ਵਾਤਾਵਰਣ ਦੀ ਸੰਭਾਲ ਲਈ ਸੈਨੀਟਰੀ ਕਰਮਚਾਰੀਆਂ ਨੂੰ ਦਿੱਤੀ ਗਈ ਸਿਖਲਾਈ; ਠੋਸ ਕਚਰੇ ਦੇ ਵਿਗਿਆਨਕ ਨਿਪਟਾਰੇ 'ਤੇ ਦਿੱਤਾ ਜ਼ੋਰ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖੇਤਰੀ ਦਫ਼ਤਰ ਬਰਨਾਲਾ ਵੱਲੋਂ ਨਗਰ ਪੰਚਾਇਤ ਬੱਧਨੀ ਕਲਾਂ ਅਤੇ ਨਿਹਾਲ ਸਿੰਘ ਵਾਲਾ ਵਿੱਚ ਜਾਗਰੂਕਤਾ ਕੈਂਪ ਆਯੋਜਿਤ
ਸੈਨੀਟਰੀ ਕਰਮਚਾਰੀਆਂ ਅਤੇ ਸਟਾਫ਼ ਨੂੰ ਠੋਸ ਕਚਰੇ ਦੀ ਖੁੱਲ੍ਹੀ ਸਾੜ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਕੀਤਾ ਜਾਗਰੂਕ
ਮੋਗਾ, 06 ਫਰਵਰੀ 2026-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਖੇਤਰੀ ਦਫ਼ਤਰ ਬਰਨਾਲਾ ਵੱਲੋਂ ਨਗਰ ਪੰਚਾਇਤ ਬੱਧਨੀ ਕਲਾਂ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਦਫ਼ਤਰ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਵਿੱਚ ਨਗਰ ਪੰਚਾਇਤ ਦੇ ਸੈਨੀਟਰੀ ਕਰਮਚਾਰੀਆਂ ਅਤੇ ਸਟਾਫ਼ ਨੂੰ ਠੋਸ ਕਚਰੇ ਦੀ ਖੁੱਲ੍ਹੀ ਸਾੜ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੰਜੀਨੀਅਰ ਸ਼ਮਸ਼ੇਰ ਸਿੰਘ (ਸਹਾਇਕ ਪਰਿਵੇਸ਼ ਇੰਜੀਨੀਅਰ) ਅਤੇ ਇੰਜੀਨੀਅਰ ਰਾਜੇਸ਼ ਲੇਘਾ (ਜੂਨੀਅਰ ਪਰਿਵੇਸ਼ ਇੰਜੀਨੀਅਰ) ਨੇ ਹਾਜ਼ਰ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਖੁੱਲ੍ਹੀ ਸਾੜ ਨਾਲ ਪੈਦਾ ਹੋਣ ਵਾਲੇ ਗੰਭੀਰ ਵਾਤਾਵਰਣੀ ਅਤੇ ਸਿਹਤ ਸੰਬੰਧੀ ਖਤਰਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਿੰਮੇਵਾਰ ਕਚਰਾ ਪ੍ਰਬੰਧਨ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਰਮਚਾਰੀਆਂ ਨੂੰ ਸਾਫ਼, ਸਿਹਤਮੰਦ ਅਤੇ ਪ੍ਰਦੂਸ਼ਣ-ਰਹਿਤ ਵਾਤਾਵਰਣ ਦੀ ਸਿਰਜਣਾ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਠੋਸ ਕਚਰਾ ਪ੍ਰਬੰਧਨ ਨਿਯਮਾਂ ਦੀ ਪਾਲਣਾ ਕਰਨ ਅਤੇ ਕਚਰੇ ਦੇ ਸੁਰੱਖਿਅਤ, ਵਿਗਿਆਨਕ ਅਤੇ ਵਾਤਾਵਰਣ-ਅਨੁਕੂਲ ਨਿਪਟਾਰੇ ਦੇ ਤਰੀਕੇ ਅਪਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਕੈਂਪ ਦੌਰਾਨ ਨਗਰ ਪੰਚਾਇਤ ਬੱਧਨੀ ਕਲਾਂ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸੈਨੀਟਰੀ ਇੰਸਪੈਕਟਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ।