ਜਿਉਂਦ ਜ਼ਮੀਨ ਮਾਮਲਾ: ਕਿਸਾਨਾਂ ਵੱਲੋਂ ਪਿੰਡ ਵਿੱਚ ਜਬਰਦਸਤ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਰਾਮਪੁਰਾ,23 ਮਈ 2025 :ਪਿੰਡ ਜਿਉਂਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਲੱਗੇ ਜਮੀਨ ਬਚਾਓ ਮੋਰਚੇ ਦੇ ਅੱਜ ਛੇਵੇਂ ਦਿਨ ਵੀ ਰੋਜਾਨਾ ਦੀ ਤਰ੍ਹਾਂ ਸਵੇਰੇ ਪਿੰਡ ਵਿੱਚ ਮੁਜ਼ਾਹਰਾ ਕੀਤਾ ਗਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਪਿੰਡ ਜਿਉਂਦ ਦੇ ਮੁਜਾਰੇ ਕਿਸਾਨ ਪਟਿਆਲਾ ਰਿਆਸਤ ਦੇ ਰਾਜੇ ਦੇ ਸ਼ਾਹੀ ਫਰਮਾਨ, ਹਾਈਕੋਰਟ ਦੇ 1972 ਦੇ ਫੈਸਲੇ ਅਤੇ ਭਾਰਤ ਦੇ ਸੰਵਿਧਾਨ ਦੀਆਂ ਧਾਰਾਵਾਂ ਵਿੱਚ ਮਾਲਕੀ ਹੱਕ ਦਰਜ ਹੋਣ ਮੁਤਾਬਕ ਇਹ ਮੁਜਾਰੇ ਕਿਸਾਨ ਪੂਰੀ ਜਮੀਨ ਦੇ ਮਾਲਕ ਬਣਦੇ ਹਨ ਪਰ ਸਰਕਾਰਾਂ ਦੀਆਂ ਚੋਰ ਮੋਰੀਆਂ ਕਾਰਨ ਇਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਗਏ। ਇਸ ਬਾਰੇ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਸਬੰਧੀ ਬਠਿੰਡਾ ਦੇ ਏਡੀਸੀ ਨੇ ਪ੍ਰੈਸ ਦੇ ਰੂਬਰੂ ਹੁੰਦਿਆਂ ਅਤੇ ਬਿਆਨ ਜਾਰੀ ਕਰਕੇ ਝੂਠ ਕਿਹਾ ਹੈ ਕਿ ਪਿੰਡ ਦੇ ਕਿਸਾਨਾਂ ਨਾਲ ਹੀ ਪਿੰਡ ਦੇ ਕਿਸਾਨਾਂ ਦਾ ਮਸਲਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਜਗੀਰਦਾਰਾਂ ਵੱਲੋਂ ਅਦਾਲਤ ਵਿੱਚੋਂ ਸਰਕਾਰਾਂ ਦੀਆਂ ਚੋਰ ਮੋਰੀਆਂ ਕਾਰਨ ਆਪਣੇ ਹੱਕ ਵਿੱਚ ਫੈਸਲਾ ਕਰਵਾਇਆ ਹੈ ਅਤੇ ਪਿੰਡ ਦੇ ਕਿਸਾਨਾਂ ਨੂੰ ਕਾਨੂੰਨੀ ਹੱਕ ਤੋਂ ਵਾਂਝਾ ਕੀਤਾ ਗਿਆ ।
ਉਹਨਾਂ ਕਿਹਾ ਕਿ ਇਹਨਾਂ ਜਗੀਰਦਾਰਾਂ ਕੋਲ ਪਹਿਲਾਂ ਹੀ ਜਾਇਦਾਦ ਹੈ ਉਸ ਨੂੰ ਭਾਰਤ ਦੇ " ਲੈਂਡ ਸੀਲਿੰਗ ਐਕਟ" ਦੀਆਂ ਧੱਜੀਆਂ ਉਡਾ ਕੇ, ਜਿਸ ਨੂੰ ਬਠਿੰਡਾ ਦੇ ਡੀਸੀ ਵੀ ਮੰਨਦੇ ਹਨ ਕਿ ਸਾਡੇ 17 ਏਕੜ ਤੋਂ ਵੱਧ ਜਮੀਨ ਕਿਸੇ ਨਾਮ ਨਹੀਂ ਕੀਤੀ ਜਾ ਸਕਦੀ, ਪਰ ਸਰਕਾਰੇ ਦਰਬਾਰੇ ਉਹਨਾਂ ਦੀ ਪਹੁੰਚ ਕਰਕੇ ਉਸ ਨੂੰ 100 ਏਕੜ ਦਾ ਮਾਲਕ ਬਣਾਉਣ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਪੁਲਿਸ ਦੇ ਜੋਰ ਡਰੋਨ ਰਾਹੀਂ ਪਿੰਡ ਦੀ ਨਿਸ਼ਾਨਦੇਹੀ ਕਰਕੇ ਮਾਲਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।