ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ: ਡਾ. ਸਰਬਜੀਤ ਸਿੰਘ ਦੂਜੀ ਵਾਰ ਪ੍ਰਧਾਨ ਚੁਣੇ ਗਏ, ਅਮਰ ਗਰਗ ਕਲਮਦਾਨ ਦੀ ਸ਼ਮੂਲੀਅਤ ਨੇ ਬਣਾਇਆ ਯਾਦਗਾਰ
ਲੁਧਿਆਣਾ: 16 ਮਾਰਚ, 2026
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ 15 ਮਾਰਚ ਨੂੰ ਪੰਜਾਬੀ ਭਵਨ ਵਿਖੇ ਸੰਪੰਨ ਹੋਈਆਂ, ਜਿਸ ਵਿੱਚ ਡਾ. ਸਰਬਜੀਤ ਸਿੰਘ (ਨਾਰੰਗਵਾਲ) ਦੂਜੀ ਵਾਰ ਭਾਰੀ ਬਹੁਮਤ ਨਾਲ ਪ੍ਰਧਾਨ ਚੁਣੇ ਗਏ। ਇਸ ਚੋਣ ਮੁਕਾਬਲੇ ਵਿੱਚ ਉਨ੍ਹਾਂ ਦਾ ਸਾਹਮਣਾ ਧੂਰੀ ਦੇ ਸਿੱਖਿਆ ਦਾਨੀ ਅਮਰ ਗਰਗ ਕਲਮਦਾਨ ਨਾਲ ਸੀ। ਪ੍ਰਸਿੱਧ ਲੇਖਕ ਗੁਰਭਜਨ ਗਿੱਲ ਨੇ ਇਸ ਚੋਣ ਪ੍ਰਕਿਰਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਡਾ. ਸਰਬਜੀਤ ਸਿੰਘ ਜਿੱਤ ਗਏ ਹਨ, ਪਰ ਅਮਰ ਗਰਗ ਕਲਮਦਾਨ ਦਾ ਚੋਣ ਮੈਦਾਨ ਵਿੱਚ ਉਤਰਨਾ ਇੱਕ ਨਿਵੇਕਲੀ ਅਤੇ ਸਕਾਰਾਤਮਕ ਘਟਨਾ ਰਹੀ। ਚੋਣ ਨਤੀਜਿਆਂ ਤੋਂ ਬਾਅਦ ਜਦੋਂ ਅਮਰ ਗਰਗ ਬਾਹਰ ਆਏ ਤਾਂ ਉਨ੍ਹਾਂ ਬੜੇ ਤਪਾਕ ਨਾਲ ਕਿਹਾ ਕਿ ਉਨ੍ਹਾਂ ਦਾ ਮਕਸਦ ਜਿੱਤਣਾ ਨਹੀਂ ਸਗੋਂ ਲੇਖਕਾਂ ਨੂੰ ਇੱਕ ਮੰਚ 'ਤੇ ਇਕੱਠੇ ਕਰਨਾ ਸੀ, ਕਿਉਂਕਿ ਇਸ ਬਹਾਨੇ ਹੀ ਸੂਬੇ ਭਰ ਦੇ ਵੱਡੇ-ਵੱਡੇ ਲੇਖਕ ਪੰਜਾਬੀ ਭਵਨ ਵਿੱਚ ਮਿਲ ਬੈਠੇ।
.jpeg)
ਇਸ ਚੋਣ ਦੌਰਾਨ ਕਰੀਬ 800 ਦੇ ਕਰੀਬ ਸਾਹਿੱਤਕਾਰ ਅਤੇ ਉਨ੍ਹਾਂ ਦੇ ਮਿੱਤਰ ਪਿਆਰੇ ਪੰਜਾਬੀ ਭਵਨ ਪਹੁੰਚੇ, ਜਿਸ ਨਾਲ ਮਾਹੌਲ ਬਹੁਤ ਹੀ ਰੌਣਕੀ ਰਿਹਾ। ਇਸ ਮੌਕੇ ਡਾ. ਸ. ਸ. ਜੌਹਲ, ਡਾ. ਐਸ. ਪੀ. ਸਿੰਘ, ਪ੍ਰਿੰਸੀਪਲ ਸਰਵਣ ਸਿੰਘ, ਵਰਿਆਮ ਸਿੰਘ ਸੰਧੂ, ਜਤਿੰਦਰ ਪੰਨੂ ਅਤੇ ਹੋਰ ਕਈ ਨਾਮਵਰ ਸਾਹਿੱਤਕਾਰ ਹਾਜ਼ਰ ਸਨ। ਸਾਰਿਆਂ ਨੂੰ ਡਾ. ਸੁਰਜੀਤ ਪਾਤਰ ਦੀ ਘਾਟ ਜ਼ਰੂਰ ਮਹਿਸੂਸ ਹੋਈ, ਪਰ ਲੇਖਕਾਂ ਦੇ ਇਕੱਠ ਨੇ ਇੱਕ ਸਾਂਝੀ ਫਿਕਰਮੰਦੀ ਨੂੰ ਜਨਮ ਦਿੱਤਾ ਕਿ ਕਿਵੇਂ ਵਿਸ਼ਵ ਅਮਨ ਅਤੇ ਸਦਭਾਵਨਾ ਲਈ ਸਾਹਿੱਤਕ ਮਾਹੌਲ ਉਸਾਰਿਆ ਜਾਵੇ। ਇਸ ਮੌਕੇ ਨਾਮਧਾਰੀ ਦਰਬਾਰ ਵੱਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
.jpeg)
ਅਕਾਡਮੀ ਦੇ ਬਾਕੀ ਅਹੁਦੇਦਾਰ ਪਹਿਲਾਂ ਹੀ ਸਰਬਸੰਮਤੀ ਨਾਲ ਨਿਰਵਿਰੋਧ ਚੁਣੇ ਗਏ ਸਨ। ਚੁਣੇ ਗਏ ਨਵੇਂ ਅਹੁਦੇਦਾਰਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਮੀਤ ਪ੍ਰਧਾਨਾਂ ਵਜੋਂ ਜਸਪਾਲ ਮਾਨਖੇੜਾ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਸੁਰਿੰਦਰ ਕੌਰ ਨੀਰ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਬੰਧਕੀ ਬੋਰਡ ਲਈ ਡਾ. ਹਰੀ ਸਿੰਘ ਜਾਚਕ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਡਾ. ਸਿਮਰਜੀਤ ਕੌਰ ਗਿੱਲ, ਪ੍ਰੋ. ਤਰਸਪਾਲ ਕੌਰ, ਤ੍ਰੈਲੋਚਨ ਲੋਚੀ, ਮਨਜਿੰਦਰ ਸਿੰਘ ਧਨੋਆ, ਦੀਪ ਜਗਦੀਪ ਸਿੰਘ, ਪ੍ਰਭਜੋਤ ਸੋਹੀ, ਨਵਤੇਜ ਗੜ੍ਹਦੀਵਾਲਾ, ਡਾ. ਹਰਵਿੰਦਰ ਸਿੰਘ ਸਿਰਸਾ, ਅਮੀਆ ਕੁੰਵਰ, ਰਜਿੰਦਰ ਸਿੰਘ ਰਾਜਨ, ਮੱਖਣ ਮਾਨ ਅਤੇ ਰੋਜ਼ੀ ਸਿੰਘ ਨੂੰ ਚੁਣਿਆ ਗਿਆ। ਚੋਣਾਂ ਤੋਂ ਬਾਅਦ ਲੇਖਕਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕਰਦਿਆਂ ਫ਼ਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਸਾਂਝੇ ਸਾਹਿੱਤਕ ਸਭਿਆਚਾਰ ਨੂੰ ਮੁੜ ਸੁਰਜੀਤ ਕਰਨ ਦਾ ਅਹਿਦ ਲਿਆ।

Click to Follow Babushahi Facebook page →