ਗਾਜ਼ਾ ਵਿੱਚ ਬੱਚਿਆਂ ਦੀ ਹਾਲਤ ਵੇਖ ਤੜਫ਼ ਉੱਠਿਆ ਯੂਨੀਸੈਫ
ਗਾਜ਼ਾ, 12 ਜੁਲਾਈ, 2025:ਇਜ਼ਰਾਈਲ ਵੱਲੋਂ ਗਾਜ਼ਾ 'ਤੇ ਲਗਾਤਾਰ ਹਮਲੇ ਜਾਰੀ ਹਨ। ਭਾਵੇਂ ਕੁਝ ਸਮੇਂ ਲਈ ਹਮਲੇ ਰੁਕ ਜਾਂਦੇ ਹਨ, ਪਰ ਗਾਜ਼ਾ ਦੀਆਂ ਮੁਸ਼ਕਲਾਂ ਘੱਟ ਹੋਣ ਦੀ ਬਜਾਏ ਹੋਰ ਵਧ ਰਹੀਆਂ ਹਨ। ਜੰਗ ਕਾਰਨ ਹੋਈ ਤਬਾਹੀ ਤੋਂ ਬਾਅਦ, ਇਲਾਕੇ ਦੀ ਸਥਿਤੀ ਹਰ ਰੋਜ਼ ਵਿਗੜਦੀ ਜਾ ਰਹੀ ਹੈ। ਇਜ਼ਰਾਈਲੀ ਹਮਲਿਆਂ ਤੋਂ ਬਚੇ ਬੱਚੇ ਹੁਣ ਭੁੱਖਮਰੀ ਕਾਰਨ ਮੌਤ ਦੇ ਕੰਢੇ 'ਤੇ ਪਹੁੰਚ ਗਏ ਹਨ।
ਇਸ ਸਬੰਧੀ, ਸੰਯੁਕਤ ਰਾਸ਼ਟਰ ਦੀ ਏਜੰਸੀ UNRWA ਦੇ ਮੁਖੀ ਫਿਲਿਪ ਲਾਜ਼ਾਰੀਨੀ ਨੇ ਗਾਜ਼ਾ ਦੀ ਹਾਲਤ 'ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ “ਗਾਜ਼ਾ ਹੁਣ ਬੱਚਿਆਂ ਅਤੇ ਭੁੱਖੇ ਲੋਕਾਂ ਦਾ ਕਬਰਿਸਤਾਨ ਬਣ ਚੁੱਕਾ ਹੈ। ਇੱਥੇ ਲੋਕਾਂ ਕੋਲ ਸਿਰਫ ਦੋ ਵਿਕਲਪ ਹਨ – ਜਾਂ ਤਾਂ ਉਹ ਭੁੱਖਮਰੀ ਨਾਲ ਮਰ ਰਹੇ ਹਨ ਜਾਂ ਫਿਰ ਜੰਗ ਵਿੱਚ ਗੋਲੀ ਚਲਣ ਕਾਰਨ। ਇਹ ਸਾਡੀਆਂ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਤਬਾਹ ਕਰ ਰਿਹਾ ਹੈ।” ਉਨ੍ਹਾਂ ਨੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਇਸੇ ਤਰ੍ਹਾਂ, ਯੂਨੀਸੈਫ ਨੇ ਵੀ ਗਾਜ਼ਾ ਵਿੱਚ ਵਧ ਰਹੀ ਭੁੱਖਮਰੀ ਅਤੇ ਬੱਚਿਆਂ ਦੀ ਦੁਰਦਸ਼ਾ 'ਤੇ ਚਿੰਤਾ ਪ੍ਰਗਟ ਕੀਤੀ ਹੈ। ਅੰਤਰਰਾਸ਼ਟਰੀ ਏਜੰਸੀਆਂ ਲਗਾਤਾਰ ਚੇਤਾਵਨੀ ਦੇ ਰਹੀਆਂ ਹਨ ਕਿ ਜੇ ਹਾਲਾਤ ਨਹੀਂ ਬਦਲੇ, ਤਾਂ ਗਾਜ਼ਾ ਵਿੱਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।