ਸੰਚਾਰ ਹੁਨਰ ਲਈ ਸਿੱਖਿਆ ਦੀ ਮਹੱਤਤਾ
ਸੰਚਾਰ ਹੁਨਰ - ਵਿਚਾਰਾਂ ਨੂੰ ਪ੍ਰਭਾਵ ਵਿੱਚ ਬਦਲਣ ਦੀ ਕਲਾ
ਡਾ ਸਤਿੰਦਰ ਸਿੰਘ
“ਚੰਗਾ ਸੰਚਾਰ ਸਿਰਫ਼ ਚੰਗਾ ਬੋਲਣਾ ਨਹੀਂ, ਸਗੋਂ ਧਿਆਨ ਨਾਲ ਸੁਣਨਾ, ਸਪਸ਼ਟ ਸੋਚਣਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗੱਲ ਪਹੁੰਚਾਉਣਾ ਹੈ।” ਮੌਜੂਦਾ ਗਿਆਨ,ਤਬਦੀਲੀ ਅਤੇ ਮੁਕਾਬਲੇ ਦੇ ਯੁੱਗ ਵਿੱਚ ਸਫ਼ਲ ਹੋਣ ਲਈ ਪ੍ਰਭਾਵਸ਼ਾਲੀ ਸੰਚਾਰ ਹੁਨਰ ਦਾ ਹੋਣਾ ਬੇਹੱਦ ਜਰੂਰੀ ਹੈ । ਪ੍ਰੰਤੂ ਸਮਾਜ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕਿਸੇ ਅਹੁਦੇ ਜਾਂ ਹੈਸੀਅਤ ਕਾਰਨ ਕਿਸੇ ਵਿਅਕਤੀ ਨੂੰ ਜਦੋਂ ਮੰਚ ਤੇ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ , ਤਾਂ ਉਹ ਆਪਣੀ ਗੱਲ ਸਰੋਤਿਆਂ ਸਾਹਮਣੇ ਰੱਖਣ ਤੋਂ ਘਬਰਾਉਂਦੇ ਹਨ ਅਤੇ ਆਪਣੇ ਵਿਚਾਰ ਸਪੱਸ਼ਟ ਅਤੇ ਸੁਚੱਜੇ ਢੰਗ ਨਾਲ ਨਹੀਂ ਰੱਖ ਪਾਉਂਦੇ। ਅਨੇਕਾਂ ਵਾਰ ਮੰਚ ਤੇ ਸਥਿਤੀ ਹਾਸੋਹੀਣੀ ਬਣ ਜਾਂਦੀ ਹੈ ਅਤੇ ਬੁਲਾਰੇ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਕਈ ਵਿਅਕਤੀ ਆਪਣੇ ਮਨ ਦੀ ਗੱਲ ਲਿਖਣ ਲਈ ਸ਼ਬਦਾਂ ਦੀ ਚੋਣ ਕਰਨ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਦੇ ਹਨ। ਅਜਿਹੇ ਲੋਕਾਂ ਨੂੰ ਆਪਣੇ ਵਿਚਾਰ ਅਤੇ ਗਿਆਨ ਨੂੰ ਸਾਫ ਸਪੱਸ਼ਟ ਅਤੇ ਆਸਾਨ ਸ਼ਬਦਾਂ ਵਿੱਚ ਪ੍ਰਗਟ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ। ਜਿਸ ਕਾਰਨ ਉਨਾਂ ਨੂੰ ਆਪਣੀ ਯੋਗਤਾ ਅਤੇ ਪ੍ਰਤਿਭਾ ਅਨੁਸਾਰ ਮੌਕੇ ਨਹੀਂ ਮਿਲ ਪਾਉਂਦੇ। ਅਜਿਹੇ ਲੋਕ ਜਨਤਕ ਤੌਰ ਤੇ ਬੋਲਣ ਤੋਂ ਡਰਦੇ ਹਨ। ਇੰਟਰਵਿਊ ,ਸੈਮੀਨਾਰ, ਮੀਟਿੰਗਾਂ ਅਤੇ ਪੇਸ਼ਕਾਰੀ ਕਰਦੇ ਸਮੇਂ ਚੰਗੇ ਵਿਚਾਰ, ਚੰਗਾ ਗਿਆਨ ਅਤੇ ਤਜ਼ਰਬਾ ਹੋਣ ਦੇ ਬਾਵਜੂਦ ਵੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਨਹੀਂ ਕਰ ਪਾਉਂਦੇ। ਜਿਸ ਕਾਰਨ ਉਹ ਸਫ਼ਲਤਾ ਅਤੇ ਤਰੱਕੀ ਲਈ ਹੱਥ ਆਇਆ ਮੌਕਾ ਵੀ ਗਵਾ ਲੈਂਦੇ ਹਨ। ਸੰਚਾਰ ਹੁਨਰ ਦੀ ਕਮੀ ਨੌਕਰੀ ਦੌਰਾਨ ਸਹਿਕਰਮੀਆਂ ਅਤੇ ਅਧਿਕਾਰੀਆਂ ਨਾਲ ਸੁਚੱਜੇ ਢੰਗ ਨਾਲ ਸੰਚਾਰ ਨਾ ਹੋਣ ਕਾਰਨ ਅਨੇਕਾਂ ਗਲਤ ਫਹਿਮੀਆਂ ਪੈਦਾ ਕਰਦੀ ਹੈ। ਸਮਾਜਿਕ ਰਿਸ਼ਤਿਆਂ ਵਿੱਚ ਵੀ ਸੰਚਾਰ ਦੀ ਕਮਜ਼ੋਰੀ ਕਾਰਨ ਗਲਤ ਫਹਿਮੀਆਂ ਅਤੇ ਵਿਸ਼ਵਾਸ ਦੀ ਕਮੀ ਦਾ ਕਾਰਨ ਬਣਦੀ ਹੈ। ਸੰਚਾਰ ਹੁਨਰ ਦੀ ਕਮੀ ਜਿੱਥੇ ਵਿਅਕਤੀ ਦੀ ਤਰੱਕੀ ਵਿੱਚ ਰੁਕਾਵਟ ਬਣਦੀ ਹੈ ,ਉੱਥੇ ਚੰਗਾ ਸੰਚਾਰ ਹੁਨਰ ਵਿਅਕਤੀ ਨੂੰ ਸਫ਼ਲਤਾ ਦੀ ਬੁਲੰਦੀ ਤੇ ਪਹੁੰਚਾ ਸਕਦਾ ਹੈ। ਇਹ ਹੁਨਰ ਵਿਅਕਤੀਗਤ, ਸਮਾਜਿਕ ,ਪੇਸ਼ੇਵਰ ਅਤੇ ਜਨਤਕ ਜੀਵਨ ਦੀ ਸਫਲਤਾ ਦੀ ਕੁੰਜੀ ਹੈ।
ਸੰਚਾਰ ਹੁਨਰ ਸਿਰਫ਼ ਮੰਚ ਤੇ ਬੋਲਣ ਦੀ ਕਲਾ ਤੱਕ ਹੀ ਸੀਮਤ ਨਹੀਂ ਹੈ ਬਲਕਿ ਆਪਣੇ ਗਿਆਨ ,ਹੁਨਰ ,ਕੌਸ਼ਲ, ਭਾਵਨਾਵਾਂ ਅਤੇ ਜਾਣਕਾਰੀ ਨੂੰ ਦੂਸਰਿਆਂ ਤੱਕ ਸਪੱਸ਼ਟਤਾ ,ਸਰਲਤਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਪਹੁੰਚਾਉਣ ਦਾ ਸਾਧਨ ਹੈ । ਇਸ ਵਿੱਚ ਲਿਖਣ, ਪੜ੍ਹਨ, ਸੁਣਨ ,ਬੋਲਣ, ਸੰਕੇਤਕ ਵਿਧੀ, ਸਰੀਰਕ ਭਾਸ਼ਾ ਅਤੇ ਹਾਵ ਭਾਵ ਦੀ ਵਰਤੋਂ ਸ਼ਾਮਿਲ ਹੁੰਦੀ ਹੈ।
ਸੰਚਾਰ ਹੁਨਰ ਵਿਕਸਿਤ ਕਰਨ ਵਿੱਚ ਸਕੂਲੀ ਸਿੱਖਿਆ ਦਾ ਸੁਚੱਜਾ ਮਾਹੌਲ ਬੇਹੱਦ ਲਾਹੇਵੰਦ ਸਾਬਿਤ ਹੁੰਦਾ ਹੈ। ਜਮਾਤ ਦੇ ਕਮਰੇ ਵਿੱਚ ਅਧਿਆਪਕ ਵੱਲੋਂ ਕਰਵਾਏ ਜਾਂਦੇ ਵਿਚਾਰ ਵਟਾਂਦਰੇ, ਪੇਸ਼ਕਾਰੀਆਂ ,ਪ੍ਰੋਜੈਕਟ ਵਰਕ ਅਤੇ ਗਰੁੱਪ ਗਤੀਵਿਧੀਆਂ ਵਿੱਚ ਹਿੱਸੇਦਾਰੀ ਕਾਰਣ ਅਜਿਹੇ ਹੁਨਰ ਸੁਭਾਵਿਕ ਹੀ ਪੈਦਾ ਹੋ ਜਾਂਦੇ ਹਨ । ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਦੀ ਪੇਸ਼ਕਾਰੀ ਉਹਨਾਂ ਨੂੰ ਜਿੱਥੇ ਸੰਚਾਰ ਹੁਨਰ ਪੈਦਾ ਕਰਨ ਦਾ ਬਹੁਤ ਵੱਡਾ ਮੰਚ ਸਾਬਿਤ ਹੁੰਦੀ ਹੈ,ਉੱਥੇ ਵਿਦਿਆਰਥੀ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਭਵਿੱਖ ਦਾ ਨੇਤਾ ਜਾਂ ਮੰਚ ਦਾ ਕਲਾਕਾਰ ਬਣਨ ਦਾ ਢੁਕਵਾਂ
