Babushahi Special ਸੰਗਰੂਰ ਪੁਲਿਸ ਦੀ ਆਪ ਮੁਹਾਰੀ ਜਲ ਤੋਪ ਨੇ ਝੰਬ ਸੁੱਟੇ ਆਪਣੇ ਹੀ ਮੁਲਾਜ਼ਮ
ਅਸ਼ੋਕ ਵਰਮਾ
ਬਠਿੰਡਾ , 24 ਅਗਸਤ 2026 : ਐਤਵਾਰ ਨੂੰ ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਜਾਣ ਤੋਂ ਰੋਕਣ ਲਈ ਤਾਇਨਾਤ ਕੀਤੀਆਂ ਸੰਗਰੂਰ ਪੁਲਿਸ ਦੀਆਂ ਜਲ ਤੋਪਾਂ ਨੇ ਆਪਣੇ ਹੀ ਪੁਲਿਸ ਮੁਲਾਜਮ ਝੰਬ ਦਿੱਤੇ ਜਿੰਨ੍ਹਾਂ ਵਿੱਚ ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਸੂਤਰ ਦੱਸਦੇ ਹਨ ਕਿ ਮੁਜ਼ਾਹਰਾਕਾਰੀਆਂ ਦੇ ਭਾਰੀ ਇਕੱਠ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਕਾਹਲੀ ਕਾਹਲੀ ਵਿੱਚ ਵਾਟਰ ਕੈਨਨ ’ਤੇ ਅਜਿਹੇ ਮੁਲਾਜਮ ਤਾਇਨਾਤ ਕਰ ਦਿੱਤੇ ਜਿੰਨ੍ਹਾਂ ਨੂੰ ਜਲ ਤੋਪਾਂ ਚਲਾਉਣ ਦਾ ਢੁੱਕਵਾਂ ਤਜ਼ਰਬਾ ਨਹੀਂ ਸੀ। ਇਸ ਮੌਕੇ ਜਦੋਂ ਮੁਜ਼ਾਹਰਾਕਾਰੀ ਮੁਲਾਜਮ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਅਧਿਕਾਰੀਆਂ ਦੇ ਹੁਕਮਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਦੌਰਾਨ ਪੁਲਿਸ ਦੀ ਇੱਕ ਵਾਟਰ ਕੈਨਨ ਦਾ ਨਿਸ਼ਾਨਾ ਖੁੰਝ ਗਿਆ ਅਤੇ ਖੁਦ ਨੂੰ ਸਰੱਖਿਅਤ ਸਮਝਣ ਵਾਲੇ ਪੁਲਿਸ ਦੇ ਵੱਡੀ ਗਿਣਤੀ ਪੁਰਸ਼ ਅਤੇ ਮਹਿਲਾ ਮੁਲਾਜਮ ਪਾਣੀ ਦੀ ਮਾਰ ਹੇਠ ਆ ਗਏ।
ਇਸ ਸਬੰਧ ’ਚ ਯੂਟਿਊਬ ਮੀਡੀਆ ਦੀਆਂ ਸਾਹਮਣੇ ਆਈਆਂ ਵੀਡੀਓਜ਼ ’ਚ ਸਪਸ਼ਟ ਦਿਖਾਈ ਦਿੰਦਾ ਹੈ ਕਿ ਕਿਸ ਤਰਾਂ ਪੁਲਿਸ ਮੁਲਾਜਮਾਂ ਦੇ ਕੱਪੜੇ ਅਤੇ ਹੋਰ ਸਾਜ਼ੋ ਸਮਾਨ ਭਿੱਜਿਆ ਹੋਇਆ ਹੈ ਜਦੋਂਕਿ ਕਈ ਮਹਿਲਾ ਪੁਲਿਸ ਕਰਮਚਾਰੀਆਂ ਮਸਾਂ ਬਚੀਆਂ ਹਨ। ਫਸਲ ’ਚ ਡਿੱਗੀ ਇੱਕ ਮਹਿਲਾ ਮੁਲਾਜਮ ਨੂੰ ਇੱਕ ਮੁਜਾਹਰਾਕਾਰੀ ਨੇ ਸਹਾਰਾ ਦੇਕੇ ਖੜ੍ਹਾ ਕੀਤਾ। ਇਸ ਮੌਕੇ ਦੇਖਣ ’ਚ ਆਇਆ ਕਿ ਮਹਿਲਾ ਪੁਲਿਸ ਮੁਲਾਜਮਾਂ ਬੁਰੀ ਤਰਾਂ ਘਬਰਾਈਆਂ ਹੋਈਆਂ ਸਨ। ਇਸ ਮੌਕੇ ਤਾਇਨਾਤ ਕਈ ਪੁਲਿਸ ਮੁਲਾਜਮਾਂ ਦਾ ਆਪਣਾ ਜਰੂਰੀ ਸਮਾਨ ਵਗੈਰਾ ਵੀ ਪਾਣੀ ਕਾਰਨ ਖਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਧਰਨਾਕਾਰੀ ਮੁਲਾਜਮ ਦੱਸਦੇ ਹਨ ਕਿ ਇਸ ਦੌਰਾਨ ਸਿਰਫ ਰਾਹਤ ਇਹੋ ਰਹੀ ਕਿ ਕਿਸੇ ਕਿਸਮ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਉਂਜ ਪੁਲਿਸ ਦੀ ਇਸ ਕਾਰਵਾਈ ਦੌਰਾਨ ਮੁੱਖ ਮੰਤਰੀ ਦੇ ਪਿੰਡ ਧਰਨਾ ਦੇਣ ਜਾ ਰਹੇ ਕੁੱਝ ਮੁਲਾਜਮਾਂ ਦੀਆਂ ਪੱਗਾਂ ਲੱਥ ਗਈਆਂ ਜਦੋਂਕਿ ਕਈਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।
ਇੱਕ ਮੁਜ਼ਾਹਰਾਕਾਰੀ ਮੁਲਾਜਮ ਨੇ ਦੱਸਿਆ ਕਿ ਜਦੋਂ ਪੁਲਿਸ ਮੁਲਾਜਮਾਂ ਨੂੰ ਜਲ ਤੋਪ ਪਾਣੀ ਨਾਲ ਗੜੁੱਚ ਕਰ ਰਹੀ ਸੀ ਤਾਂ ਉਹ ਮੌਕੇ ’ਤੇ ਹਾਜਰ ਅਧਿਕਾਰੀਆਂ ਵੱਲੋਂ ਹੁਕਮ ਦੇਣ ਦੇ ਬਾਵਜੂਦ ਬੰਦ ਨਾਂ ਹੋਈ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਪੁਲਿਸ ਦੀ ਮਨਸ਼ਾ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵੱਲ ਵਧ ਰਹੇ ਸਰਕਾਰੀ ਮੁਲਾਜਮਾਂ ਦੇ ਕਾਫਲਿਆਂ ਨੂੰ ਖਦੇੜਨ ਦੀ ਸੀ ਪਰ ਪਾਣੀ ਦੇ ਹੱਲਿਆਂ ਨੇ ਆਪਣੇ ਹੀ ਪੁਲਿਸ ਮੁਲਾਜਮਾਂ ਦੇ ਪੈਰ ਕੱਢ ਦਿੱਤੇ। ਸੂਤਰ ਆਖਦੇ ਹਨ ਕਿ ਜਲ ਤੋਪਾਂ ਨੂੰ ਸਿਰਫ ਆਪਰੇਟਰ ਹੀ ਚਲਾਉਂਦੇ ਹਨ ਜਿੰਨ੍ਹਾਂ ਨੂੰ ਬਕਾਇਦਾ ਸਿਖਲਾਈ ਦਿੱਤੀ ਜਾਂਦੀ ਹੈ। ਜਦੋਂ ਜਲ ਤੋਪ ਚਲਾਉਣੀ ਹੁੰਦੀ ਹੈ ਤਾਂ ਪਹਿਲਾਂ ਗੱਡੀ ਦੀ ਰੇਸ ਦੱਬਕੇ ਪਾਣੀ ਦਾ ਪ੍ਰੈਸ਼ਰ ਬਣਾਉਣਾ ਪੈਂਦਾ ਹੈ। ਦੱਸਦੇ ਹਨ ਕਿ ਹਰੇਕ ਜਲ ਤੋਪ ਵਿੱਚ ਦੋ ਵੱਖ ਵੱਖ ਹੈਂਡਲ ਲੱਗੇ ਹੁੰਦੇ ਹਨ ਜਿੰਨ੍ਹਾਂ ਰਾਹੀਂ ਹੀ ਟੈਂਕੀ ਵਿਚਲੇ ਪਾਣੀ ਦੀਆਂ ਬੁਛਾੜਾਂ ਨੂੰ ਦਿਸ਼ਾ ਦਿੱਤੀ ਜਾਂਦੀ ਹੈ।
ਮੈਨੂਅਲ ਜਲ ਤੋਪ ਵਿੱਚ ਕੋਈ ਤਕਨੀਕੀ ਗੁੰਝਲਾਂ ਨਾ ਹੋਣ ਕਰਕੇ ਆਪਰੇਟਰ ਖੁਦ ਹੈਂਡਲਾਂ ਰਾਹੀਂ ਪਾਣੀ ਦੀਆਂ ਬੁਛਾੜਾਂ ਦੀ ਦਿਸ਼ਾ ਨਿਰਧਾਰਤ ਕਰਦੇ ਹਨ। ਜਲ ਤੋਪ ਚਲਾਉਣ ਵਾਲੇ ਨੂੰ ਭੀੜ ਪੂਰੀ ਤਰਾਂ ਨਜ਼ਰ ਆਉਂਦੀ ਹੈ ਅਤੇ ਉਸ ਨੂੰ ਪਤਾ ਹੁੰਦਾ ਹੈ ਕਿ ਪੁਲਿਸ ਮੁਲਾਜਮਾਂ ਜਾਂ ਅਧਿਕਾਰੀ ਕਿਸ ਤਰਫ ਖਲੋਤੇ ਹਨ। ਇਸ ਸਭ ਦੇ ਮੱਦੇਨਜ਼ਰ ਆਪਰੇਟਰ ਪਾਣੀ ਦੀਆਂ ਬੁਛਾੜਾਂ ਉਸ ਦਿਸ਼ਾ ਵੱਲ ਨਹਂੀ ਛੱਡਦਾ ਹੈ। ਹਾਲਾਂਕਿ ਇਹ ਤਾਂ ਨਹੀਂ ਪਤਾ ਲੱਗ ਸਕਿਆ ਕਿ ਇਸ ਮੌਕੇ ਮੈਨੂੰਅਲ ਜਲ ਤੋਪਾਂ ਤਾਇਨਾਤ ਕੀਤੀਆਂ ਗਈਆਂ ਸਨ ਜਾਂ ਫਿਰ ਹਾਈਡਰੋਲਿਕ ਪਰ ਹਕੀਕਤ ਇਹ ਹੈ ਕਿ ਦਿਸ਼ਾਵਾਂ ਸਬੰਧੀ ਜਾਣਕਾਰੀ ਦੀ ਅਣਹੋਂਦ ਵਿੱਚ ਪਾਣੀ ਦੇ ਜਬਰਦਸਤ ਛੜਾਕਿਆਂ ਨੇ ਪੁਲਿਸ ਮੁਲਾਜਮਾਂ ਦੀ ਤੌਬਾ ਕਰਵਾ ਦਿੱਤੀ । ਇੱਕ ਮੁਲਾਜਮ ਨੇ ਕਿਹਾ ਕਿ ਪੁਲਿਸ ਕਰਮਚਾਰੀ ਤਾਂ ਖਲੋਤੇ ਅਜੇ ਸਥਿਤੀ ਦਾ ਜਾਇਜਾ ਹੀ ਲੈ ਰਹੇ ਸਨ ਪਰ ਅਚਾਨਕ ਵੱਜੀਆਂ ਜੋਰਦਾਰ ਬੁਛਾੜਾਂ ਨੇ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ।
ਜਲ ਤੋਪ ਦੀ ਸਿਖਲਾਈ ਅਹਿਮ
