ਸਤਲੁਜ ਦੇ ਪਾਣੀ ਨੂੰ ਬਚਾਉਣ ਲਈ ਹਿਮਾਚਲ ਪ੍ਰਦੇਸ਼ ਸਟੇਟ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਂਝੀ ਜਾਂਚ ਟੀਮ ਬਣਾਈ ਜਾਵੇਗੀ: ਦਿਨੇਸ਼ ਚੱਢਾ
ਮਨਪ੍ਰੀਤ ਸਿੰਘ
ਰੂਪਨਗਰ, 24 ਅਗਸਤ 2026- ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਹੈੱਡ ਵਰਕਸ ਵਿਖੇ ਉਦਯੋਗਿਕ ਰਹਿੰਦ-ਖੂੰਹਦ ਦੇ ਚਿੰਤਾਜਨਕ ਢੰਗ ਨਾਲ ਇਕੱਠਾ ਹੋਣ ਦੇ ਮੱਦੇਨਜ਼ਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਰੂਪਨਗਰ ਵੱਲੋਂ ਇਸ ਮਾਮਲੇ ਨੂੰ ਸਕੱਤਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਹਿਮਾਚਲ ਪ੍ਰਦੇਸ਼ ਸਟੇਟ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ਾਮਲ ਕਰਕੇ ਇੱਕ ਸਾਂਝੀ ਜਾਂਚ ਟੀਮ ਗਠਿਤ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਇਹ ਪ੍ਰਸਤਾਵਿਤ ਸਾਂਝੀ ਟੀਮ ਹਿਮਾਚਲ ਪ੍ਰਦੇਸ਼ ਦੇ ਬੱਦੀ-ਨਾਲਾਗੜ੍ਹ ਅਤੇ ਗੋਲਥਾਈ ਸਮੇਤ ਪੂਰੇ ਸਿਰਸਾ-ਸਵਾਂ-ਸਤਲੁਜ ਡਰੇਨੇਜ ਸਿਸਟਮ ਅਤੇ ਉਦਯੋਗਿਕ ਖੇਤਰਾਂ ਦੀ ਜਾਂਚ ਕਰੇਗੀ।
ਹਿਮਾਚਲ ਪ੍ਰਦੇਸ਼ ਦੀਆਂ ਸਨਅਤਾਂ ਵੱਲੋਂ ਸਤਲੁਜ ਵਿੱਚ ਜ਼ਹਿਰੀਲੇ ਅਤੇ ਖ਼ਤਰਨਾਕ ਉਦਯੋਗਿਕ ਪਦਾਰਥ ਸੁੱਟੇ ਜਾਣ ’ਤੇ ਗੰਭੀਰ ਮਾਮਲੇ ਉਤੇ ਚਿੰਤਾ ਪ੍ਰਗਟ ਕਰਦਿਆਂ ਸ੍ਰੀ ਚੱਢਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਉਨ੍ਹਾਂ ਸਨਅਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਡਰੇਨੇਜ ਅਤੇ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਸਟੇਟ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਉਦਯੋਗਿਕ ਇਕਾਈਆਂ ਅਤੇ ਸਾਂਝੇ ਨਾਲਿਆਂ ਤੋਂ ਸਿਰਸਾ/ਸਵਾਂ ਦਰਿਆ ਵੱਲ ਜਾਣ ਵਾਲੇ ਸਾਰੇ ਗੈਰ-ਅਧਿਕਾਰਤ ਆਊਟਲੈਟਾਂ ਦੀ ਪਛਾਣ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਮਾਨਸੂਨ ਦੌਰਾਨ ਵਿਸ਼ੇਸ਼ ਨਿਗਰਾਨੀ ਮੁਹਿੰਮ ਚਲਾਉਣੀ ਚਾਹੀਦੀ ਹੈ, ਜਿਸ ਵਿੱਚ ਰਾਤ ਸਮੇਂ ਜਾਂਚ ਅਤੇ ਨਾਲਿਆਂ ਤੇ ਉਦਯੋਗਿਕ ਆਊਟਲੈਟਾਂ ਤੋਂ ਅਚਨਚੇਤ ਸੈਂਪਲ ਲੈਣੇ ਵੀ ਸ਼ਾਮਲ ਹੋਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਗੰਭੀਰ ਉਲੰਘਣਾ ਦੇ ਮਾਮਲੇ ਨੂੰ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਹਮਣੇ ਪੂਰੀ ਮਜ਼ਬੂਤੀ ਨਾਲ ਰੱਖੇਗੀ ਤਾਂ ਜੋ ਜ਼ਿੰਮੇਵਾਰੀ ਤੈਅ ਕਰਨ ਅਤੇ ਸਮੇਂਬੱਧ ਸੀਮਾ ਵਿਚ ਕਾਰਵਾਈ ਯਕੀਨੀ ਬਣਾਉਣ ਲਈ ਢੁਕਵਾਂ ਅੰਤਰਰਾਜੀ ਕਮੇਟੀ ਨੂੰ ਗਠਿਤ ਕੀਤਾ ਜਾ ਸਕੇ, ਕਿਉਂਕਿ ਇਸ ਪਾਣੀ ਦੇ ਸਰੋਤ ਦੀ ਵਰਤੋਂ ਪੀਣ ਵਾਲੇ ਪਾਣੀ ਅਤੇ ਸਿੰਚਾਈ ਲਈ ਵੀ ਕੀਤੀ ਜਾਂਦੀ ਹੈ।
ਮਾਮਲੇ ਦੀ ਤਕਨੀਕੀ ਜਾਂਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ ਡੀ ਓ ਆਦਿੱਤਿਆ ਸ਼ਰਮਾ, ਐੱਸ ਡੀ ਓ ਹਰਸਿਮਰਨ ਸਿੰਘ ਸੋਢੀ ਅਤੇ ਜੇ ਈ ਬਲਪ੍ਰੀਤ ਸਿੰਘ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਟੀਮ ਵੱਲੋਂ ਦੇਖਿਆ ਗਿਆ ਕਿ ਰੋਪੜ ਹੈੱਡਵਰਕਸ ਦੇ ਗੇਟਾਂ ਕੋਲ ਵੱਡੀ ਮਾਤਰਾ ਵਿੱਚ ਪਲਾਸਟਿਕ (ਬੋਤਲਾਂ ਅਤੇ ਹੋਰ ਸਮੱਗਰੀ), ਉਦਯੋਗਿਕ ਰਹਿੰਦ-ਖੂੰਹਦ, ਥਰਮਾਕੋਲ ਅਤੇ ਬਨਸਪਤੀ ਰਹਿੰਦ-ਖੂੰਹਦ ਇਕੱਠੀ ਹੋਈ ਹੋਈ ਸੀ, ਜਿਸ ਕਾਰਨ ਦਰਿਆ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਹੈ।
ਸ੍ਰੀ ਚੱਢਾ ਨੇ ਕਿਹਾ ਕਿ ਮਾਮਲੇ ਦਾ ਨੋਟਿਸ ਲੈਂਦਿਆਂ ਉਹ ਐਤਵਾਰ ਨੂੰ ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਸਮੇਤ ਰੋਪੜ ਹੈੱਡਵਰਕਸ ਵਿਖੇ ਮੌਜੂਦ ਰਹੇ। ਇਸ ਮਾਮਲੇ ਵਿੱਚ ਬੱਦੀ-ਨਾਲਾਗੜ੍ਹ ਦੀਆਂ ਫੈਕਟਰੀਆਂ ਦੇ ਮਾਲਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ ਐਨ ਐਸ) ਦੀਆਂ ਧਾਰਾਵਾਂ 270, 271, 279 ਅਤੇ 280, ਪਾਣੀ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ ਦੀਆਂ ਧਾਰਾਵਾਂ 24 ਅਤੇ 43 ਅਤੇ ਵਾਤਾਵਰਨ ਸੰਭਾਲ ਐਕਟ ਦੀ ਧਾਰਾ 7 ਤਹਿਤ ਐਫ਼ ਆਈ ਆਰ ਦਰਜ ਕੀਤੀ ਗਈ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਮਾਨਸੂਨ ਦੌਰਾਨ ਕੁਝ ਸਨਅਤਾਂ ਮੀਂਹ ਦਾ ਫਾਇਦਾ ਉਠਾ ਕੇ ਜ਼ਹਿਰੀਲੇ ਰਸਾਇਣ, ਉਦਯੋਗਿਕ ਰਹਿੰਦ-ਖੂੰਹਦ, ਕੂੜਾ, ਪਲਾਸਟਿਕ ਅਤੇ ਹੋਰ ਕਚਰਾ ਦਰਿਆਵਾਂ ਅਤੇ ਨਾਲਿਆਂ ਵਿੱਚ ਛੱਡ ਦਿੰਦੀਆਂ ਹਨ, ਜਿਸ ਨਾਲ ਆਖ਼ਰਕਾਰ ਸਤਲੁਜ ਦਰਿਆ ਪ੍ਰਦੂਸ਼ਿਤ ਹੁੰਦਾ ਹੈ।
- Download Babushahi App
-
-