ਕਿਸਾਨ ਜਥੇਬੰਦੀਆਂ ਦਾ ਵਫ਼ਦ ਡਿਪਟੀ ਡਾਇਰੈਕਟਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਿਆ
ਗਹਿਲ ਵਿਖੇ ਪਸ਼ੂ ਡਿਸਪੈਂਸਰੀ ਵਿੱਚ ਤਾਇਨਾਤ ਡਾਕਟਰ ਖਿਲਾਫ਼ ਕਾਰਵਾਈ ਕਰਨ ਦੀ ਮੰਗ
ਅਸ਼ੋਕ ਵਰਮਾ
ਬਰਨਾਲਾ, 18 ਅਗਸਤ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਮਹਿਲ ਕਲਾਂ ਦੀ ਅਗਵਾਈ ਵਿੱਚ ਅਤੇ ਪਿੰਡ ਗਹਿਲ ਦੇ ਲੋਕਾਂ ਦਾ ਵਫ਼ਦ ਡਿਪਟੀ ਡਾਇਰੈਕਟਰ, ਬਰਨਾਲਾ ਨੂੰ ਕਰੀਬ ਚਾਰ ਮਹੀਨੇ ਪਹਿਲਾਂ ਦਿੱਤੇ ਮੰਗ ਪੱਤਰ ਸਬੰਧੀ ਮਿਲਿਆ। ਇਸ ਵਫ਼ਦ ਦੀ ਅਗਵਾਈ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਹਰਦਾਸਪੁਰਾ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਨੇ ਦੱਸਿਆ ਕਿ ਗਹਿਲ ਪਸ਼ੂ ਡਿਸਪੈਂਸਰੀ ਵਿੱਚ ਤਾਇਨਾਤ ਡਾਕਟਰ ਦੀ ਪਿੰਡ ਵਿੱਚੋਂ ਗੈਰ-ਹਾਜ਼ਰ ਰਹਿਣ ਦੀ ਸ਼ਿਕਾਇਤ ਕੀਤੀ ਸੀ ਅਤੇ ਲੋਕਾਂ ਨੂੰ ਪਸ਼ੂਆਂ ਦੇ ਇਲਾਜ ਸਬੰਧੀ ਆਉਂਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਸੀ।
ਇਸ ਸਬੰਧ ਵਿੱਚ ਜਥੇਬੰਦੀ ਅਤੇ ਪਿੰਡ ਵਾਸੀਆਂ ਨੇ ਡਾਕਟਰ ਦੀ ਗੈਰ-ਹਾਜ਼ਰੀ ਰਹਿਣ ਦੀ ਇੰਨਕੁਆਰੀ ਦੀ ਮੰਗ ਕੀਤੀ ਸੀ ਅਤੇ ਇੱਕ ਵਧੀਆ ਡਾਕਟਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਜਿਸ ਵਿੱਚ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਬਰਨਾਲਾ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਨਾ ਹੀ ਕੋਈ ਇਨਸਾਫ਼ ਨਹੀਂ ਮਿਲਿਆ ਹੈ। ਉਹ ਡਾਕਟਰ ਹੁਣ ਵੀ ਹਫਤੇ ਵਿੱਚ ਇੱਕ ਦੋ ਦਿਨਾਂ ਵਿੱਚ ਵੀ ਇੱਕ ਦੋ ਘੰਟੇ ਹੀ ਆਉਂਦਾ ਹੈ ਅਤੇ ਆਪਣੀ ਹਾਜ਼ਰੀ ਪੂਰੀ ਕਰਕੇ ਹਾਜ਼ਰੀ ਰਜਿਸ਼ਟਰ ਵੀ ਆਪਣੇ ਕੋਲ ਰੱਖਦਾ ਹੈ। ਹਸਪਤਾਲ ਵਿੱਚ ਕੰਮ ਕਰਨ ਲਈ ਉਸ ਡਾਕਟਰ ਵੱਲੋਂ ਇੱਕ ਪ੍ਰਾਇਵੇਟ ਵਿਅਕਤੀ ਰੱਖਿਆ ਗਿਆ ਹੈ। ਜੋ ਕਿ ਡਾਕਟਰੀ ਕੰਮ ਤੋਂ ਅਣਜਾਣ ਹੈ। ਜਿਸ ਕਾਰਨ ਪਸ਼ੂਆਂ ਦਾ ਨੁਕਸਾਨ ਹੁੰਦਾ ਹੈ। ਸਰਕਾਰ ਦੁਆਰਾ ਜੋ ਵੀ ਵੈਕਸੀਨ ਆਈ ਸੀ ਉਹ ਵੀ ਪ੍ਰਾਇਵੇਟ ਵਿਅਕਤੀ ਦੁਆਰਾ ਲਗਾਈ ਗਈ।
