ਅੰਮ੍ਰਿਤਸਰ ਦੇ ਚਾਟੀਵਿੰਡ ਪਿੰਡ ਨੇੜੇ ਨਹਿਰ ’ਚ ਪਿਆ ਪਾੜ, ਇਲਾਕੇ ’ਚ ਦਾਖ਼ਲ ਹੋਇਆ ਪਾਣੀ
ਪਾਈਪ ਪੁਸ਼ ਕਰਨ ਦੌਰਾਨ ਨਹਿਰ ’ਚ ਬਰੀਚ, ਸੜਕਾਂ ਤੇ ਆਬਾਦੀ ਵੱਲ ਵਧਿਆ ਪਾਣੀ
ਪ੍ਰਸ਼ਾਸਨ ਨੇ ਨਹਿਰ ਦਾ ਪਾਣੀ ਘਟਾਇਆ, ਬੋਰੀਆਂ ਤੇ ਨੈੱਟਾਂ ਰਾਹੀਂ ਪਾੜ ਬੰਦ ਕਰਨ ਦੀ ਕੋਸ਼ਿਸ਼ ਜਾਰੀ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਤਰਨਤਾਰਨ ਰੋਡ ਨੇੜੇ ਚਾਟੀਵਿੰਡ ਪਿੰਡ ਦੀ ਨਹਿਰ ਵਿੱਚ ਪਾੜ ਪੈਣ ਕਾਰਨ ਨਹਿਰ ਦਾ ਪਾਣੀ ਆਸ-ਪਾਸ ਦੇ ਇਲਾਕਿਆਂ ਵਿੱਚ ਦਾਖ਼ਲ ਹੋ ਗਿਆ। ਪਾਣੀ ਸੜਕਾਂ ਅਤੇ ਆਬਾਦੀ ਵੱਲ ਵਧਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਇਸ ਦੌਰਾਨ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਵੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸਰਫੇਸ ਵਾਟਰ ਦੀ ਨਹਿਰ ਦੇ ਹੇਠਾਂ ਬੋਰ ਕਰਕੇ ਪਾਈਪਾਂ ਪੁਸ਼ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਕਿਸੇ ਥਾਂ ਤੋਂ ਨਹਿਰ ਵਿੱਚ ਬਰੀਚ ਹੋ ਗਿਆ, ਜਿਸ ਕਾਰਨ ਪਾਣੀ ਪਾਈਪਾਂ ਵਿੱਚ ਦਾਖ਼ਲ ਹੋ ਕੇ ਆਬਾਦੀ ਵੱਲ ਜਾਣ ਲੱਗ ਪਿਆ। ਉਨ੍ਹਾਂ ਦੱਸਿਆ ਕਿ ਸਥਿਤੀ ਨੂੰ ਕਾਬੂ ਕਰਨ ਲਈ ਨਹਿਰ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ ਘਟਾ ਦਿੱਤਾ ਗਿਆ ਹੈ ਅਤੇ ਇਸ ਨੂੰ ਹੋਰ ਘਟਾਇਆ ਜਾ ਰਿਹਾ ਹੈ, ਤਾਂ ਜੋ ਪਾਣੀ ਦਾ ਵਹਾਅ ਹੌਲੀ ਹੋ ਸਕੇ। ਮੌਕੇ ’ਤੇ ਐਲ.ਐਂਡ.ਟੀ. ਦੀਆਂ ਟੀਮਾਂ, ਏ.ਡੀ.ਸੀ., ਐਸ.ਡੀ.ਐਮ. ਅਤੇ ਵੱਡੀ ਗਿਣਤੀ ਵਿੱਚ ਸੇਵਾਦਾਰ ਮੌਜੂਦ ਹਨ।
ਪਾੜ ਨੂੰ ਬੰਦ ਕਰਨ ਲਈ ਬੋਰੀਆਂ ਵਿੱਚ ਮਿੱਟੀ ਭਰ ਕੇ ਨਹਿਰ ਵਿੱਚ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੈੱਟ ਵੀ ਮੰਗਵਾਏ ਗਏ ਹਨ, ਜਿਨ੍ਹਾਂ ਵਿੱਚ ਬੋਰੀਆਂ ਬੰਨ੍ਹ ਕੇ ਪਾੜ ਵਾਲੀ ਥਾਂ ’ਤੇ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਧਾਇਕ ਮੁਤਾਬਕ ਫਿਲਹਾਲ ਕਿਸੇ ਵੱਡੇ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਜੇਕਰ ਪਾੜ ਵੱਡਾ ਹੁੰਦਾ ਹੈ ਤਾਂ ਨੁਕਸਾਨ ਦਾ ਖ਼ਤਰਾ ਬਣ ਸਕਦਾ ਹੈ।
ਉੱਥੇ ਹੀ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਕੋਟ ਮਿੱਤ ਸਿੰਘ ਵਾਲੇ ਤਰਨਤਾਰਨ ਰੋਡ ਦੇ ਪੁਲ ਅਤੇ ਸੁਲਤਾਨਵਿੰਡ ਇਲਾਕੇ ਵਿੱਚ ਪੁਰਾਣੇ ਸਮੇਂ ਦੀਆਂ ਬਣੀਆਂ ਪਾਈਪਾਂ ਜਾਂ ਪੋਰੇ ਸਹੀ ਤਰੀਕੇ ਨਾਲ ਬੰਦ ਜਾਂ ਕੈਪ ਨਾ ਹੋਣ ਕਾਰਨ ਪਾਣੀ ਬਾਹਰ ਆ ਗਿਆ। ਵਿਕਾਸ ਕਾਰਜਾਂ ਦੌਰਾਨ ਮਿੱਟੀ ਹਟਣ ਨਾਲ ਇਨ੍ਹਾਂ ਰਸਤਿਆਂ ਰਾਹੀਂ ਪਾਣੀ ਵੱਡੀ ਮਾਤਰਾ ਵਿੱਚ ਬਾਹਰ ਨਿਕਲਣ ਲੱਗਾ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਦੀਆਂ ਟੀਮਾਂ, ਸਰਕਾਰ ਅਤੇ ਸਥਾਨਕ ਲੋਕ ਮਿਲ ਕੇ ਕੰਮ ਕਰ ਰਹੇ ਹਨ। ਪਾਣੀ ਨੂੰ ਰੋਕਣ ਅਤੇ ਪਾੜ ਨੂੰ ਬੰਦ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਪ੍ਰਸ਼ਾਸਨ ਵੱਲੋਂ ਨਹਿਰ ਦੇ ਪਾਣੀ ਦੇ ਪੱਧਰ ਨੂੰ ਘਟਾਉਣ ਦੇ ਨਾਲ-ਨਾਲ ਬਰੀਚ ਵਾਲੀ ਥਾਂ ਨੂੰ ਬੰਦ ਕਰਨ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
- Download Babushahi App
-
-