ਨਜਾਇਜ਼ ਗੋਦਾਮਾਂ 'ਤੇ ਵਿਭਾਗ ਦਾ ਸ਼ਿਕੰਜਾ: ਛਾਪੇਮਾਰੀ ਦੂਜੇ ਦਿਨ ਵੀ ਜਾਰੀ, ਦੋ ਖਿਲਾਫ਼ ਐਫ.ਆਈ.ਆਰ. ਦਰਜ
ਬਿਨਾਂ ਬਿੱਲਾਂ ਤੋਂ ਸਟੋਰ ਕੀਤੇ ਦਵਾਈਆਂ ਦੇ ਜ਼ਖੀਰੇ ਦਾ ਪਰਦਾਫਾਸ਼
ਜਗਰਾਉਂ, (ਦੀਪਕ ਜੈਨ): ਖੇਤੀਬਾੜੀ ਵਿਭਾਗ ਵੱਲੋਂ ਜਗਰਾਉਂ ਅੰਦਰ ਕਥਿਤ ਤੌਰ 'ਤੇ ਬਿਨਾਂ ਮਨਜ਼ੂਰੀ ਚੱਲ ਰਹੇ ਗੋਦਾਮਾਂ 'ਤੇ ਸ਼ਿਕੰਜਾ ਕੱਸਣ ਦੀ ਮੁਹਿੰਮ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੀ। ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਨੂੰ ਮੁੜ ਕਾਰਵਾਈ ਵਿੱਢਦਿਆਂ ਗੋਦਾਮਾਂ ਅੰਦਰ ਡੰਪ ਕੀਤੀਆਂ ਗਈਆਂ ਬਾਕੀ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਭਰੇ ਅਤੇ ਉਨ੍ਹਾਂ ਨੂੰ ਲੈਬਾਰਟਰੀ ਜਾਂਚ ਲਈ ਰਵਾਨਾ ਕਰ ਦਿੱਤਾ ਹੈ।
ਇਸ ਵੱਡੀ ਕਾਰਵਾਈ ਬਾਰੇ ਖੁਲਾਸਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ (ਲੁਧਿਆਣਾ) ਗੁਰਦੀਪ ਸਿੰਘ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਤੱਕ ਕਾਰਵਾਈ ਮੁਕੰਮਲ ਨਾ ਹੋਣ ਕਾਰਨ ਸ਼ੁੱਕਰਵਾਰ ਸਵੇਰੇ ਇਸ ਆਪ੍ਰੇਸ਼ਨ ਨੂੰ ਮੁੜ ਜਾਰੀ ਰੱਖਿਆ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਵੀ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਜਗਰਾਉਂ ਵਿਖੇ ਅਰਵਿੰਦ ਕੁਮਾਰ ਅਤੇ ਰਾਜੇਸ਼ ਕੁਮਾਰ ਦੇ ਖਿਲਾਫ਼ ਅਣਅਧਿਕਾਰਤ ਗੋਦਾਮਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਖੇਤੀ ਸਮੱਗਰੀ ਸਟੋਰ ਕਰਨ ਦੇ ਗੰਭੀਰ ਦੋਸ਼ਾਂ ਤਹਿਤ ਐਫ.ਆਈ.ਆਰ. (FIR) ਦਰਜ ਕਰ ਲਈ ਗਈ ਹੈ।
ਸੂਤਰਾਂ ਅਨੁਸਾਰ, ਇਸ ਮਾਮਲੇ ਵਿੱਚ ਕਈ ਵੱਡੀਆਂ ਬੇਨਿਯਮੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ ਜਦੋਂ ਸੰਬੰਧਿਤ ਫਰਮ ਦੇ ਸੰਚਾਲਕਾਂ ਤੋਂ ਸਟੋਰ ਕੀਤੇ ਸਮਾਨ ਦੇ ਬਿੱਲ ਅਤੇ ਅਧਿਕਾਰਤ ਦਸਤਾਵੇਜ਼ ਤਲਬ ਕੀਤੇ ਗਏ, ਤਾਂ ਉਨ੍ਹਾਂ ਵੱਲੋਂ ਹਰਿਆਣਾ ਅਤੇ ਹੋਰ ਬਾਹਰੀ ਸੂਬਿਆਂ ਦੇ ਮਹਿਜ਼ ਕੁਝ ਗਿਣਤੀ ਦੇ ਬਿੱਲ ਹੀ ਪੇਸ਼ ਕੀਤੇ ਜਾ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਬਰਾਮਦ ਕੀਤੀਆਂ ਗਈਆਂ ਜ਼ਿਆਦਾਤਰ ਦਵਾਈਆਂ ਦੇ ਪੁਖ਼ਤਾ ਬਿੱਲ ਫਰਮ ਅਜੇ ਤੱਕ ਵਿਭਾਗ ਨੂੰ ਮੁਹੱਈਆ ਨਹੀਂ ਕਰਵਾ ਸਕੀ ਹੈ, ਜੋ ਕਿ ਇਸ ਪੂਰੇ ਗੋਰਖਧੰਦੇ ਨੂੰ ਹੋਰ ਵੀ ਸ਼ੱਕੀ ਬਣਾਉਂਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਨੇ ਸਪੱਸ਼ਟ ਕੀਤਾ ਕਿ ਕਥਿਤ ਅਣਅਧਿਕਾਰਤ ਗੋਦਾਮਾਂ ਵਿੱਚ ਮਿਲੀਆਂ ਦਵਾਈਆਂ ਅਤੇ ਹੋਰ ਸਮੱਗਰੀ ਦੀ ਕਾਨੂੰਨੀ ਮਾਨਤਾ ਬਾਰੇ ਬਾਰੀਕੀ ਨਾਲ ਪੜਤਾਲ ਚੱਲ ਰਹੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਵਿਭਾਗ ਵੱਲੋਂ ਲਏ ਗਏ ਸੈਂਪਲਾਂ ਦੀ ਲੈਬ ਰਿਪੋਰਟ ਅਤੇ ਦਸਤਾਵੇਜ਼ਾਂ ਦੀ ਮੁਕੰਮਲ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ਼ ਅਗਲੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
- Download Babushahi App
-
-