ਰਸਤਾ ਵੀ ਪ੍ਰਦਾਨ ਕਰਦੀ ਹੈ।
ਸਕੂਲ ਵਿੱਚ ਆਯੋਜਿਤ ਵਾਦ ਵਿਵਾਦ ਮੁਕਾਬਲੇ ,ਵਿਚਾਰ ਵਟਾਂਦਰਾ, ਭਾਸ਼ਣ ਮੁਕਾਬਲਾ, ਗੋਸ਼ਟੀ ਸੈਮੀਨਾਰ ਆਦਿ ਨਾਲ ਭਾਸ਼ਾ ਨਾਲ ਸੰਬੰਧਿਤ ਯੋਗਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਨਾਲ ਵਿਦਿਆਰਥੀਆਂ ਦੀ ਸੋਚ ਦਾ ਦਾਇਰਾ ਵਿਆਪਕ ਹੁੰਦਾ ਹੈ ਇਸ ਤੋਂ ਇਲਾਵਾ ਸੰਚਾਰ ਹੁਨਰ ਲਈ ਲੋੜੀਦੇ ਸ਼ਬਦ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਵਿਦਿਆਰਥੀ ਮਾਨਸਿਕ ਤੌਰ ਤੇ ਮਜ਼ਬੂਤ ਹੁੰਦਾ ਹੈ ਉਸ ਵਿੱਚ ਆਤਮ ਵਿਸ਼ਵਾਸ, ਆਤਮ ਨਿਰਭਰਤਾ, ਆਤਮ ਸੰਤੁਲਨ ਵਰਗੇ ਗੁਣ ਵੀ ਪੈਦਾ ਹੁੰਦੇ ਹਨ।
ਸੰਚਾਰ ਹੁਨਰ ਵਰਗੇ ਗੁਣ ਜਨਮ ਜਾਤ ਜਾਂ ਵਿਰਸੇ ਵਿੱਚ ਪ੍ਰਾਪਤ ਕਲਾ ਨਹੀਂ ਹੁੰਦੀ। ਇਸ ਨੂੰ ਹਾਸਲ ਕਰਨ ਲਈ ਸੁਚੱਜੀ ਤਿਆਰੀ ਅਭਿਆਸ ਅਨੁਭਵ ਅਤੇ ਲਗਾਤਾਰ ਸਿੱਖਣ ਦੀ ਜ਼ਰੂਰਤ ਹੁੰਦੀ ਹੈ। ਜਦੋਂ ਕੋਈ ਵਿਅਕਤੀ ਸਮਾਜ ਵਿੱਚ ਵਿਚਰਦਾ ਹੈ, ਗੱਲਬਾਤ ਕਰਦਾ ਹੈ ਤਾਂ ਉਹ ਸਰੀਰਕ ਭਾਸ਼ਾ, ਸ਼ਬਦਾਵਲੀ ,ਵਿਵਹਾਰਿਕ ਲਹਿਜ਼ਾ ਅਤੇ ਉਚਾਰਨ ਦਾ ਤਰੀਕਾ ਸਿੱਖ ਸਕਦਾ ਹੈ। ਨਵੇਂ ਸ਼ਬਦਾਂ ਨੂੰ ਸਿੱਖਣ ਤੇ ਵੱਧ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਹੈ। ਸ਼ਬਦਾਂ ਦਾ ਗਿਆਨ, ਸ਼ਬਦ ਅਤੇ ਉਨਾਂ ਦੇ ਅਰਥਾਂ ਦੇ ਗਿਆਨ ਦਾ ਭੰਡਾਰ, ਉੱਤਮਤਾ ਨਾਲ ਬੋਲਣਾ ਅਤੇ ਲਿਖਣ ਦੀ ਕਲਾ ਇੱਕ ਆਮ ਵਿਅਕਤੀ ਨੂੰ ਸਫ਼ਲ ਅਤੇ ਮਹਾਨ ਇਨਸਾਨ ਬਣਾਉਣ ਦੀ ਤਾਕਤ ਰੱਖਦੀ ਹੈ।
