ਗੁਰਦਾਸਪੁਰ ਪਹੁੰਚੀ ਕੇਂਦਰੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਦਾ ਵੱਡਾ ਬਿਆਨ ...
ਕਿਹਾ, ਹੜ ਨਾਲ ਕਰਤਾਰਪੁਰ ਕੋਰੀਡੋਰ ਨੂੰ ਪਹੁੰਚੇ ਨੁਕਸਾਨ ਨੂੰ ਸਹੀ ਕਰਵਾਉਣਾ ਕੇਂਦਰ ਸਰਕਾਰ ਦੀ ਜਿੰਮੇਵਾਰੀ, ਲੋਕਾਂ ਦੇ ਹੋਏ ਨੁਕਸਾਨ ਦੀ ਵੀ ਭਰਪਾਈ ਕਰੇਗੀ ਕੇਂਦਰ ਸਰਕਾਰ
ਰੋਹਿਤ ਗੁਪਤਾ
ਗੁਰਦਾਸਪੁਰ : ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਮਕੌੜਾ ਪੱਤਣ ਦਾ ਦੌਰਾ ਕੀਤਾ ਅਤੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਉਹਨਾਂ ਨੇ ਗੁਰਦਾਸਪੁਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਹੜ ਦੇ ਨਾਲ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਅਤੇ ਹੜ ਦੇ ਪਾਣੀ ਨਾਲ ਕਰਤਾਰਪੁਰ ਕੋਰੀਡੋਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਕਰਤਾਰਪੁਰ ਕੋਰੀਡੋਰ ਕੇਂਦਰ ਸਰਕਾਰ ਵੱਲੋਂ ਹੀ ਬਣਾਇਆ ਗਿਆ ਸੀ ਅਤੇ ਜੋ ਹੂਨ ਉਸਨੂੰ ਨੁਕਸਾਨ ਪਹੁੰਚਿਆ ਹੈ ਉਸ ਨੁਕਸਾਨ ਨੂੰ ਸਹੀ ਕਰਨਾ ਵੀ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਜਰੂਰ ਸਹੀ ਕਰਵਾਵੇਗੀ।
ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਿਸ ਵਿੱਚ ਕਈ ਲੋਕਾਂ ਦੀਆਂ ਜਾਨਾਂ ਗਈਆਂ, ਕਈ ਜਾਨਵਰ ਵਹਿ ਗਏ ਅਤੇ ਕਈ ਲੋਕਾਂ ਦੇ ਘਰ ਤਬਾਹ ਹੋ ਗਏ। ਇਹ ਘਟਨਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਭਾਜਪਾ ਪ੍ਰਭਾਵਿਤ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ 1600 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਕੋਲੋਂ ਪਹਿਲਾਂ ਹੀ 12 ਹਜਾਰ ਕਰੋੜ ਰੁਪਏ ਪਏ ਹੋਏ ਹਨ ਪਰ ਪੰਜਾਬ ਸਰਕਾਰ ਨੇ ਉਹ ਖਰਚ ਹੀ ਨਹੀਂ ਕੀਤੇ। ਜਿਸ ਕਰਕੇ ਅੱਜ ਇਹ ਹਾਲਾਤ ਹੋਏ ਹਨ ਅਤੇ ਪੰਜਾਬ ਸਰਕਾਰ ਆਪਣੀਆਂ ਗਲਤੀਆਂ ਨੂੰ ਹੁਣ ਕੇਂਦਰ ਸਰਕਾਰ ਦੇ ਸਿਰ ਮੜਨਾ ਚਾਹੁੰਦੀ ਹੈ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਤੌਰ ਤੇ ਵੀ ਹੜਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੀ ਹੈ ਤੇ ਸਰਵੇ ਤੋਂ ਬਾਅਦ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਏਗੀ।