ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਦਾ ਧਾਰਮਿਕ ਰਹੁ ਰੀਤਾਂ ਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਨੇ ਰੀਥ ਰੱਖਕੇ ਭੇਟ ਕੀਤੀ ਸ਼ਰਧਾਂਜਲੀ
-ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਵੱਡੀ ਗਿਣਤੀ ਸਾਹਿਤਕ, ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਨੂੰ ਦਿੱਤੀ ਅੰਤਿਮ ਵਿਦਾਈ
ਪਟਿਆਲਾ, 23 ਮਈ:
ਪੰਜਾਬੀ ਤੇ ਹਿੰਦੀ ਸਾਹਿਤ ਦੇ ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ (98 ਸਾਲ), ਜ਼ਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਇੱਥੇ ਬੀਰ ਜੀ ਸਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁਰੀਤਾਂ ਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਤੇ ਸੇਵਾ ਮੁਕਤ ਆਈ.ਏ.ਐਸ ਮਾਲਵਿੰਦਰ ਸਿੰਘ ਜੱਗੀ ਨੇ ਦਿਖਾਈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਜਦੋਂ ਕਿ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ (ਪ੍ਰਬੰਧ) ਸੰਦੀਪ ਸਿੰਘ ਗੜ੍ਹਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਰੀਥਾਂ ਰੱਖਕੇ ਡਾ. ਜੱਗੀ ਨੂੰ ਸ਼ਰਧਾਂਜਲੀ ਭੇਟ ਕੀਤੀ।ਪਟਿਆਲਾ ਪੁਲਿਸ ਦੀ ਹਥਿਆਰਬੰਦ ਟੁਕੜੀ ਨੇ ਹਥਿਆਰ ਉਲਟੇ ਕਰਕੇ ਅਤੇ ਫਾਇਰ ਕਰਕੇ ਸਲਾਮੀ ਦਿੱਤੀ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਡਾ. ਰਤਨ ਸਿੰਘ ਜੱਗੀ ਪੰਜਾਬੀ ਤੇ ਹਿੰਦੀ ਸਿੱਖ ਸਾਹਿਤ ਦਾ ਅਨਮੋਲ ਖ਼ਜ਼ਾਨਾ ਸਨ, ਜਿਨ੍ਹਾਂ ਦੇ ਅਕਾਲ ਚਲਾਣੇ ਨਾਲ ਨਾ ਕੇਵਲ ਜੱਗੀ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਸਗੋਂ ਸਿੱਖ ਜਗਤ ਤੇ ਖਾਸ ਕਰਕੇ ਸਾਹਿਤਕ ਖੇਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਡਾ. ਰਤਨ ਸਿੰਘ ਜੱਗੀ ਆਪਣੇ ਪਿੱਛੇ ਸਾਹਿਤ ਜਗਤ ਲਈ ਆਪਣੀਆਂ ਲਿਖਤਾਂ ਦੇ ਰੂਪ ਵਿੱਚ ਅਨਮੋਲ ਖ਼ਜ਼ਾਨਾ ਛੱਡ ਗਏ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਇਸ ਮੌਕੇ ਡਾ. ਜੱਗੀ ਦੀ ਧਰਮ ਪਤਨੀ ਡਾ ਗੁਰਸ਼ਰਨ ਕੌਰ ਜੱਗੀ ਤੇ ਸਪੁੱਤਰ ਮਾਲਵਿੰਦਰ ਸਿੰਘ ਜੱਗੀ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਰਤਨ ਸਿੰਘ ਜੱਗੀ ਦੀਆਂ ਅਸਥੀਆਂ ਚੁਗਣ ਦੀ ਰਸਮ ਮਿਤੀ 24 ਮਈ ਨੂੰ ਸਵੇਰੇ 8 ਵਜੇ ਬੀਰ ਜੀ ਸਮਸ਼ਾਨਘਾਟ ਵਿਖੇ ਕੀਤੀ ਜਾਵੇਗੀ।
ਡਾ. ਰਤਨ ਸਿੰਘ ਜੱਗੀ ਦੇ ਅੰਤਿਮ ਸਸਕਾਰ ਮੌਕੇ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪਦਮਸ਼੍ਰੀ ਜਗਜੀਤ ਸਿੰਘ ਦਰਦੀ, ਪਦਮਸ਼੍ਰੀ ਪ੍ਰਾਣ ਸੱਭਰਵਾਲ ਸਮੇਤ ਪੰਜਾਬੀ ਯੂਨੀਵਰਸਿਟੀ ਤੋਂ ਵੱਡੀ ਗਿਣਤੀ ਮੌਜੂਦਾ ਤੇ ਸੇਵਾ ਮੁਕਤ ਫੈਕਲਟੀ ਤੇ ਹੋਰ ਅਮਲਾ, ਨਾਮਧਾਰੀ ਸੰਪਰਦਾ ਦੇ ਨੁਮਾਇੰਦੇ, ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ, ਪ੍ਰੋ. ਕਿਰਪਾਲ ਸਿੰਘ ਕਜਾਕ, ਮਨਜੀਤ ਸਿੰਘ ਨਾਰੰਗ, ਸਾਬਕਾ ਡੀਪੀਆਰਓ ਉਜਾਗਰ ਸਿੰਘ, ਸ੍ਰੋਮਣੀ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ, ਡਾ. ਮਨਮੋਹਨ ਸਹਿਗਲ ਤੇ ਡਾ. ਮਹੇਸ਼ ਗੌਤਮ, ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਨੁਮਾਇੰਦੇ, ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਅਲੋਕ ਚਾਵਲਾ, ਮਨਜਿੰਦਰ ਸਿੰਘ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਡਾ. ਸੰਤੋਖ ਸਿੰਘ ਸੁੱਖੀ, ਕੁਲਵੰਤ ਸਿੰਘ ਨਾਰੀਕੇ, ਬਲਵਿੰਦਰ ਸਿੰਘ ਭੱਟੀ, ਕਸ਼ਮੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਧਾਰਮਿਕ, ਰਾਜਨੀਤਿਕ, ਸਮਾਜਿਕ ਤੇ ਸਾਹਿਤਕ ਸ਼ਖ਼ਸੀਅਤਾਂ ਨੇ ਜੱਗੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਜਿਕਰਯੋਗ ਹੈ ਕਿ ਡਾ ਰਤਨ ਸਿੰਘ ਜੱਗੀ ਦਾ ਨਾਂ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨਾਂ ਅਤੇ ਗੁਰਮਤਿ ਤੇ ਭਗਤੀ ਲਹਿਰ ਦੇ ਮਾਹਰਾਂ ਵਿੱਚ ਸ਼ੁਮਾਰ ਹੈ।ਉਨ੍ਹਾਂ 150 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ, ਸਾਹਿਤ ਅਕਾਦਮੀ ਨੇ ਕੌਮੀ ਪੁਰਸਕਾਰ, ਪੰਜਾਬ ਸਰਕਾਰ ਨੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਆ।
ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ਦੀਆਂ ਸਰਕਾਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਨਰੇਰੀ ਡੀ. ਲਿਟ ਦੀ ਡਿਗਰੀ ਵੀ ਪ੍ਰਦਾਨ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗਿਆਨ ਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਠ ਵਾਰ ਪਹਿਲਾ ਪੁਰਸਕਾਰ ਹਾਸਲ ਕਰਨ ਤੋਂ ਇਲਾਵਾ ਵੱਖ-ਵੱਖ ਸਾਹਿਤ ਅਕਾਦਮੀਆਂ, ਵਿੱਦਿਅਕ, ਸਾਹਿਤਕ ਤੇ ਧਾਰਮਿਕ ਸੰਸਥਾਵਾਂ, ਸਰਕਾਰੀ ਤੇ ਗੈਰ ਸਰਕਾਰੀ ਸੰਗਠਨਾਂ ਵੱਲੋਂ ਵੀ ਸਨਮਾਨ ਮਿਲੇ ਸਨ।