ਡੇਰਾ ਸਿਰਸਾ ਵੱਲੋਂ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਖੂਨ ਦੀ ਤੋਟ ਨਾਂ ਆਉਣ ਦੇਣ ਦਾ ਅਹਿਦ
ਅਸ਼ੋਕ ਵਰਮਾ
ਬਠਿੰਡਾ , 15 ਜੂਨ 2026: ਡੇਰਾ ਸੱਚਾ ਸੌਦਾ ਸਿਰਸਾ ਨੇ ਵਿਸ਼ਵ ਖੂਨਦਾਨ ਦਿਵਸ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨ ਦੀ ਘਾਟ ਨਾਂ ਆਉਣ ਦੇਣ ਦਾ ਅਹਿਦ ਪ੍ਰਗਟਾਇਆ ਹੈ। ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਨੇ ਦੇਸ਼ ਭਰ ਅਤੇ ਵਿਦੇਸ਼ਾਂ ’ਚ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਨਿਯਮਤ ਖੂਨ ਪ੍ਰਦਾਨ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਸਾਧ ਸੰਗਤ ਸਮੇਂ-ਸਮੇਂ ’ਤੇ ਲੋੜ ਅਨੁਸਾਰ ਖੂਨਦਾਨ ਕਰੇਗੀ, ਇਹ ਯਕੀਨੀ ਬਣਾਏਗੀ ਕਿ ਕਿਸੇ ਵੀ ਮਰੀਜ਼ ਨੂੰ ਖੂਨ ਦੀ ਕਮੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹ ਮੁਹਿੰਮ ਦੀ ਸ਼ੁਰੂਆਤ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਅਤੇ ਪੰਜਾਬ ਦੇ ਪਟਿਆਲਾ ਸਥਿਤ ਡੇਰੇ ’ਚ ਖੂਨਦਾਨ ਕੈਂਪਾਂ ਰਾਹੀਂ ਕੀਤੀ ਗਈ।
ਜਾਣਕਾਰੀ ਅਨੁਸਾਰ ਪਟਿਆਲਾ ’ਚ 304 ਯੂਨਿਟ ਖੂਨਦਾਨ ਕੀਤਾ ਗਿਆ, ਜਿਨ੍ਹਾਂ ’ਚ ਸਰਕਾਰੀ ਰਜਿੰਦਰਾ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਨੇ 195 ਯੂਨਿਟ ਅਤੇ ਲਾਈਫ ਲਾਈਨ ਬਲੱਡ ਬੈਂਕ ਦੀ ਟੀਮ ਨੇ 109 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਡੇਰਾ ਸਿਰਸਾ ਮੁਖੀ ਨੇ ਖੂਨਦਾਨ ਨੂੰ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਦੱਸਦਿਆਂ ਕਿਹਾ ਕਿ ਥੈਲੇਸੀਮੀਆ ਵਰਗੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਆਪਣੀ ਸਾਰੀ ਜ਼ਿੰਦਗੀ ਲਗਾਤਾਰ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਅਕਸਰ ਸਮੇਂ ਸਿਰ ਖੂਨ ਨਾ ਮਿਲਣ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਡੇਰਾ ਪ੍ਰੇਮੀ ਇੰਨ੍ਹਾਂ ਮਰੀਜਾਂ ਦਾ ਸਹਾਰਾ ਬਣੇਗੀ ਅਤੇ ਲੋੜ ਪੈਣ ’ਤੇ ਤੁਰੰਤ ਖੂਨ ਮੁਹੱਈਆ ਕਰਵਾਇਆ ਜਾਏਗਾ।
ਡੇਰਾ ਮੁਖੀ ਨੇ ਡੇਰਾ ਪ੍ਰੇਮੀਆਂ ਨੂੰ ਥੈਲੇਸੀਮੀਆ ਦੇ ਮਰੀਜ਼ਾਂ ਦੀ ਸਹਾਇਤਾ ਸਿਰਫ਼ ਖੂਨਦਾਨੀਆਂ ਵਜੋਂ ਹੀ ਨਹੀਂ, ਸਗੋਂ ਰੱਖਿਅਕਾਂ ਤੇ ਪਰਿਵਾਰਕ ਮੈਂਬਰਾਂ ਵਜੋਂ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੇਖਭਾਲ ਤੇ ਸਹਾਇਤਾ ਇਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਕਦੇ ਵੀ ਇਕੱਲੇ ਮਹਿਸੂਸ ਨਾ ਕਰਨ। ਉਨ੍ਹਾਂ ਨੂੰ ਇਹ ਮਹਿਸੂਸ ਹੋਵੇ ਕਿ ਸਾਧ-ਸੰਗਤ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾ ਕੇ ਉਨ੍ਹਾਂ ਦੀ ਹਰ ਜ਼ਰੂਰਤ ਅਤੇ ਖੂਨ ਦੀ ਜ਼ਰੂਰਤ ਦੀ ਜ਼ਿੰਮੇਵਾਰੀ ਲੈ ਕੇ ਇੱਕ ਤਰ੍ਹਾਂ ਉਨ੍ਹਾਂ ਨੂੰ ਗੋਦ ਲੈ ਲਿਆ ਹੈ ਅਤੇ ਪੂਰਾ ਡੇਰਾ ਸੱਚਾ ਸੌਦਾ ਪਰਿਵਾਰ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਹਰੇਕ ਖੇਤਰ ’ਚ ਸਾਧ-ਸੰਗਤ ਦੀਆਂ ਵੱਖਰੀਆਂ ਖੂਨਦਾਨ ਟੀਮਾਂ ਬਣਾਈਆਂ ਜਾਣਗੀਆਂ।
