ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਚੁੱਕਣੀ ਪਈ ਮਹਿੰਗੀ! ਬਰਨਾਲਾ ਦੇ ਪਿੰਡ ਕਾਲੇਕੇ ’ਚ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਨੂੰ ਘਰ ’ਚ ਦਾਖ਼ਲ ਹੋ ਕੇ ਮਾਰੀ ਗੋਲੀ
Kamal Sandhu
ਬਰਨਾਲਾ, 7 ਨਵੰਬਰ 2026: ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿੱਚ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਅਮਨਦੀਪ ਸਿੰਘ (ਅਮਨ) ’ਤੇ ਚਾਰ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਹਮਲੇ ਵਿੱਚ ਉਸ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਫਿਲਹਾਲ ਉਸ ਦੀ ਹਾਲਤ ਸਥਿਰ ਹੈ।
ਜ਼ਖ਼ਮੀ ਅਮਨਦੀਪ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀਆਂ ਕੋਲੋਂ ਨਸ਼ੀਲਾ ਪਦਾਰਥ ਮਿਲਣ ਦੀ ਸੂਚਨਾ ਪੁਲਿਸ ਨੂੰ ਹੈਲਪਲਾਈਨ 112 ਰਾਹੀਂ ਦਿੱਤੀ ਗਈ ਸੀ। ਕਮੇਟੀ ਮੈਂਬਰਾਂ ਨੇ ਇੱਕ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਸੀ। ਪੁਲਿਸ ਨੇ ਬਿਆਨ ਦਰਜ ਕਰਵਾਉਣ ਲਈ ਥਾਣੇ ਬੁਲਾਇਆ ਸੀ, ਪਰ ਇਸ ਦੌਰਾਨ ਕੁਝ ਵਿਅਕਤੀ ਉਸ ਦੇ ਘਰ ਪਹੁੰਚ ਗਏ ਅਤੇ ਗੇਟ ’ਤੇ ਧੱਕਾ-ਮੁੱਕੀ ਕਰਨ ਤੋਂ ਬਾਅਦ ਫਾਇਰਿੰਗ ਕਰ ਦਿੱਤੀ।
ਕਮੇਟੀ ਮੈਂਬਰ ਸੁਖਚੈਨ ਸਿੰਘ ਚੀਨਾ ਅਨੁਸਾਰ ਪਿੰਡ ਦੀ ਪੰਚਾਇਤ ਅਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਨਸ਼ਿਆਂ ਦੇ ਖ਼ਾਤਮੇ ਲਈ ਕਮੇਟੀ ਬਣਾਈ ਹੈ। ਪਿਛਲੇ 15-20 ਦਿਨਾਂ ਤੋਂ ਕਮੇਟੀ ਨਸ਼ਾ ਵੇਚਣ ਅਤੇ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਸੂਚਨਾਵਾਂ ਦੇ ਰਹੀ ਸੀ। ਉਨ੍ਹਾਂ ਨੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਘਟਨਾ ਦੀ ਨਿੰਦਾ ਕਰਦਿਆਂ ਚਿਤਾਵਨੀ ਦਿੱਤੀ ਕਿ 24 ਘੰਟਿਆਂ ਅੰਦਰ ਮੁਲਜ਼ਮ ਗ੍ਰਿਫ਼ਤਾਰ ਨਾ ਹੋਏ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਉੱਧਰ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਜ਼ਖ਼ਮੀ ਦਾ ਹਾਲ ਜਾਣਿਆ ਅਤੇ ਪੁਲਿਸ ਵੱਲੋਂ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤੇ ਜਾਣ ਦੀ ਗੱਲ ਕਹੀ।
ਡੀਐੱਸਪੀ ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਚਾਰ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ।
- Download Babushahi App
-
-