ਪੰਜਾਬ 'ਚ ਨਸ਼ਾ ਇੱਕ ਗੰਭੀਰ ਸਮੱਸਿਆ ਬਣ ਚੁੱਕਾ! ਢਿੱਲੋਂ ਅਤੇ ਜਾਖੜ ਨੇ ਕਿਹਾ- ਭਾਜਪਾ ਕੱਢੇਗੀ ਨਸ਼ਾ ਵਿਰੋਧੀ ਯਾਤਰਾ
ਚੰਡੀਗੜ੍ਹ, 17 ਸਤੰਬਰ 2026- ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਨਸ਼ਾ ਵਿਰੋਧੀ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੰਜਾਬ ਭਾਜਪਾ ਆਗੂਆਂ ਕੇਵਲ ਢਿੱਲੋਂ ਅਤੇ ਸੁਨੀਲ ਜਾਖੜ ਨੇ ਨਸ਼ਿਆਂ ਕਾਰਨ ਆਪਣੇ ਪਰਿਵਾਰਕ ਮੈਂਬਰ ਗੁਆ ਚੁੱਕੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਇੱਕ ਗੰਭੀਰ ਸਮੱਸਿਆ ਬਣ ਚੁੱਕਾ ਹੈ ਅਤੇ ਕਈ ਪਰਿਵਾਰ ਇਸ ਕਾਰਨ ਆਪਣੇ ਪੁੱਤਰਾਂ, ਪਤੀਆਂ ਅਤੇ ਹੋਰ ਮੈਂਬਰਾਂ ਨੂੰ ਗੁਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਵਿੱਚ ਚਾਰ ਸਾਲ ਦੇ ਬੱਚੇ ਦੇ ਪਿਤਾ ਦੀ ਨਸ਼ੇ ਕਾਰਨ ਮੌਤ ਹੋਣ ਦੀ ਗੱਲ ਸਾਹਮਣੇ ਆਈ, ਜਦਕਿ ਤਰਨ ਤਾਰਨ ਵਿੱਚ ਇੱਕ ਨੌਜਵਾਨ ਵਿਆਹ ਤੋਂ ਕੁਝ ਸਮੇਂ ਬਾਅਦ ਨਸ਼ੇ ਦੀ ਲਪੇਟ ਵਿੱਚ ਆ ਗਿਆ। ਜਗਰਾਉਂ ਵਿੱਚ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਨਸ਼ੇ ਕਾਰਨ ਮੌਤ ਹੋਣ ਦਾ ਵੀ ਉਨ੍ਹਾਂ ਦਾਅਵਾ ਕੀਤਾ।
ਢਿੱਲੋਂ ਨੇ ਕਿਹਾ ਕਿ ਭਾਜਪਾ ਦੀ ਯਾਤਰਾ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਨਾਲ ਸੰਵਾਦ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਟੀਚਾ ਨਸ਼ਿਆਂ ਵਿਰੁੱਧ ਵਿਆਪਕ ਮੁਹਿੰਮ ਚਲਾਉਣਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਉਹ ਪੰਜਾਬ ਦੇ ਨਸ਼ਾ ਪੀੜਤ ਪਰਿਵਾਰਾਂ ਦਾ ਦੁੱਖ ਸਮਝਣ ਲਈ ਉਨ੍ਹਾਂ ਦੇ ਵਿਚਕਾਰ ਆਏ ਹਨ। ਉਨ੍ਹਾਂ ਅਬੋਹਰ-ਫਾਜ਼ਿਲਕਾ ਖੇਤਰ ਵਿੱਚ ਨਸ਼ਿਆਂ ਨਾਲ ਜੁੜੀਆਂ ਹਿੰਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ। ਜਾਖੜ ਨੇ ਕਿਹਾ ਕਿ ਨਸ਼ਾ ਕਿੱਥੇ ਵਿਕਦਾ ਹੈ, ਇਸ ਬਾਰੇ ਲੋਕਾਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਪੁਲਿਸ ਨੂੰ ਜਾਣਕਾਰੀ ਨਾ ਹੋਣ ਦੀ ਗੱਲ ਚਿੰਤਾਜਨਕ ਹੈ।
- Download Babushahi App
-
-