ਕੇਂਦਰ ਤੇ ਸੂਬਾ ਸਰਕਾਰਾਂ ਵਿਰੁੱਧ ਬਿਜਲੀ ਕਾਮਿਆਂ ਦੀ ਇੱਕਜੁੱਟਤਾ ਨੇ ਦੇਸ਼ ਵਿਆਪੀ ਹੜਤਾਲ ਨੂੰ ਬਣਾਇਆ ਸਫਲ
- ਸੁੰਦਰ ਨਗਰ ਡਵੀਜਨ 'ਚ ਪੈਂਸ਼ਨਰਜ ਤੇ ਕੱਚੇ ਕਾਮਿਆਂ ਦੇ ਸਹਿਯੋਗ ਨਾਲ ਏਟਕ ਤੇ ਟੀਐਸਯੂ ਵੱਲੋਂ ਧਰਨਾ
ਰਵੀ ਜੱਖੂ
ਲੁਧਿਆਣਾ 9 ਜੁਲਾਈ 2025 - ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰੀਕਲ ਇੰਪਲਾਈਜ਼ ਅਤੇ ਇੰਜੀਨੀਅਰਜ਼ ਵੱਲੋਂ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਸੱਦੇ ਉੱਤੇ ਪਹਿਰਾ ਦਿੰਦਿਆਂ ਬਿਜਲੀ ਨਿਗਮ ਦੇ ਮੁਲਾਜਮਾਂ ਨੇ ਇੱਕਜੁਟਤਾ ਨਾਲ ਸਮੂਹਿਕ ਛੁੱਟੀਆਂ ਭਰਕੇ ਜੁਆਇੰਟ ਫੋਰਮ ਤੇ ਬਿਜਲੀ ਏਕਤਾ ਮੰਚ ਦੇ ਝੰਡੇ ਥੱਲੇ ਹੜਤਾਲ 'ਚ ਸ਼ਾਮਿਲ ਹੋ ਕੇ ਇਸਨੂੰ ਸਫਲ ਬਣਾਇਆ। ਸੁੰਦਰ ਨਗਰ ਡਵੀਜਨ 'ਚ ਦੋਵਾਂ ਵੱਡੇ ਧੜਿਆਂ ਦੇ ਸਾਂਝੇ ਧਰਨੇ 'ਚ ਪੈਂਸ਼ਨਰਜ ਅਤੇ ਕੱਚੇ ਕਾਮਿਆਂ ਨੇ ਵੀ ਸ਼ਮੂਲੀਅਤ ਕੀਤੀ। ਟੀਐਸਯੂ ਦੇ ਸੂਬਾ ਜੱਥੇਬੰਦਕ ਸਕੱਤਰ ਐਡੀਸ਼ਨਲ ਐਸਡੀਓ ਰਘਵੀਰ ਸਿੰਘ ਰਾਮਗੜ੍ਹ ਅਤੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਡਵੀਜਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਸਾਂਝੀ ਅਗਵਾਈ ਹੇਠ ਹੋਏ ਇਸ ਧਰਨੇ ਪ੍ਰਦਰਸ਼ਨ ਬਾਰੇ ਦੋਵਾਂ ਆਗੂਆਂ ਨੇ ਦੱਸਿਆ ਕਿ ਏਹ ਜਿੱਥੇ ਕੇਂਦਰ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਸੀ ਉੱਥੇ ਹੀ ਮੰਗਾਂ ਮੰਨ ਕੇ ਉਨ੍ਹਾਂ ਨੂੰ ਲਾਗੂ ਕਰਨ ਤੋਂ ਭੱਜੀ ਪੰਜਾਬ ਸਰਕਾਰ ਖਿਲਾਫ ਵੀ ਸੀ।
ਉਨ੍ਹਾਂ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੰਡੀਗੜ੍ਹ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਹੱਥਾਂ 'ਚ ਦਿੱਤਾ ਜਾ ਚੁੱਕਾ ਹੈ ਅਤੇ ਹੁਣ ਯੂਪੀ ਨੂੰ ਦੇਣ ਦੀ ਤਿਆਰੀ ਕਰ ਲਈ ਹੈ ਤੇ ਅਗਲੀ ਵਾਰੀ ਪੰਜਾਬ ਦੀ ਹੈ। ਇਸ ਦੇ ਰੋਸ ਵਜੋਂ ਸਮੁੱਚਾ ਬਿਜਲੀ ਕਾਮਾ ਛੁੱਟੀ ਭਰਕੇ ਹੜਤਾਲ 'ਚ ਕੁੱਦਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਬਿਜਲੀ ਮੁਲਾਜਮਾਂ ਨਾਲ ਸਬੰਧਿਤ ਮੰਗਾਂ 2 ਜੂਨ ਨੂੰ ਬਿਜਲੀ ਮੰਤਰੀ ਤੇ ਸੀਐਮਡੀ ਸਮੇਤ ਸਮੁੱਚੀ ਮੈਨੇਜਮੈਂਟ ਨੇ ਮੰਨ ਲਈਆਂ ਸਨ ਪਰ ਉਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਚੱਲਦਿਆਂ ਬਿਜਲੀ ਬੋਰਡ ਦੇ ਕਾਮੇਂ ਪਹਿਲਾਂ ਹੀ "ਵਰਕ ਟੂ ਰੂਲ" ਤਹਿਤ ਕੰਮ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜਿਸਦੇ ਅਗਲੇ ਪੜਾਅ ਤਹਿਤ ਜਿੱਥੇ ਜੋਨ, ਸਰਕਲ ਤੇ ਡਵੀਜਨ ਪੱਧਰ ਦੇ ਧਰਨੇ ਮੁਜਾਹਰੇ ਹਨ ਉੱਥੇ ਹੀ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਘੇਰਨ ਦਾ ਸਖਤ ਪ੍ਰੋਗਰਾਮ ਵੀ ਦੇ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਫੇਰ ਵੀ ਪੰਜਾਬ ਸਰਕਾਰ ਜਾਂ ਮੈਨੇਜਮੈਂਟ ਨੇ ਸਾਡੀ ਗੱਲ ਨਾ ਮੰਨੀ ਤਾਂ ਅਗਸਤ ਦੇ ਪਹਿਲੇ ਹਫਤੇ ਤੋਂ "ਕਲਮ ਤੇ ਔਜਾਰ ਛੋੜ" ਸਖਤ ਸੰਘਰਸ਼ ਸ਼ੁਰੂ ਹੋ ਜਾਵੇਗਾ ਜਿਸ ਚੋਂ ਨਿਕਲਣ ਵਾਲੇ ਸਿੱਟਿਆਂ ਲਈ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਜਿੰਮੇਵਾਰ ਹੋਵੇਗੀ। ਪੈਂਸ਼ਨਰਜ ਯੂਨੀਅਨ ਦੇ ਆਗੂ ਕੇਵਲ ਸਿੰਘ ਬਨਵੈਤ ਨੇ ਹੜਤਾਲ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕੱਚੇ ਕਾਮਿਆਂ ਨੂੰ ਪੱਕਾ ਕਰਨ ਅਤੇ ਪੁਰਾਣੈ ਪੈਂਸ਼ਨ ਨੂੰ ਬਹਾਲ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਧਰਮਿੰਦਰ, ਗੌਰਵ ਕੁਮਾਰ, ਇੰਜ ਜਗਤਾਰ ਸਿੰਘ, ਦੀਪਕ ਕੁਮਾਰ, ਅਵਤਾਰ ਸਿੰਘ (ਪ੍ਰਧਾਨ ਕੱਚੇ ਮੁਲਾਜਮ), ਕਮਲਦੀਪ ਸਿੰਘ, ਕਮਲਜੀਤ ਸਿੰਘ, ਧਰਮਪਾਲ, ਹਿਰਦੇ ਰਾਮ, ਸਰਤਾਜ ਸਿੰਘ, ਕੁਲਵਿੰਦਰ ਸਿੰਘ, ਸ਼ਿਵ ਕੁਮਾਰ, ਜੀਵਨ ਸਿੰਘ, ਜਸਵੀਰ ਸਿੰਘ, ਰਾਮੇਸ਼ ਕੁਮਾਰ, ਰੌਸਨ ਸਿੰਘ ਅਤੇ ਵੱਡੀ ਗਿਣਤੀ ਕੱਚੇ ਕਾਮੇ ਮੌਜੂਦ ਸਨ।