ਨਸ਼ਿਆਂ ਦੇ ਮੁੱਦੇ 'ਤੇ ਸਿਆਸੀ ਘਮਾਸਾਨ: ਚੰਨੀ ਨੇ '5 ਮਿੰਟਾਂ 'ਚ ਨਸ਼ਾ ਡਿਲਿਵਰੀ' ਦਾ ਕੀਤਾ ਦਾਅਵਾ ਤਾਂ, AAP ਨੇ ਚੰਨੀ 'ਤੇ ਹੀ ਚੁੱਕ'ਤੇ ਸਵਾਲ
Babushahi Network
ਚੰਡੀਗੜ੍ਹ, 7 ਫ਼ਰਵਰੀ 2026-ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਿਆਂ ਇੱਕ ਕਥਿਤ ਵੀਡੀਓ ਜਾਰੀ ਕੀਤੀ ਹੈ। ਚੰਨੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਨਸ਼ਾ ਹੁਣ "ਹੋਮ ਡਿਲਿਵਰੀ" ਵਾਂਗ ਸਿਰਫ਼ 5 ਮਿੰਟਾਂ ਵਿੱਚ ਉਪਲਬਧ ਹੈ।
ਸੰਸਦ ਮੈਂਬਰ ਚੰਨੀ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਦੋ ਵਿਅਕਤੀਆਂ ਦੀ ਇੰਟਰਵਿਊ ਲੈਂਦੇ ਨਜ਼ਰ ਆ ਰਹੇ ਹਨ। ਚੰਨੀ ਨੇ ਦੋਸ਼ ਲਾਇਆ ਕਿ ਨਸ਼ਾ ਤਸਕਰ ਸਿਰਫ਼ 5 ਤੋਂ 10 ਮਿੰਟਾਂ ਦੇ ਅੰਦਰ ਕਿਸੇ ਵੀ ਥਾਂ 'ਤੇ ਨਸ਼ੇ ਦੀ ਸਪਲਾਈ ਪਹੁੰਚਾ ਰਹੇ ਹਨ। ਚੰਨੀ ਨੇ ਦੋਸ਼ ਲਾਇਆ ਕਿ ਲੋਕ ਤਸਕਰਾਂ ਵਿਰੁੱਧ ਸ਼ਿਕਾਇਤਾਂ ਕਰਦੇ ਹਨ, ਪਰ ਪੁਲਿਸ ਕੋਈ ਪੁਖ਼ਤਾ ਕਾਰਵਾਈ ਨਹੀਂ ਕਰਦੀ। ਵੀਡੀਓ ਵਿੱਚ ਇੱਕ ਵਿਅਕਤੀ ਨੇ ਹੱਡਬੀਤੀ ਸੁਣਾਉਂਦਿਆਂ ਦਾਅਵਾ ਕੀਤਾ ਕਿ ਨਸ਼ੇ ਕਾਰਨ ਉਸ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਉਸ ਨੇ ਤਸਕਰ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ, ਪਰ ਮ੍ਰਿਤਕ ਨੌਜਵਾਨ ਦਾ ਸਸਕਾਰ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਤਸਕਰ ਨੂੰ ਛੱਡ ਦਿੱਤਾ।
ਆਮ ਆਦਮੀ ਪਾਰਟੀ ਦਾ ਪਲਟਵਾਰ
ਚੰਨੀ ਦੇ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ (AAP) ਦੇ ਬੁਲਾਰੇ ਬਲਤੇਜ ਪੰਨੂ ਨੇ ਸਾਬਕਾ ਮੁੱਖ ਮੰਤਰੀ 'ਤੇ ਹੀ ਸਵਾਲ ਚੁੱਕ ਦਿੱਤੇ ਹਨ। 'ਆਪ' ਵੱਲੋਂ ਜਾਰੀ ਜਵਾਬੀ ਵੀਡੀਓ ਵਿੱਚ ਕਿਹਾ ਗਿਆ ਕਿ ਪੰਨੂ ਨੇ ਇਲਜ਼ਾਮ ਲਾਇਆ ਕਿ ਚੰਨੀ ਅਜਿਹੀਆਂ ਵੀਡੀਓਜ਼ ਪਾ ਕੇ ਨਸ਼ਾ ਵੇਚਣ ਵਾਲਿਆਂ ਦਾ ਹੌਸਲਾ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। 'ਆਪ' ਨੇ ਕਾਂਗਰਸ ਹਾਈਕਮਾਂਡ ਨੂੰ ਪੁੱਛਿਆ ਕਿ ਕੀ ਉਹ ਨਸ਼ਾ ਵੇਚਣ ਵਾਲਿਆਂ ਦੇ ਪੱਖ ਵਿੱਚ ਹੈ ਜਾਂ ਨਸ਼ਿਆਂ ਵਿਰੁੱਧ ਜੰਗ ਦੇ?
Click to Follow Babushahi Facebook page →