ਗਲਾਸਗੋ: ਪੰਜ ਦਰਿਆ ਦੇ "ਮੇਲਾ ਬੀਬੀਆਂ ਦਾ" 'ਚ ਵਗਿਆ ਬੋਲੀਆਂ, ਗਿੱਧੇ ਦਾ ਦਰਿਆ
- ਮੋਹਨੀ ਬਸਰਾ ਤੇ ਸੁਨੀਤਾ ਮਹਿਮੀ ਦਾ ਵਿਸ਼ੇਸ਼ ਸਨਮਾਨ
ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ, 9 ਜੁਲਾਈ 2025 - ਸਕਾਟਲੈਂਡ ਦੀਆਂ ਸੰਸਥਾਨਾਂ ਵਿੱਚੋਂ ਮੋਹਰੀ ਬਣਕੇ ਵਿਚਰ ਰਹੇ ਪੰਜ ਦਰਿਆ ਅਦਾਰੇ ਵੱਲੋਂ ਸਾਲਾਨਾ ‘ਮੇਲਾ ਬੀਬੀਆਂ ਦਾ’ ਕਰਵਾ ਕੇ ਦੱਸ ਦਿੱਤਾ ਕਿ ਸਕਾਟਲੈਂਡ ਦੇ ਭਾਈਚਾਰੇ ਨੂੰ ਵੀ ਇੱਕ ਮੰਚ ’ਤੇ ਇਕੱਤਰ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਕੋਸ਼ਿਸ਼ਾਂ ਇਮਾਨਦਾਰ ਹੋਣ।
ਗਲਾਸਗੋ ਦੇ ਮੈਰੀਹਿਲ ਕਮਿਊਨਿਟੀ ਹਾਲ ਵਿਖੇ ਹੋਏ ਇਸ ਵੱਡੇ ਮੇਲੇ ‘ਮੇਲਾ ਬੀਬੀਆਂ ਦਾ’ ਵਿੱਚ ਸਕਾਟਲੈਂਡ ਦੇ ਦੂਰ ਦੂਰ ਕਸਬਿਆਂ ਤੋਂ ਵੀ ਬੀਬੀਆਂ ਵੱਲੋਂ ਸ਼ਿਰਕਤ ਕੀਤੀ ਗਈ। ਨਿਰੋਲ ਪਰਿਵਾਰਕ ਤੇ ਇੱਜ਼ਤਦਾਰ ਮਾਹੌਲ ਵਿੱਚ ਹੋਏ ਇਸ ਮੇਲੇ ਵਿੱਚ ਹਰ ਬੀਬੀ ਆਪੋ ਆਪਣੇ ਤੌਰ ’ਤੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਬਤੌਰ ਪ੍ਰਬੰਧਕ ਹੀ ਵਿਚਰਦੀ ਨਜ਼ਰ ਆਈ। ਢੋਲ ਦੀ ਤਾਲ ਛਿੜਨ ਦੀ ਦੇਰ ਹੀ ਸੀ ਕਿ ਗਿੱਧੇ ਤੇ ਬੋਲੀਆਂ ਦਾ ਦਰਿਆ ਵਗ ਤੁਰਿਆ।
ਬੀਬੀਆਂ ਨੇ ਲਾਈਵ ਬੋਲੀਆਂ ਪਾ ਕੇ ਆਪਣੇ ਦਿਲੀ ਗੁਬਾਰ ਤੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਆਪਣੇ ਅਮੀਰ ਸੱਭਿਆਚਾਰ ਦੇ ਦੀਦਾਰੇ ਕਰਵਾਏ। ਸਮਾਗਮ ਦੀ ਸ਼ੁਰੂਆਤ ਸ੍ਰੀਮਤੀ ਨਿਰਮਲ ਕੌਰ ਗਿੱਲ ਅਤੇ ਮਨੀਸ਼ਾ ਵੱਲੋਂ ਸਭ ਨੂੰ ਜੀ ਆਇਆਂ ਕਹਿਣ ਨਾਲ ਹੋਈ। ਇਸ ਉਪਰੰਤ ਬੋਲਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਮੇਲਾ ਬੀਬੀਆਂ ਦਾ ਨੂੰ ਸਫ਼ਲ ਬਣਾਉਣ ਲਈ ਹਰ ਸਹਿਯੋਗੀ ਤੇ ਸ਼ਾਮਲ ਬੀਬੀਆਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਇਰਾਦੇ ਨੇਕ ਅਤੇ ਨੀਅਤ ਸਾਫ਼ ਹੈ ਤਾਂ ਤੁਹਾਡੇ ’ਤੇ ਭਾਈਚਾਰੇ ਦੇ ਲੋਕਾਂ ਦਾ ਕੀਤਾ ਗਿਆ ਭਰੋਸਾ ਅਜਿਹੇ ਸਫ਼ਲ ਮੇਲੇ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਨਿਰਮਲ ਗਿੱਲ, ਬਲਜਿੰਦਰ ਸਰਾਏ, ਅੰਮ੍ਰਿਤ ਕੌਰ, ਰਵੀ ਮੂਕਰ, ਸੰਤੋਸ਼ ਸੂਰਾ, ਮਨੀਸ਼ਾ, ਅਮਰਦੀਪ ਜੱਸਲ, ਨੀਲਮ, ਪ੍ਰਭਜੋਤ ਸਰਾਏ, ਕਿਰਨ ਨਿੱਝਰ ਅਤੇ ਸੀਮਾ ਸੈਨੀ ਆਦਿ ਵੱਲੋਂ ਆਏ ਮਹਿਮਾਨਾਂ ਲਈ ਦਿੱਤੀਆਂ ਸੇਵਾਵਾਂ ਲਾਜਵਾਬ ਸਨ।