ਪੁਲਿਸ ਦੇ ਇੱਕ ਸੇਵਾਮੁਕਤ ਅਧਿਕਾਰੀ ਦਾ ਕਹਿਣਾ ਸੀ ਕਿ ਜਲ ਤੋਪ ਨੂੰ ਚਲਾਉਣ ਦੇ ਮਾਮਲੇ ’ਚ ਸਿਖਲਾਈ ਬੇਹੱਦ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਆਪਣੇ ਤਜ਼ਰਬੇ ਦੇ ਅਧਾਰ ’ਤੇ ਦੱਸਿਆ ਕਿ ਪਾਣੀ ਦਾ ਪ੍ਰੈਸ਼ਰ ਹੀ ਐਨਾ ਜਿਆਦਾ ਹੁੰਦਾ ਹੈ ਜੋ ਉਸ ਦੀ ਲਪੇਟ ਵਿੱਚ ਆਈ ਭੀੜ ਦੀ ਇੱਕ ਵਾਰ ਸੁਰਤ ਭੁਲਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਕਾਫੀ ਸਾਲ ਪਹਿਲਾਂ ਚੰਡੀਗੜ੍ਹ ਪੁਲਿਸ ਦੀ ਹਾੲਡਰੋਲਿਕ ਜਲ ਤੋਪ ਦੇ ਗਲ੍ਹਤ ਨਿਸ਼ਾਨੇ ਨੇ ਇੱਕ ਪੁਲਿਸ ਅਧਿਕਾਰੀ ਨੂੰ ਐਨੀਂ ਬੁਰੀ ਤਰਾਂ ਝੰਬ ਸੁੱਟਿਆ ਸੀ ਕਿ ਉਸ ਨੂੰ ਨੀਮਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ। ਉਨ੍ਹਾਂ ਦੱਸਿਆ ਕਿ ਜਲ ਤੋਪ ਦੇ ਗਲ੍ਹਤ ਨਿਸ਼ਾਨਿਆਂ ਕਾਰਨ ਪੱਗਾਂ ਲੱਥਣੀਆਂ ਅਤੇ ਸੱਟ ਲੱਗਣੀਆਂ ਤਾਂ ਆਮ ਜਿਹੀ ਗੱਲ ਹੈ।
ਨਿਰੋਲ ਗੈਰਜਮਹੂਰੀ ਵਰਤਾਰਾ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਜਮਹੂਰੀਅਤ ’ਚ ਅਜਿਹੇ ਗੈਰਜਮਹੂਰੀ ਵਰਤਾਰਿਆਂ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਏਦਾਂ ਜਬਰ ਕਰਨ ਦੀ ਮਸਲਿਆਂ ਦੇ ਹੱਲ ਵੱਲ ਵਧਣਾ ਚਾਹੀਦਾ ਹੈ ।
ਐਸਐਸਪੀ ਨੇ ਫੋਨ ਨਹੀਂ ਚੁੱਕਿਆ
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਦੋ ਵਾਰ ਸੰਪਰਕ ਕਰਨ ’ਤੇ ਐਸਐਸਪੀ ਸੰਗਰੂਰ ਡਾ ਰਵਜੋਤ ਕੌਰ ਗਰੇਵਾਲ ਨੇ ਫੋਨ ਨਹੀਂ ਚੁੱਕਿਆ ਜਦੋਂਕਿ ਇੱਕ ਵਾਰ ਉਨ੍ਹਾਂ ਨੇ ਫੋਨ ਕੱਟ ਦਿੱਤਾ।
- Download Babushahi App
-
-