ਉਨ੍ਹਾਂ ਕਿਹਾ ਕਿ ਜੋ ਪਿੰਡ ਦੇ ਕਿਸਾਨ ਦਾ ਮਸਲਾ ਹੈ ਉਹ ਵੀ ਉਸ ਕਿਸਾਨ ਨੇ ਬਿਨਾਂ ਕਿਸੇ ਜਮੀਨ ਦੀ ਨਿਸ਼ਾਨਦੇਹੀ ਤੇ ਕਬਜ਼ੇ ਤੋਂ ਕਿਸੇ ਜਗੀਰਦਾਰ ਤੋਂ ਸਿਰਫ ਮਾਲਕੀ ਹੱਕ ਦੇ ਅਧਾਰ ਤੇ ਸਸਤੇ ਭਾਅ ਖਰੀਦੀ ਹੈ, ਜਿਸ ਨੂੰ ਉਸ ਨੇ ਹਥਿਆਰਬੰਦ ਵਿਅਕਤੀ ਲਿਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਜਿਸ ਦੌਰਾਨ ਮੁਜਾਰੇ ਕਿਸਾਨ ਜਖਮੀ ਹੋ ਗਏ ਸਨ।
ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਨਵੇਂ ਆਰਥਿਕ ਸੁਧਾਰਾਂ ਦੇ ਨਾਂ ਤੇ ਕੇਂਦਰ ਤੇ ਪੰਜਾਬ ਸਰਕਾਰ ਦੇਸ਼ ਦੀ ਜਮੀਨ, ਜਲ,ਜੰਗਲ ਅਤੇ ਦੇਸ਼ ਦੇ ਕੀਮਤੀ ਖਜ਼ਾਨੇ ਕਾਰਪਰੇਟਾਂ ਨੂੰ ਸੰਭਾਉਣਾ ਚਾਹੁੰਦੀ ਹੈ ਜਿਸ ਦਾ ਵਿਰੋਧ ਕਰ ਰਹੇ ਲੋਕਾਂ ਤੇ ਪੁਲਿਸ ਫੌਜ ਦੁਆਰਾ ਜਬਰ ਢਾਹਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਚੜਿਆ ਕਰਜਾ ਜਦੋਂ ਕਿਸਾਨਾਂ ਤੋਂ ਵਾਪਸ ਨਾ ਹੋਇਆ ਤਾਂ ਅਦਾਲਤ ਦੇ ਹੁਕਮਾਂ ਰਾਹੀਂ ਜਮੀਨ ਦੀ ਕੁਰਕੀ ਕਰਕੇ ਬੈਂਕ ਅਤੇ ਸੂਦਖੋਰਾਂ ਰਾਹੀ ਜਮੀਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਸਰਕਾਰ ਦਾ ਜਮੀਨ ਤੇ ਸਿੱਧਾ ਹਮਲਾ ਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦੇ ਖਿਲਾਫ ਸੰਘਰਸ਼ ਜਾਰੀ ਰਹੇਗਾ।
ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਅਤੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਨੇ ਪਿਛਲੇ ਦਿਨੀ ਸੰਗਰੂਰ ਵਿਖੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਮੀਨ ਪ੍ਰਾਪਤੀ ਲਈ ਲੜੇ ਜਾ ਰਹੇ ਘੋਲ ਤੇ ਅੰਨਾ ਤਸ਼ੱਦਦ ਕਰਕੇ ਔਰਤ ਮਰਦਾਂ ਨੂੰ ਜੇਲ੍ਹਾਂ ਅੰਦਰ ਡੱਕਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਇਹ ਆਪਦੇ ਹੱਥ ਕੰਡੇ ਵਰਤਨ ਤੋਂ ਬਾਜ ਆਵੇ ਤੇ ਮਜ਼ਦੂਰਾਂ ਦੀ ਬਾਜ਼ਵੀਅਤ ਤੇ ਮਜ਼ਦੂਰਾਂ ਦੀ ਮੇਜ ਤੇ ਬਹਿ ਕੇ ਗੱਲ ਸੁਣ ਕੇ ਉਹਨਾਂ ਦੀਆਂ ਮੰਗਾ ਮੰਨੇ । ਅੱਜ ਦੇ ਇਕੱਠ ਵਿੱਚ ਬਿੱਟੂ ਮੱਲਣ, ਬਲਵਿੰਦਰ ਸਿੰਘ, ਰਾਮ ਸਿੰਘ ਕੋਟ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਹਰਿੰਦਰ ਬਿੰਦੂ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਪਿੱਥੋ, ਨਛੱਤਰ ਸਿੰਘ ਢੱਡੇ ,ਬੂਟਾ ਸਿੰਘ ਬੱਲ੍ਹੋ ਗੁਲਾਬ ਸਿੰਘ ਜਿਉਦ ਆਦਿ ਹਾਜ਼ਰ ਸਨ ।