ਝੋਨੇ ਦੀ ਥਾਂ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਮਿਲੇਗੀ 7 ਹਜ਼ਾਰ ਪ੍ਰਤੀ ਏਕੜ ਮਾਲੀ ਸਹਾਇਤਾ : ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 13 ਮਈ 2025 : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋ ਫਸਲੀ-ਵਿਭਿੰਨਤਾ ਤਹਿਤ ਝੋਨੇ ਦੀ ਥਾਂ ‘ਤੇ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਨ ਲਈ ਜ਼ਿਲ੍ਹੇ ਦੀ ਪਾਇਲਟ ਪ੍ਰੋਜੈਕਟ ਅਧੀਨ ਚੋਣ ਕੀਤੀ ਗਈ ਹੈ। ਇਸੇ ਤਹਿਤ ਝੋਨੇ ਦੀ ਥਾਂ ‘ਤੇ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇ ਨਾਲ-ਨਾਲ 7 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੱਕੀ ਦੀ ਕਾਸ਼ਤ ਨੂੰ ਸਫਲ ਕਰਨ ਲਈ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ। ਜ਼ਿਲ੍ਹੇ ਵਿੱਚ ਜ਼ਿਆਦਾ ਰਕਬਾ ਨਰਮੇ ਦੀ ਕਾਸ਼ਤ ਹੇਠੋ ਨਿਕਲ ਕੇ ਝੋਨੇ ਹੇਠ ਆ ਗਿਆ ਹੈ ਪਰੰਤੂ ਜ਼ਮੀਨੀ ਪਾਣੀ ਦੀ ਕੁਆਲਿਟੀ ਮਾੜੀ ਹੋਣ ਕਰਕੇ ਝਾੜ ਵੀ ਘੱਟ ਮਿਲਦਾ ਹੈ ਤੇ ਜ਼ਮੀਨ ਤੇ ਵੀ ਮਾੜਾ ਅਸਰ ਪੈਂਦਾ ਹੈ।
ਜ਼ਿਲ੍ਹੇ ਵਿੱਚ 4 ਈਥਾਨੋਲ ਪਲਾਂਟ ਕੰਮ ਕਰਦੇ ਹੋਣ ਕਰਕੇ ਬਹੁਤ ਵੱਡੀ ਮਾਤਰਾ ਵਿੱਚ ਮੱਕੀ ਦੀ ਖਪਤ ਹੁੰਦੀ ਹੈ ਜੋ ਕਿ ਬਾਹਰਲੇ ਸੂਬਿਆਂ ਤੋ ਮੰਗਵਾਈ ਜਾਂਦੀ ਹੈ। ਇਸ ਤੋ ਇਲਾਵਾ ਪਸ਼ੂ ਖੁਰਾਕ ਅਤੇ ਪੋਲਟਰੀ ਫੀਡ ਵਿੱਚ ਵੀ ਮੱਕੀ ਦੀ ਵਰਤੋ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਦੀ ਯੋਜਨਾ ਤਹਿਤ ਬਠਿੰਡਾ ਜ਼ਿਲ੍ਹੇ ਵਿੱਚ ਇਸ ਸਾਉਣੀ ਦੌਰਾਨ 2500 ਹੈਕਟੇਅਰ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਵਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਇੰਸਦਾਨਾਂ ਵੱਲੋ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਦੇ ਅਧਿਕਾਰੀਆਂ⁄ਕਰਮਚਾਰੀਆਂ ਅਤੇ ਕਿਸਾਨ ਮਿੱਤਰਾਂ ਨੂੰ ਮੱਕੀ ਦੀ ਕਾਸ਼ਤ ਸਬੰਧੀ ਅਹਿਮ ਨੁਕਤਿਆਂ ਬਾਰੇ ਟਰੇਨਿੰਗ ਦਿੱਤੀ ਗਈ ਜੋ ਕਿ ਅੱਗੇ ਕਿਸਾਨਾਂ ਨਾਲ ਤਾਲਮੇਲ ਕਰਕੇ ਮੱਕੀ ਦੀ ਬਿਜਾਈ ਨੂੰ ਉਤਸ਼ਾਹਿਤ⁄ਪ੍ਰੇਰਿਤ ਕਰਨਗੇ। ਮੱਕੀ ਦੀ ਬਿਜਾਈ ਮਈ ਦੇ ਅਖੀਰਲੇ ਹਫਤੇ ਤੋਂ ਜੂਨ ਦੇ ਆਖੀਰ ਤੱਕ ਕੀਤੀ ਜਾ ਸਕਦੀ ਹੈ, ਜੋ ਵੀ ਕਿਸਾਨ ਮੱਕੀ ਦੀ ਬਿਜਾਈ ਕਰਨ ਦੇ ਚਾਹਵਾਨ ਹਨ, ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਬਠਿੰਡਾ ਦੇ ਬਲਾਕ⁄ਜ਼ਿਲ੍ਹਾ ਦਫਤਰ ਨਾਲ ਤਾਲਮੇਲ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡ ਪੱਧਰ ‘ਤੇ ਲਗਾਏ ਜਾ ਰਹੇ ਕੈਂਪਾਂ ਵਿੱਚ ਵੱਧ ਤੋ ਵੱਧ ਸ਼ਮੂਲੀਅਤ ਕਰਨ ਤੇ ਲੋੜ ਅਨੁਸਾਰ ਬਲਾਕ⁄ਜ਼ਿਲ੍ਹਾ ਦਫਤਰ ਨਾਲ ਸੰਪਰਕ ਕਰ ਸਕਦੇ ਹਨ।