ਪਾਇਲ 'ਚ ਸਿਆਸੀ ਹੰਗਾਮਾ: AAP ਅਤੇ ਕਾਂਗਰਸੀ ਵਰਕਰ ਹੋਏ ਆਹਮੋ-ਸਾਹਮਣੇ
ਸਾਬਕਾ ਵਿਧਾਇਕ ਲੱਖਾ ਦੀ ਅਗਵਾਈ 'ਚ ਵਿਧਾਇਕ ਗਿਆਸਪੁਰਾ ਦੇ ਦਫ਼ਤਰ ਦਾ ਘੇਰਾਓ; ਔਰਤਾਂ ਨੇ ਚੂੜੀਆਂ ਦਿਖਾ ਕੇ ਕੀਤਾ ਪ੍ਰਦਰਸ਼ਨ
Ravinder Singh
ਪਾਇਲ (ਲੁਧਿਆਣਾ), 16 ਮਾਰਚ 2026- ਪਾਇਲ ਹਲਕੇ ਵਿੱਚ ਅੱਜ ਸਿਆਸੀ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਕਾਂਗਰਸ ਪਾਰਟੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰ ਇੱਕ-ਦੂਜੇ ਦੇ ਆਮੋ-ਸਾਹਮਣੇ ਹੋ ਗਏ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਦੀ ਅਗਵਾਈ ਵਿੱਚ AAP ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਾਂਗਰਸੀ ਵਰਕਰਾਂ ਨੇ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਤਹਿਤ ਵਿਧਾਇਕ ਦੇ ਦਫ਼ਤਰ ਦਾ ਘੇਰਾਓ ਕੀਤਾ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ, ਜੋ ਹੱਥਾਂ ਵਿੱਚ ਚੂੜੀਆਂ ਲੈ ਕੇ ਪਹੁੰਚੀਆਂ ਹੋਈਆਂ ਸਨ। ਜਿਵੇਂ ਹੀ ਕਾਂਗਰਸੀ ਵਰਕਰ AAP ਦੇ ਦਫ਼ਤਰ ਨੇੜੇ ਪਹੁੰਚੇ, ਉੱਥੇ ਪਹਿਲਾਂ ਤੋਂ ਮੌਜੂਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਜਵਾਬੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 'ਆਪ' ਵਰਕਰਾਂ ਨੇ ਕਾਂਗਰਸ ਨੂੰ ਉਨ੍ਹਾਂ ਦੀ ਪਿਛਲੀ ਸਰਕਾਰ ਸਮੇਂ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਖੂਬ ਰਗੜੇ ਲਾਏ।
ਧਰਨੇ ਦੌਰਾਨ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ। ਜਿੱਥੇ ਕਾਂਗਰਸ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਗਿਣਾ ਰਹੀ ਸੀ, ਉੱਥੇ ਹੀ 'ਆਪ' ਵਰਕਰ ਕਾਂਗਰਸ 'ਤੇ ਭ੍ਰਿਸ਼ਟਾਚਾਰ ਅਤੇ ਵਾਅਦਾਖਿਲਾਫ਼ੀ ਦੇ ਇਲਜ਼ਾਮ ਲਗਾ ਰਹੇ ਸਨ। ਦਫ਼ਤਰ ਦੇ ਬਾਹਰ ਦੋਵਾਂ ਧਿਰਾਂ ਵਿਚਾਲੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਰਿਹਾ।
Click to Follow Babushahi Facebook page →