ਜਮਹੂਰੀ ਅਧਿਕਾਰ ਸਭਾ ਵੱਲੋਂ ਨਸ਼ਾ ਤਸਕਰ ਦਾ ਘਰ ਢਾਹੁਣ ਨੂੰ ਸਟਰੀਟ ਜਸਟਿਸ ਕਰਾਰ
ਅਸ਼ੋਕ ਵਰਮਾ
ਬਠਿੰਡਾ,18 ਮਈ2025: ਜਮਹੂਰੀ ਅਧਿਕਾਰ ਸਭਾ ਨੇ ਬੀੜ ਤਲਾਅ ਦੇ ਇੱਕ ਨਸ਼ਾ ਤਸਕਰ ਦਾ ਘਰ ਢਾਹੁਣ ਸਬੰਧੀ ਪੁਲਿਸ ਦੀ ਕਾਰਵਾਈ ਨੂੰ ਸਟਰੀਟ ਜਸਟਿਸ ਕਰਾਰ ਦਿੱਤਾ ਹੈ। ਸਭਾ ਤੇ ਇਸ ਸਬੰਧ ਵਿੱਚ ਇੱਕ ਪੜਤਾਲੀ ਕਮੇਟੀ ਬਣਾਈ ਸੀ ਜਿਸ ਵਿੱਚ ਪ੍ਰਿੰਸੀਪਲ ਰਣਜੀਤ ਸਿੰਘ, ਸੁਦੀਪ ਸਿੰਘ, ਮੰਦਰ ਜੱਸੀ, ਪ੍ਰਿਤਪਾਲ ਸਿੰਘ ਸ਼ਾਮਲ ਸਨ ਜਦੋਂਕਿ ਐਡਵੋਕੇਟ ਕੰਵਲਜੀਤ ਕੁਟੀ ਹੋਰ ਨੇ ਸਹਿਯੋਗ ਦਿੱਤਾ। ਜਮਹੂਰੀ ਅਧਿਕਾਰ ਸਭਾ ਦੀ ਬਠਿੰਡਾ ਇਕਾਈ ਦੀ ਪੜਤਾਲ ਰਿਪੋਰਟ ਨੂੰ ਅੱਜ ਇੱਥੇ ਰਿਲੀਜ਼ ਕਰਦਿਆਂ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਕੱਤਰ ਸੁਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ.ਅਜੀਤਪਾਲ ਸਿੰਘ ਨੇ ਦੱਸਿਆ ਕਿ ਆਪਣੀ ਪੜਤਾਲ ਪਿੱਛੋਂ ਸਭਾ ਇਸ ਨਤੀਜੇ ਤੇ ਪਹੁੰਚੀ ਹੈ ਕਿ ਸੂਰਜ ਨਾਮ ਦੇ ਜਿਸ ਵਿਅਕਤੀ ਦਾ ਘਰ ਢਾਹਿਆ,ੳਹ ਉਸ ਦੀ ਮਾਲਕੀ ਵਾਲੀ ਜ਼ਮੀਨ ਨਹੀਂ ਬਲਕਿ ਉਸ ਦੀ ਪਤਨੀ ਨੇ ਇਹ ਜਮੀਨ ਇਸ ਦੇ ਕਾਸ਼ਤਕਾਰ ਤੋਂ ਖਰੀਦੀ ਹੈ।
ਸਭਾ ਅਨੁਸਾਰ ਪਿੰਡ ਦੀ ਸਾਰੀ ਜਮੀਨ ਦੀ ਮਾਲਕੀ ਪੰਜਾਬ ਸਰਕਾਰ ਦੇ ਨਾਮ ਹੈ ਅਤੇ 1947 ਵੇਲੇ ਪਾਕਿਸਤਾਨ ਤੋਂ ਆਏ ਰਫਿਊਜੀ ਇਸ ਜਮੀਨ ਤੇ ਵਸ ਰਹੇ ਹਨ ਅਤੇ ਕਾਸ਼ਤ ਕਰ ਰਹੇ ਹਨ। ਇਸ ਲਈ ਜਮੀਨ ਦੀਆ ਰਜਿਸਟਰੀਆਂ ਨਹੀਂ ਹੁੰਦੀਆਂ ਪਰ ਲੋਕ ਗੈਰ-ਰਸਮੀ ਲਿਖਤ ਕਰਕੇ ਕਾਸ਼ਤ ਤਬਦੀਲ ਕਰ ਲੈਂਦੇ ਹਨ। ਪ੍ਰਸ਼ਾਸਨ ਨੇ ਮਕਾਨ ਢਾਹੁਣ ਤੋਂ ਪਹਿਲਾਂ ਕਾਸ਼ਤਕਾਰ ਨੂੰ ਕਬਜਾ ਹਟਾਉਣ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਤੇ ਨਾਂ ਕੋਈ ਨੋਟਿਸ ਦਿੱਤਾ ਤੇ ਨਾਂਹੀ ਪੰਚਾਇਤ ਨੂੰ ਦੱਸਿਆ ਗਿਆ। ਸਭਾ ਅਨੁਸਾਰ ਸੂਰਜ ਨੂੰ ਨਸ਼ਾ ਤਸਕਰੀ ਦੇ ਕਿਸੇ ਮਾਮਲੇ ’ਚ ਹਾਲੇ ਤੱਕ ਸਜਾ ਨਹੀਂ ਹੋਈ ਅਤੇ ਕਿਸੇ ਅਦਾਲਤ ਨੇ ਉਸਦੀ ਜਾਇਦਾਦ ਨੂੰ ਨਸ਼ਾ ਤਸਕਰੀ ਤੋਂ ਜਾਇਦਾਦ ਬਣਾਏ ਜਾਣ ਸਬੰਧੀ ਕੋਈ ਕੁਰਕੀ ਦਾ ਹੁਕਮ ਨਹੀਂ ਕੀਤਾ ਹੈ ਬਲਕਿ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਕਾਰਵਾਈ ਕੀਤੀ ਹੈ। ਅਗਰ ਸੂਰਜ ਦੇ ਨਸ਼ਾ ਤਸਕਰੀ ਸਬੰਧੀ ਪ੍ਰਸ਼ਾਸਨ ਪਾਸ ਪੁਖਤਾ ਸੂਚਨਾ ਜਾਂ ਸਬੂਤ ਸਨ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ।
ਸਭਾ ਆਗੂਆਂ ਅਨੁਸਾਰ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ “ਸਟਰੀਟ ਜਸਟਿਸ”ਦੀ ਕਾਰਵਾਈ ਹੈ ਜਿਸ ਨਾਲ ਕਾਨੂੰਨੀ ਪ੍ਰਕਿਰਿਆ ਉਲੰਘ ਕੇ ਮਨਮਰਜੀ ਕਰਨ ਦਾ ਰਸਤਾ ਖੋਹਲਿਆ ਗਿਆ ਹੈ ਜਿਸਦੇ ਗੰਭੀਰ ਨਤੀਜੇ ਪੰਜਾਬ ਦੇ ਲੋਕਾਂ ਨੂੰ ਭੁਗਤਣੇ ਪੈਣਗੇ। ਸਭਾ ਆਗੂਆਂ ਮੁਤਾਬਕ ਘਰ ਢਾਹੁਣ ਦੀ ਅਜਿਹੀ ਕਾਰਵਾਈ ਯੂਪੀ ਸਰਕਾਰ ਦੇ ਬੁਲਡੋਜਰ ਰਾਜ ਦੀ ਯਾਦ ਦੁਆਉਂਦੀ ਹੈ ਜਿਸ ਤਹਿਤ ਉਹ ਘਰਾਂ ’ਤੇ ਬਲਡੋਜ਼ਰ ਫੇਰ ਕੇ ਲੋਕਾਂ ਤੇ ਪੁਲਿਸ ਰਾਜ ਮੜ੍ਹ ਰਹੀ ਹੈ। ਸੂਰਜ ਦਾ ਘਰ ਢਾਹੁਣ ਦੇ ਜਿੰਮੇਵਾਰ ਪੁਲਿਸ ਤੇ ਪ੍ਰਸ਼ਾਸਨ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਨ, ਗੈਰ-ਕਾਨੂੰਨੀ ਤਰੀਕੇ ਨਾਲ ਘਰ ਢਾਹੁਣ ਕਾਰਣ ਹੋਏ ਨੁਕਸਾਨ ਲਈ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਤੋਂ ਇਲਾਵਾ ਨਸ਼ਿਆਂ ਦੇ ਅਦੀਆਂ ਦਾ ਇਲਾਜ ਕਰਵਾਉਣ ਤੇ ਬੇਰੁਜ਼ਗਾਰਾਂ ਨੂੰ ਰੁਜਗਾਰ ਦੇਣ ਦੀ ਮੰਗ ਕੀਤੀ ਹੈ॥