ਬੋਲਣ ਸਮੇਂ ਸ਼ਬਦਾਂ ਦਾ ਸਪੱਸ਼ਟ ਉਚਾਰਨ ਕਰਦੇ ਹੋਏ ਅਜਿਹੀ ਆਵਾਜ਼ ਵਿੱਚ ਬੋਲਣਾ ਚਾਹੀਦਾ ਹੈ ,ਜੋ ਹਰ ਸਰੋਤੇ ਤੱਕ ਆਸਾਨੀ ਨਾਲ ਪਹੁੰਚ ਸਕੇ। ਲੰਮੀ ਅਤੇ ਇਕਸਾਰ ਗੱਲਬਾਤ ਸਰੋਤੇ
ਪਸੰਦ ਨਹੀਂ ਕਰਦੇ।
ਸੰਚਾਰ ਹੁਨਰ ਦੀ ਪ੍ਰਾਪਤੀ ਲਈ ਧਿਆਨ ਨਾਲ ਸੁਣਨ ਦਾ ਬੁਨਿਆਦੀ ਗੁਣ ਹੋਣਾ ਬੇਹੱਦ ਜ਼ਰੂਰੀ ਹੈ। ਧਿਆਨ ਨਾਲ ਸੁਣਨਾ ਚੰਗੇ ਸੰਚਾਰ ਦੀ ਨੀਂਹ ਹੈ ਵਿਚਾਰ ਵਟਾਂਦਰਾ ਕਰਦੇ ਸਮੇਂ ਸਾਹਮਣੇ ਵਾਲੇ ਨੂੰ ਆਪਣੀ ਗੱਲ ਪੂਰੀ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਧਿਆਨ ਨਾਲ ਸੁਣਨ ਨਾਲ ਹੀ ਅਸੀਂ ਉਸਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਾਂ ।ਦੂਸਰਿਆਂ ਦੇ ਵਿਚਾਰਾਂ ਭਾਵਨਾਵਾਂ ਅਤੇ ਗਿਆਨ ਦਾ ਸਤਿਕਾਰ ਕਰਨ ਨਾਲ ਵਿਸ਼ਵਾਸ ਦੀ ਭਾਵਨਾ ਵਿੱਚ ਵਾਧਾ ਹੁੰਦਾ ਹੈ।ਸੰਚਾਰ ਦੋ ਪਾਸੜ ਪ੍ਰਕਿਰਿਆ ਹੈ ਇਸ ਦੀ ਸਫ਼ਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਗੱਲਬਾਤ ਕਹਿਣ ਤੋਂ ਬਾਅਦ ਸਾਹਮਣੇ ਵਾਲਾ ਉਸ ਨੂੰ ਚੰਗੀ ਤਰ੍ਹਾਂ ਸਮਝ ਲਵੇ। ਇਸ ਲਈ ਫੀਡਬੈਕ ਦੀ ਹਮੇਸ਼ਾ ਜਰੂਰਤ ਰਹਿੰਦੀ ਹੈ ।
ਲਗਾਤਾਰ ਪੜ੍ਹਨ ,ਲਿਖਣ, ਸੁਣਨ ਦੀ ਆਦਤ, ਲਗਾਤਾਰ ਅਭਿਆਸ, ਧੀਰਜ ,ਸਹੀ ਸ਼ਬਦਾਂ ਦੀ ਚੋਣ ਅਤੇ ਆਤਮ ਵਿਸ਼ਵਾਸ ਰਾਹੀਂ ਸੰਚਾਰ ਹੁਨਰ ਦੀ ਮੁਹਾਰਤ ਹਾਸਲ ਹੋ ਸਕਦੀ ਹੈ ਅਤੇ ਜੀਵਨ ਦੇ ਹਰ ਖੇਤਰ ਵਿੱਚ ਸਫ਼ਲਤਾ ਹਾਸਲ ਹੋ ਸਕਦੀ ਹੈ। “ਸ਼ਬਦ ਸਿਰਫ਼ ਆਵਾਜ਼ ਨਹੀਂ ਹੁੰਦੇ; ਸਹੀ ਸ਼ਬਦ ਕਿਸੇ ਦੀ ਸੋਚ, ਭਾਵਨਾ ਅਤੇ ਜੀਵਨ ਦੀ ਦਿਸ਼ਾ ਬਦਲ ਸਕਦੇ ਹਨ।”
ਡਾ ਸਤਿੰਦਰ ਸਿੰਘ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ।
9815427554

-
ਡਾ ਸਤਿੰਦਰ ਸਿੰਘ , ਲੇਖਕ/ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ
...
9815427554
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.