ਲੁਧਿਆਣਾ ਪੁਲਿਸ ਦਾ ਸਮਾਰਟ ਤੋਹਫ਼ਾ: ਦੀਵਾਲੀ ਮੌਕੇ 'ਵੰਡੇ ਮਾਲਕਾਂ ਨੂੰ ਮੋਬਾਈਲ'! ਪੜ੍ਹੋ ਪੂਰੀ ਖ਼ਬਰ
ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ- 717 ਗੁੰਮ ਅਤੇ ਖੋਹੇ ਮੋਬਾਈਲ ਫੋਨ ਬਰਾਮਦ ਕਰਕੇ ਮਾਲਕਾਂ ਨੂੰ ਸੌਂਪੇ
-ਤਕਨੀਕੀ ਤਰੀਕੇ ਨਾਲ ਟਰੇਸ ਕੀਤੇ ਮਹਿੰਗੇ ਸਮਾਰਟਫੋਨ; ਪੁਲਿਸ ਕਮਿਸ਼ਨਰੇਟ ਵੱਲੋਂ ਵਿਸ਼ੇਸ਼ ਮੁਹਿੰਮ ਦੇ ਸਾਰਥਕ ਨਤੀਜੇ
ਸੁਖਮਿੰਦਰ ਭੰਗੂ
ਲੁਧਿਆਣਾ 7 ਨਵੰਬਰ 2026- ਉਦਯੋਗਿਕ ਨਗਰੀ ਲੁਧਿਆਣਾ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹਜ਼ਾਰਾਂ ਲੋਕ ਰੋਜ਼ੀ-ਰੋਟੀ ਕਮਾਉਣ ਲਈ ਆਉਂਦੇ ਹਨ ਅਤੇ ਸ਼ਹਿਰ ਦੀ ਆਰਥਿਕ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਅਜਿਹੇ ਵਿੱਚ ਮੋਬਾਈਲ ਫੋਨਾਂ ਦੀ ਗੁੰਮਸ਼ੁਦਗੀ ਅਤੇ ਖੋਹੇ ਜਾਣ ਦੀਆਂ ਘਟਨਾਵਾਂ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਸਨ। ਮੋਬਾਈਲ ਫੋਨ ਗੁਆਉਣ ਨਾਲ ਜਿੱਥੇ ਲੋਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ, ਉੱਥੇ ਹੀ ਉਨ੍ਹਾਂ ਦੇ ਨਿੱਜੀ ਡਾਟਾ ਅਤੇ ਸੰਪਰਕਾਂ ਨੂੰ ਲੈ ਕੇ ਵੀ ਚਿੰਤਾ ਬਣੀ ਰਹਿੰਦੀ ਹੈ।
ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਗੁੰਮ ਅਤੇ ਖੋਹੇ ਗਏ ਮੋਬਾਈਲ ਫੋਨਾਂ ਦੀ ਬਰਾਮਦਗੀ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਪੁਲਿਸ ਦੇ ਤਕਨੀਕੀ ਯਤਨਾਂ ਸਦਕਾ ਵੱਖ-ਵੱਖ ਇਲਾਕਿਆਂ ਵਿੱਚੋਂ 717 ਮੋਬਾਈਲ ਫੋਨ ਟਰੇਸ ਕਰਕੇ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਮਹਿੰਗੇ ਸਮਾਰਟਫੋਨ ਵੀ ਸ਼ਾਮਲ ਹਨ। ਬਰਾਮਦ ਕੀਤੇ ਗਏ ਮੋਬਾਈਲ ਫੋਨ ਅੱਜ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੇ ਗਏ।
ਇਹ ਕਾਰਵਾਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਇਸ ਮੁਹਿੰਮ ਨੂੰ ਐਡੀਸ਼ਨਲ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ (ਇਨਵੈਸਟੀਗੇਸ਼ਨ) ਹਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇਨਵੈਸਟੀਗੇਸ਼ਨ) ਸ੍ਰੀਮਤੀ ਰੁਪਿੰਦਰ ਕੌਰ ਭੱਟੀ, ਪੀ.ਪੀ.ਐੱਸ. ਅਤੇ ਸਮੂਹ ਏ.ਡੀ.ਸੀ.ਪੀ. ਜ਼ੋਨਲ ਦੀ ਅਗਵਾਈ ਹੇਠ ਅਮਲ ਵਿੱਚ ਲਿਆਂਦਾ ਗਿਆ।
ਪੁਲਿਸ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਗੁੰਮ ਹੋਏ ਜਿਨ੍ਹਾਂ ਮੋਬਾਈਲ ਫੋਨਾਂ ਦੇ ਆਈ.ਐੱਮ.ਈ.ਆਈ. ਨੰਬਰ ਕੇਂਦਰ ਸਰਕਾਰ ਦੇ ਸੀ.ਈ.ਆਈ.ਆਰ. (CEIR) ਪੋਰਟਲ 'ਤੇ ਬਲਾਕ ਕੀਤੇ ਗਏ ਸਨ, ਉਨ੍ਹਾਂ ਨੂੰ ਤਕਨੀਕੀ ਢੰਗ ਨਾਲ ਟਰੇਸ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ। ਇਸ ਮੁਹਿੰਮ ਦੇ ਨਤੀਜੇ ਵਜੋਂ ਵੱਖ-ਵੱਖ ਕੰਪਨੀਆਂ ਦੇ 717 ਮੋਬਾਈਲ ਫੋਨ ਬਰਾਮਦ ਕਰਨ ਵਿੱਚ ਸਫਲਤਾ ਮਿਲੀ।
ਪੁਲਿਸ ਕਮਿਸ਼ਨਰੇਟ ਵੱਲੋਂ ਕਿਹਾ ਗਿਆ ਕਿ ਲੋਕਾਂ ਦੀ ਸੰਪਤੀ ਦੀ ਰਾਖੀ ਅਤੇ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਪੁਲਿਸ ਦੀ ਮੁੱਖ ਜ਼ਿੰਮੇਵਾਰੀ ਹੈ। ਇਸੇ ਉਦੇਸ਼ ਤਹਿਤ ਬਰਾਮਦ ਕੀਤੇ ਗਏ ਮੋਬਾਈਲ ਫੋਨ ਉਨ੍ਹਾਂ ਦੇ ਵਾਰਸਾਂ ਨੂੰ ਵਾਪਸ ਸੌਂਪੇ ਗਏ ਹਨ।
ਇਸ ਮੌਕੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਪੁਲਿਸ ਥਾਣੇ ਜਾਂ ਸਾਂਝ ਕੇਂਦਰ ਵਿੱਚ ਇਸ ਦੀ ਸੂਚਨਾ ਦੇਣ। ਨਾਲ ਹੀ ਸੀ.ਈ.ਆਈ.ਆਰ. ਪੋਰਟਲ ਰਾਹੀਂ ਮੋਬਾਈਲ ਦਾ ਆਈ.ਐੱਮ.ਈ.ਆਈ. ਨੰਬਰ ਬਲਾਕ ਕਰਵਾਉਣ ਦੀ ਕਾਰਵਾਈ ਵੀ ਕਰਨ, ਤਾਂ ਜੋ ਮੋਬਾਈਲ ਫੋਨ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ ਅਤੇ ਉਸ ਦੀ ਬਰਾਮਦਗੀ ਵਿੱਚ ਮਦਦ ਮਿਲ ਸਕੇ।
- Download Babushahi App
-
-