ਐਸੋਸੀਏਟ ਅਧਿਆਪਕ ਯੂਨੀਅਨ ਨੇ ਡੀਸੀ ਬਰਨਾਲਾ ਨੂੰ ਸੌਂਪਿਆ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ
ਸੀ ਐੱਸ ਆਰ ਤੇ ਪੇਅ ਸਕੇਲ ਤੁਰੰਤ ਲਾਗੂ ਕਰੇ ਪੰਜਾਬ ਸਰਕਾਰ: ਭੋਤਨਾ
ਅਸ਼ੋਕ ਵਰਮਾ
ਬਰਨਾਲਾ, 27 ਅਗਸਤ 2026:ਐਸੋਸੀਏਟ ਅਧਿਆਪਕ (ਸਿੱਖਿਆ ਪ੍ਰੋਵਾਇਡਰ)ਯੂਨੀਅਨ ਬਰਨਾਲਾ ਨੇ ਸੂਬਾਈ ਹਦਾਇਤਾਂ ਤਹਿਤ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੂੰ ਸੌਂਪਿਆ।
ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੇਸ਼ੱਕ ਇਨ੍ਹਾਂ ਕੱਚੇ ਅਧਿਆਪਕਾਂ ਨੂੰ 2023 ਵਿੱਚ ਰੈਗੂਲਰ ਤਾਂ ਕਰ ਦਿੱਤਾ ਸੀ ਪਰ ਰੈਗੂਲਰ ਅਧਿਆਪਕਾਂ ਨੂੰ ਮਿਲਦੀਆਂ ਸਾਰੀਆਂ ਸਹੂਲਤਾਂ 3-4 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਦਿੱਤੀਆਂ ਜਾ ਰਹੀਆਂ। ਟਾਲਮਟੋਲ ਦੀ ਵਿਭਾਗੀ ਤੇ ਸਰਕਾਰੀ ਨੀਤੀ ਤੋਂ ਖਫ਼ਾ ਪੂਰੇ ਪੰਜਾਬ ਦੇ ਐਸੋਸੀਏਟ ਅਧਿਆਪਕਾਂ 'ਚ ਡਾਢ੍ਹਾ ਰੋਸ ਹੈ।
ਆਗੂਆਂ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਦਰੀਆਂ 'ਤੇ ਨਾਲ ਬੈਠ ਕੇ ਸਰਕਾਰ ਬਣਦਿਆਂ ਹੀ ਕੱਚੇ ਅਧਿਆਪਕਾਂ ਨੂੰ ਸਾਰੇ ਲਾਭਾਂ ਸਮੇਤ ਪੱਕੇ ਕਰਨ ਦਾ ਵਾਅਦਾ ਕਿਉਂ ਕਰਨਾ ਸੀ ?.. ਉਨ੍ਹਾਂ ਕਿਹਾ ਕਿ ਕੀਤੇ ਵਾਅਦੇ ਅਨੁਸਾਰ ਪੇਅਸਕੇਲ ਤੇ ਸੀ ਐੱਸ ਆਰ ਰੂਲਾਂ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਪੂਰੇ ਪੰਜਾਬ ਦੇ ਐਸੋਸੀਏਟ ਅਧਿਆਪਕ(ਸਿੱਖਿਆ ਪ੍ਰੋਵਾਈਡਰ)ਆਪਣੇ ਪਰਿਵਾਰਾਂ ਸਮੇਤ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਆਰ-ਪਾਰ ਦਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਸੋਨਦੀਪ ਸਿੰਘ ਟੱਲੇਵਾਲ, ਜਰਨੈਲ ਕੱਟੂ, ਪਲਵਿੰਦਰ ਠੀਕਰੀਵਾਲ, ਮਨੀਸ਼ ਕੁਮਾਰ, ਰਣਜੀਤ ਸਿੰਘ, ਜਗਪਾਲ ਸੇਖਾ, ਮੈਡਮ ਸਵਰਨਜੀਤ ਕੌਰ,ਜਸਪ੍ਰੀਤ ਕੌਰ, ਇੱਕਵਿੰਦਰ ਕੌਰ ਤੇ ਰਾਜਵੀਰ ਕੌਰ ਆਦਿ ਅਧਿਆਪਕ ਵੀ ਹਾਜ਼ਰ ਸਨ।
- Download Babushahi App
-
-