ਪੰਜਾਬ 'ਚ ਪਰਾਲੀ ਸਾੜਨ ਦੇ 2,787 ਮਾਮਲੇ ਦਰਜ: PPCB ਦੀ ਰਿਪੋਰਟ 'ਚ ਖ਼ੁਲਾਸਾ
46.10 ਲੱਖ ਦਾ ਜੁਰਮਾਨਾ, 710 FIR ਅਤੇ 829 ਕਿਸਾਨਾਂ ਦੇ ਰਿਕਾਰਡ 'ਚ ਲਾਲ ਐਂਟਰੀਆਂ
ਬਾਬੂਸ਼ਾਹੀ ਬਿਊਰੋ
ਪਟਿਆਲਾ/ਚੰਡੀਗੜ੍ਹ, 6 ਨਵੰਬਰ, 2026: ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖ਼ਤੀ ਲਗਾਤਾਰ ਜਾਰੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੀ 5 ਨਵੰਬਰ ਤੱਕ ਦੀ ਤਾਜ਼ਾ ਰਿਪੋਰਟ ਅਨੁਸਾਰ, ਸੂਬੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੀਆਂ ਕੁੱਲ 2,787 ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ 2,194 ਥਾਵਾਂ 'ਤੇ ਮੌਕੇ 'ਤੇ ਜਾ ਕੇ ਕੀਤੀ ਗਈ ਜਾਂਚ ਵਿੱਚੋਂ 994 ਥਾਵਾਂ 'ਤੇ ਪਰਾਲੀ ਸਾੜਨ ਦੀ ਪੁਸ਼ਟੀ ਹੋਈ ਹੈ। ਸਰਕਾਰ ਵੱਲੋਂ ਉਲੰਘਣਾ ਕਰਨ ਵਾਲਿਆਂ 'ਤੇ 46.10 ਲੱਖ ਰੁਪਏ ਦਾ ਵਾਤਾਵਰਣ ਮੁਆਵਜ਼ਾ (Environmental Compensation) ਲਗਾਇਆ ਗਿਆ ਹੈ, ਜਿਸ ਵਿੱਚੋਂ 24.85 ਲੱਖ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
FIR ਅਤੇ ਲਾਲ ਐਂਟਰੀਆਂ
ਪਰਾਲੀ ਸਾੜਨ ਵਾਲਿਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 223 ਤਹਿਤ ਕੁੱਲ 710 ਐਫ਼.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ 829 ਮਾਮਲਿਆਂ ਵਿੱਚ ਮਾਲ ਵਿਭਾਗ ਦੇ ਰਿਕਾਰਡ ਵਿੱਚ 'ਲਾਲ ਐਂਟਰੀਆਂ' (Red Entries) ਦਰਜ ਕੀਤੀਆਂ ਗਈਆਂ ਹਨ। ਸੂਬੇ ਭਰ ਵਿੱਚ 786 ਚੇਤਾਵਨੀ ਨੋਟਿਸ ਜਾਰੀ ਕੀਤੇ ਗਏ ਹਨ ਅਤੇ 18 ਮਾਮਲਿਆਂ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਜ਼ਿਲ੍ਹਾ ਵਾਰ ਅੰਕੜੇ:
ਤਰਨਤਾਰਨ ਜ਼ਿਲ੍ਹਾ 586 ਘਟਨਾਵਾਂ ਨਾਲ ਸੂਬੇ ਵਿੱਚ ਸਭ ਤੋਂ ਅੱਗੇ ਹੈ, ਜਿੱਥੇ 294 ਥਾਵਾਂ 'ਤੇ ਪਰਾਲੀ ਸਾੜਨ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਫ਼ਿਰੋਜ਼ਪੁਰ ਵਿੱਚ 361, ਸੰਗਰੂਰ ਵਿੱਚ 240, ਅੰਮ੍ਰਿਤਸਰ ਵਿੱਚ 221, ਬਠਿੰਡਾ ਵਿੱਚ 216 ਅਤੇ ਪਟਿਆਲਾ ਵਿੱਚ 156 ਘਟਨਾਵਾਂ ਰਿਪੋਰਟ ਹੋਈਆਂ ਹਨ। ਪਟਿਆਲਾ ਵਿੱਚ 27 ਐਫ਼.ਆਈ.ਆਰ. ਦਰਜ ਕਰਕੇ 2.15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
PPCB ਰਿਪੋਰਟ ਮੁਤਾਬਕ ਪੰਜਾਬ ਵਿੱਚ ਕੁੱਲ 32.87 ਲੱਖ ਹੈਕਟੇਅਰ ਰਕਬੇ ਵਿੱਚੋਂ 5 ਨਵੰਬਰ ਤੱਕ 87.60 ਫ਼ੀਸਦੀ ਰਕਬੇ ਵਿੱਚ ਝੋਨੇ ਦੀ ਕਟਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਪ੍ਰਸ਼ਾਸਨਿਕ ਨਿਗਰਾਨੀ ਅਤੇ ਸਖ਼ਤ ਕਦਮਾਂ ਦੇ ਬਾਵਜੂਦ ਕਈ ਜ਼ਿਲ੍ਹਿਆਂ ਵਿੱਚ ਖੇਤਾਂ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।
- Download Babushahi App
-
-