ਅੱਜ ਫਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂਆਂ ਅਗਵਾਈ ਵਿੱਚ ਪਿੰਡ ਵਾਸੀ ਫਿਰ ਡਿਪਟੀ ਡਾਇਰੈਕਟਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲੇ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਜੋ ਵੀ ਵਿਅਕਤੀ ਨੇ ਇਸ ਡਾਕਟਰ ਦੀ ਇਨਕੁਆਰੀ ਵਿੱਚ ਕੁਤਾਹੀ ਵਰਤੀ ਹੈ, ਉਸ ਤੇ ਵੀ ਕਾਰਵਾਈ ਕੀਤੀ ਜਾਵੇ ਅਤੇ ਡਾਕਟਰ ਜੋ ਇਹਨੇ ਟਾਈਮ ਤੋਂ ਗੈਰ-ਹਾਜ਼ਰ ਰਹਿ ਰਿਹਾ ਹੈ। ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਨੂੰ ਇੱਕ ਵਧੀਆ ਡਾਕਟਰ ਮੁਹੱਈਆ ਕਰਵਾਇਆ ਜਾਵੇ।
ਆਗੂਆਂ ਇਹ ਵੀ ਕਿਹਾ ਕਿ ਜੋ ਮੰਗ ਪੱਤਰ ਮਿਤੀ 19/05/2025 ਨੂੰ ਦਿੱਤਾ ਸੀ, ਉਸ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਸ਼ੂ ਪਾਲਣ ਵਿਭਾਗ, ਪੰਜਾਬ ਨੂੰ ਵੀ ਜ਼ਿਕਰ ਕੀਤਾ ਸੀ। ਪਿੰਡ ਨਿਵਾਸੀਆਂ ਨੂੰ ਉਸ ਦਾ ਵੀ ਕੋਈ ਉੱਤਰ ਨਹੀਂ ਮਿਲਿਆ। ਇਸ ਸਬੰਧੀ ਪਿੰਡ ਨਿਵਾਸੀਆਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦਿਵਾਉਣ, ਦੋਸ਼ੀ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨਅਤੇ ਪਿੰਡ ਨੂੰ ਇੱਕ ਵਧੀਆ ਡਾਕਟਰ ਮੁਹੱਈਆ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ। ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਸਮੇਂ ਜਸਵਿੰਦਰ ਸਿੰਘ ਜੱਸਾ, ਜੁਗਿੰਦਰ ਸਿੰਘ, ਹਰਦੇਵ ਸਿੰਘ ਗੁਰਪ੍ਰੀਤ ਸਿੰਘ, ਜਗਰਾਜ ਸਿੰਘ, ਦਲਜੀਤ ਸਿੰਘ, ਕੇਵਲ ਸਿੰਘ, ਬਲੌਰ ਸਿੰਘ, ਸੁੱਖਾ ਸਿੰਘ, ਭਜਨ ਸਿੰਘ, ਬੂਟਾ ਸਿੰਘ, ਜੱਗਾ ਸਿੰਘ ,ਗੁਰਸੇਵਕ ਸਿੰਘ,ਰਾਮ ਸਿੰਘ ਸਿਮਰ ਚਹਿਲ, ਦਰਸ਼ਨ ਸਿਘ, ਸੋਹਣ ਸਿੰਘ ਅੰਮ੍ਰਿਤਪਾਲ ਸਿੰਘ ਜੈ ਸਿੰਘ, ਗੱਗੂ ਸਿੰਘ ਆਦਿ ਆਗੂ ਹਾਜ਼ਰ ਸਨ।