ਰੂਪਨਗਰ ਨੂੰ ਮਿਲਿਆ ਵੱਡਾ ਤੋਹਫ਼ਾ: 16.38 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਪੁਲ, ਮੰਤਰੀ ETO ਨੇ ਕਰਵਾਈ ਨਿਰਮਾਣ ਕਾਰਜ ਦੀ ਸ਼ੁਰੂਆਤ
“ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦੀ ਮੁੱਖ ਤਰਜੀਹ” - ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ.
ਨਵੇਂ ਪੁਲ ਨਾਲ ਸ਼ਹਿਰ ਦੀ ਆਵਾਜਾਈ ਵਿਵਸਥਾ ਹੋਵੇਗੀ ਸੁਚਾਰੂ, ਵਪਾਰਕ ਗਤੀਵਿਧੀਆਂ ਨੂੰ ਮਿਲੇਗਾ ਵੱਡਾ ਹੁਲਾਰਾ - ਵਿਧਾਇਕ ਚੱਢਾ
ਦਹਾਕਿਆਂ ਪੁਰਾਣੇ ਪੁਲ ਦੀ ਥਾਂ ਆਧੁਨਿਕ ਸਹੂਲਤ - ਰੂਪਨਗਰ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ
ਮਨਪ੍ਰੀਤ ਸਿੰਘ
ਰੂਪਨਗਰ, 24 ਅਗਸਤ 2026- ਪੰਜਾਬ ਸਰਕਾਰ ਵੱਲੋਂ ਰੂਪਨਗਰ ਦੇ ਬਾਜ਼ਾਰ ਦੀ ਜੀਵਨ-ਰੇਖਾ ਮੰਨੇ ਜਾਂਦੇ ਸਰਹਿੰਦ ਨਹਿਰ ਉੱਤੇ ਸਥਿਤ ਪੁਰਾਣੇ ਪੁਲ ਦੀ ਥਾਂ ਨਵੇਂ ਪੁਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਅੱਜ ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਲਗਭਗ 16.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ 111.24 ਮੀਟਰ ਹਾਈ ਲੈਵਲ ਸਟੀਲ ਬ੍ਰਿਜ ਰੂਪਨਗਰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਅਤੇ ਸਥਾਨਕ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਪ੍ਰਾਜੈਕਟ ਨਾਲ ਸ਼ਹਿਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਇੱਕ ਅਹਿਮ ਲੋੜ ਦੀ ਪੂਰਤੀ ਹੋਈ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਹਿੰਦ ਨਹਿਰ ਉੱਤੇ ਸਥਿਤ ਇਹ ਪੁਲ ਰੂਪਨਗਰ ਦੇ ਬਾਜ਼ਾਰ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਆਪਸ ਵਿੱਚ ਜੋੜਨ ਵਾਲੀ ਇੱਕ ਅਹਿਮ ਕੜੀ ਹੈ। ਪੁਰਾਣੇ ਪੁਲ ਦੀ ਥਾਂ (ਜੋ 1884-85 ਦਾ ਬਣਿਆ ਹੋਇਆ ਸੀ) ਨਵਾਂ ਪੁਲ ਬਣਨ ਨਾਲ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਦੇ ਨਾਲ-ਨਾਲ ਰੋਜ਼ਾਨਾ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਵਧੇਰੇ ਸੁਵਿਧਾਜਨਕ ਅਤੇ ਸੁਰੱਖਿਅਤ ਆਵਾਜਾਈ ਦਾ ਮਾਧਿਅਮ ਸਾਬਿਤ ਹੋਵੇਗਾ। ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਨਵੇਂ ਪੁਲ ਦੇ ਨਿਰਮਾਣ ਨਾਲ ਰੂਪਨਗਰ ਬਾਜ਼ਾਰ ਵਿੱਚ ਆਉਣ ਵਾਲੇ ਲੋਕਾਂ ਅਤੇ ਵਪਾਰੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਇਸ ਨਾਲ ਸ਼ਹਿਰ ਦੀਆਂ ਵਪਾਰਕ ਗਤੀਵਿਧੀਆਂ ਨੂੰ ਨਵਾਂ ਹੁਲਾਰਾ ਮਿਲਣ ਦੇ ਨਾਲ-ਨਾਲ ਰੂਪਨਗਰ ਦੇ ਬੁਨਿਆਦੀ ਢਾਂਚੇ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ।
ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਉਦੇਸ਼ ਲੋਕਾਂ ਨੂੰ ਬਿਹਤਰ ਅਤੇ ਸੁਚਾਰੂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਨਵਾਂ ਪੁਲ ਤਿਆਰ ਹੋਣ ਉਪਰੰਤ ਰੂਪਨਗਰ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ ਅਤੇ ਸ਼ਹਿਰ ਦੀਆਂ ਵਪਾਰਕ ਗਤੀਵਿਧੀਆਂ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ। ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੂਪਨਗਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਸ ਅਹਿਮ ਮੰਗ ਨੂੰ ਪੂਰਾ ਕਰਦਿਆਂ ਸਰਕਾਰ ਨੇ ਸ਼ਹਿਰ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 16.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਨਵਾਂ ਪੁਲ ਰੂਪਨਗਰ ਦੇ ਭਵਿੱਖੀ ਵਿਕਾਸ ਨਾਲ ਜੁੜਿਆ ਇੱਕ ਮਹੱਤਵਪੂਰਨ ਪ੍ਰਾਜੈਕਟ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਹਲਕੇ ਵਿੱਚ ਕੁੱਲ 09 ਪੁੱਲ ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਨਵੇਂ ਪੁਲ ਦੇ ਨਿਰਮਾਣ ਨਾਲ ਸ਼ਹਿਰ ਦੀ ਆਵਾਜਾਈ ਵਿਵਸਥਾ ਹੋਰ ਸੁਚਾਰੂ ਹੋਵੇਗੀ ਅਤੇ ਰੂਪਨਗਰ ਬਾਜ਼ਾਰ ਦੀਆਂ ਵਪਾਰਕ ਗਤੀਵਿਧੀਆਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਇਸ ਪ੍ਰਾਜੈਕਟ ਨੂੰ ਰੂਪਨਗਰ ਦੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ। ਨਵੇਂ ਪੁਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਨਾਲ ਰੂਪਨਗਰ ਸ਼ਹਿਰ ਦੇ ਵਸਨੀਕਾਂ ਅਤੇ ਵਪਾਰਕ ਵਰਗ ਵਿੱਚ ਖੁਸ਼ੀ ਦੀ ਲਹਿਰ ਹੈ। ਲੋਕਾਂ ਦਾ ਮੰਨਣਾ ਹੈ ਕਿ ਨਵਾਂ ਪੁਲ ਬਣਨ ਨਾਲ ਨਾ ਸਿਰਫ਼ ਆਵਾਜਾਈ ਸੁਖਾਲੀ ਹੋਵੇਗੀ, ਸਗੋਂ ਰੂਪਨਗਰ ਬਾਜ਼ਾਰ ਦੀਆਂ ਵਪਾਰਕ ਗਤੀਵਿਧੀਆਂ ਨੂੰ ਵੀ ਨਵਾਂ ਹੁਲਾਰਾ ਮਿਲੇਗਾ।
ਇਸ ਮੌਕੇ ਐਸਡੀਐਮ ਰੂਪਨਗਰ ਜਸਪ੍ਰੀਤ ਸਿੰਘ, ਐਕਸੀਅਨ ਐੱਸ ਐੱਸ ਭੁੱਲਰ, ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਰਾਜੂ ਸਤਿਆਲ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਤਿੰਦਰ ਕੌਰ, ਵਾਈਸ ਚੇਅਰਮੈਨ ਦੇਸ ਰਾਜ ਸੈਣੀ, ਚੇਅਰਮੈਨ ਬਲਾਕ ਸੰਮਤੀ ਰੂਪਨਗਰ ਮਲਕੀਤ ਸਿੰਘ ਭੰਗੂ, ਚੇਅਰਮੈਨ ਮਾਰਕੀਟ ਕਮੇਟੀ ਭਾਗ ਸਿੰਘ ਮਦਾਨ, ਚੇਅਰਮੈਨ ਇੰਮਪਰੂਵਮੇਂਟ ਟਰੱਸਟ ਸ਼ਿਵ ਕੁਮਾਰ ਲਾਲਪੁਰਾ, ਸੀਨੀਅਰ ਵਾਈਸ ਪ੍ਰਧਾਨ ਸੰਗੀਤਾ ਕਾਲੀਆ, ਵਾਈਸ ਪ੍ਰਧਾਨ ਸੁਰਜੀਤ ਕੌਰ, ਪਰਮਿੰਦਰ ਸਿੰਘ ਬਾਲਾ, ਲਲਿਤ ਸੈਣੀ ਡਕਾਲਾ, ਜ਼ਿਲ੍ਹਾ ਯੂਥ ਪ੍ਰਧਾਨ ਚੇਤਨ ਕਾਲੀਆ, ਵਪਾਰ ਮੰਡਲ ਦੇ ਚੇਅਰਮੈਨ ਪਰਵਿੰਦਰਪਾਲ ਸਿੰਘ ਬਿੰਟਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਵਾਹੀ, ਅਮਨਦੀਪ ਸਿੰਘ, ਚੇਅਰਮੈਨ ਵਪਾਰ ਮੰਡਲ ਮਹਿੰਦਰ ਸਿੰਘ, ਓਮਰਾਓ ਸਿੰਘ ਸੈਣੀ, ਬਨਵਾਰੀ ਲਾਲ ਮੱਟੂ, ਐੱਮਸੀ ਸੁਖਜਿੰਦਰ ਫੌਜੀ, ਐਡਵੋਕੇਟ ਅਮਨਦੀਪ ਸੈਣੀ, ਜਗਜੀਤ ਕੁਮਾਰ ਜੱਗੀ, ਆਮ ਆਦਮੀ ਪਾਰਟੀ ਦੇ ਸਮੂਹ ਵਰਕਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
- Download Babushahi App
-
-