ਡੇਰਾ ਸਿਰਸਾ ਮੁਖੀ ਨੇ ਖੁਲਾਸਾ ਕੀਤਾ ਕਿ ਇਹ ਟੀਮਾਂ ਆਪਣੇ ਖੇਤਰ ’ਚ ਥੈਲੇਸੀਮੀਆ ਦੇ ਮਰੀਜ਼ਾਂ ਦਾ ਡੇਟਾ ਇਕੱਠਾ ਕਰਨਗੀਆਂ ਤੇ ਉਨ੍ਹਾਂ ਨਾਲ ਨਿਯਮਤ ਸੰਪਰਕ ’ਚ ਰਹਿਣਗੀਆਂ। ਜਦੋਂ ਵੀ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਹੁੰਦੀ ਹੈ, ਤਾਂ ਟੀਮ ਦੇ ਮੈਂਬਰ ਤੁਰੰਤ ਖੂਨਦਾਨੀਆਂ ਦਾ ਪ੍ਰਬੰਧ ਕਰਨਗੇ ਤੇ ਸਹਾਇਤਾ ਪ੍ਰਦਾਨ ਕਰਨਗੇ। ਇਸ ਨਾਲ ਮਰੀਜ਼ਾਂ ਨੂੰ ਖੂਨ ਲਈ ਹਸਪਤਾਲਾਂ ਤੇ ਬਲੱਡ ਸੈਂਟਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਤੇ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹੁਣ ਤੱਕ 33 ਲੱਖ ਯੂਨਿਟ ਤੋਂ ਵੱਧ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਦੇ ਖੇਤਰ ’ਚ ਇੱਕ ਵਿਲੱਖਣ ਪਛਾਣ ਸਥਾਪਤ ਕੀਤੀ ਹੈ।
ਹਜ਼ਾਰਾਂ ਮਰੀਜ਼ਾਂ ਨੂੰ ਮਿਲੇਗਾ ਲਾਭ
ਥੈਲੇਸੀਮੀਆ ਇੱਕ ਜੈਨੇਟਿਕ ਖੂਨ ਦੀ ਬਿਮਾਰੀ ਹੈ, ਜਿਸ ਲਈ ਨਿਯਮਤ ਸਮੇਂ ’ਤੇ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ। ਇਹ ਪਹਿਲ ਹਜ਼ਾਰਾਂ ਮਰੀਜ਼ਾਂ ਨੂੰ ਰਾਹਤ ਦੇਵੇਗੀ। ਇਸ ਮੁਹਿੰਮ ਨੂੰ ਮਾਨਵਤਾ ਦੀ ਦਿਸ਼ਾ ’ਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ, ਜਿਸ ਨਾਲ ਦੇਸ਼ ਭਰ ਦੇ ਥੈਲੇਸੀਮੀਆ ਮਰੀਜ਼ਾਂ ਨੂੰ ਲੰਮੇ ਸਮੇਂ ਲਈ ਲਾਭ ਮਿਲੇਗਾ। ਇਸ ਨਵੀਂ ਪਹਿਲਕਦਮੀ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਿਆ ਗਿਆ ਜਿਸ ਦੀ ਮਿਸਾਲ ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ਵੱਲੋਂ ਖੂਨਦਾਨ ਕੈਂਪਾਂ ’ਚ ਉਤਸ਼ਾਹ ਨਾਲ ਹਿੱਸਾ ਲੈਣਾ ਹੈ। ਇਸ ਮੌਕੇ ਸੇਵਾਦਾਰਾਂ ਨੇ ਲਗਾਤਾਰ ਖੂਨਦਾਨ ਕਰਨ ਤੇ ਥੈਲੇਸੀਮੀਆ ਦੇ ਮਰੀਜ਼ਾਂ ਦੀ ਜ਼ਿੰਮੇਵਾਰੀ ਲੈਣ ਦਾ ਪ੍ਰਣ ਲਿਆ।
ਸ਼ਲਾਘਾਯੋਗ ਮੁਹਿੰਮ: ਸਿਹਤ ਮਾਹਿਰ
ਇਸ ਮੌਕੇ ਰਜਿੰਦਰਾ ਹਸਪਤਾਲ ਬਲੱਡ ਬੈਂਕ ਤੋਂ ਪੁੱਜੇ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮੁਹਿੰਮ ਤੋਂ ਬਹੁਤ ਪ੍ਰਭਾਵਿਤ ਹਨ ਜਿੰਨ੍ਹਾਂ ਕੁਝ ਹੀ ਸਮੇਂ ’ਚ ਬਲੱਡ ਬੈਂਕ ਦਾ ਕੋਟਾ ਪੂਰਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰਜਿੰਦਰਾ ਹਸਪਤਾਲ ’ਚ 42 ਬੱਚੇ ਥੈਲੇਸੀਮੀਆ ਤੋਂ ਪੀੜਤ ਹਨ, ਜਿਨ੍ਹਾਂ ਲਈ ਜਿੱਥੇ ਡੇਰਾ ਸ਼ਰਧਾਲੂ ਜ਼ਿੰਦਗੀ ਬਣੇ ਹਨ ਉੱਥੇ ਸਾਡੀ ਚਿੰਤਾ ਮਿਟ ਗਈ ਹੈ। ਉਨ੍ਹਾਂ ਕਿਹਾ ਕਿ ਉਹ ਹੋਰ ਵੀ ਕੈਂਪਾਂ ’ਚ ਖੂਨ ਇਕੱਤਰ ਕਰਨ ਲਈ ਜਾਂਦੇ ਹਨ, ਪਰ ਜੋ ਸੇਵਾ ਭਾਵਨਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵਿੱਚ ਹੈ, ਉਹ ਕਿਧਰੇ ਵੀ ਦੇਖਣ ਨੂੰ ਨਹੀਂ ਮਿਲੀ।
- Download Babushahi App
-
-