵਿਚ ਉਸਦੇ ਐਡਵਾਈਜ਼ਰ ਨੂੰ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਡਾ. ਮਨਜੀਤ ਸਿੰਘ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ, ਡਾ. ਐੱਮ ਆਈ ਐੱਸ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਗਗਨਦੀਪ ਅਤੇ ਦਵਿੰਦਰ ਦੇ ਇਸ ਵੱਕਾਰੀ ਸਕਾਲਰਸ਼ਿਪ ਹਾਸਲ ਕਰਨ ਦੀ ਉਪਲੱਬਧੀ ਤੇ ਵਧਾਈ ਦਿੱਤੀ ਅਤੇ ਆਸ ਜਤਾਈ ਕਿ ਭਵਿੱਖ ਵਿਚ ਅਜਿਹੇ ਹੋਰ ਪੁੁਰਸਕਾਰ ਵਿਦਿਆਰਥੀਆਂ ਦੀ ਝੋਲੀ ਪੈਣਗੇ।