ਮੇਲੇ ਨੂੰ ਚਾਰ ਚੰਨ ਉਦੋਂ ਲੱਗੇ ਜਦੋਂ ਯੂਕੇ ਦੀ ਪ੍ਰਸਿੱਧ ਮੰਚ ਸੰਚਾਲਕਾ ਅਤੇ ਪੇਸ਼ਕਾਰਾ ਮੋਹਨੀ ਬਸਰਾ ਤੇ ਯੂਕੇ ਵਿੱਚ ਇੰਟਰਨੈਸ਼ਨਲ ਗਿੱਧਾ ਮੁਕਾਬਲਿਆਂ ਦੀ ਮੁੱਖ ਪ੍ਰਬੰਧਕ ਸੁਨੀਤਾ ਲਾਲ ਮਹਿਮੀ ਵੈਸਟ ਮਿਡਲੈਂਡਜ਼ ਤੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਪਹੁੰਚੇ। ਮੇਲਾ ਬੀਬੀਆਂ ਦਾ ਦੀ ਪ੍ਰਬੰਧਕ ਟੀਮ ਵੱਲੋਂ ਉਹਨਾਂ ਦੋਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਬੋਲਦਿਆਂ ਮੋਹਨੀ ਬਸਰਾ ਤੇ ਸੁਨੀਤਾ ਮਹਿਮੀ ਨੇ ਕਿਹਾ ਕਿ ਸਕਾਟਲੈਂਡ ਦੀ ਧਰਤੀ ’ਤੇ ਇੰਨਾ ਵੱਡਾ ਮੇਲਾ ਹੋ ਜਾਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਉਹਨਾਂ ਸਮੂਹ ਮੇਲਣਾਂ ਨੂੰ ਹਾਰਦਿਕ ਵਧਾਈ ਪੇਸ਼ ਕੀਤੀ।
ਮੇਲੇ ਦੀ ਖਾਸੀਅਤ ਇਹ ਵੀ ਰਹੀ ਕਿ ਸਥਾਨਕ ਬੀਬੀਆਂ ਵੱਲੋਂ ਵੱਡੀ ਪੱਧਰ ’ਤੇ ਬੋਲੀਆਂ, ਗੀਤ ਗਾਉਣ ਦੇ ਨਾਲ ਨਾਲ ਨ੍ਰਿਤ ਦੀ ਪੇਸ਼ਕਾਰੀ ਕਰਕੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਮਨਦੀਪ ਗਿੱਲ, ਮੀਨਾਕਸ਼ੀ, ਨਵ ਆਦਿ ਨੇ ਗੀਤਾਂ ਬੋਲੀਆਂ ਰਾਹੀਂ ਰੌਣਕ ਲਾਈ ਉਥੇ ਪ੍ਰਿਅੰਕਾ ਬਮਰਾਹ ਵੱਲੋਂ ਹਰਿਆਣਵੀ ਗੀਤ ਤੇ ਨ੍ਰਿਤ ਦੀ ਪੇਸ਼ਕਾਰੀ ਕਰਕੇ ਹਾਜ਼ਰੀਨ ਦੀ ਵਾਹ ਵਾਹ ਖੱਟੀ। ਹਰ ਕੋਈ ਪ੍ਰਿਅੰਕਾ ਬਮਰਾਹ ਦੀ ਵਾਹ ਵਾਹ ਕਰਦਾ ਨਜ਼ਰ ਆਇਆ।
ਪੰਜ ਦਰਿਆ ਤੇ ਮੇਲਾ ਬੀਬੀਆਂ ਦਾ ਟੀਮ ਵੱਲੋਂ ਮੋਹਨੀ ਬਸਰਾ ਤੇ ਸੁਨੀਤਾ ਲਾਲ ਮਹਿਮੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ।
ਇਸ ਸਮੇਂ ਯੂਰਪੀ ਪੰਜਾਬੀ ਸੱਥ ਵਾਲਸਾਲ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਮੁਫ਼ਤ ਪ੍ਰਦਰਸ਼ਨੀ ਵੀ ਲਗਾਈ ਗਈ।
ਸਕਾਟਲੈਂਡ ਵਿੱਚ ਮੇਲੇ ਜਾਂ ਸਮਾਗਮ ਤਾਂ ਬਹੁਤ ਹੁੰਦੇ ਹਨ ਪਰ ਆਮ ਲੋਕਾਂ ਵੱਲੋਂ ਕੀਤਾ ਗਿਆ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ ਇਹ ਮੇਲਾ ਆਪਣੀ ਵਿਲੱਖਣ ਛਾਪ ਛੱਡ ਗਿਆ।