ਲਾਲੜੂ-ਹੰਡੇਸਰਾ ਸੰਪਰਕ ਸੜਕ ਦੀ ਖ਼ਸਤਾ ਹਾਲਤ ਨੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ‘ਚ ਵਿਘਨ ਪਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 25 ਅਗਸਤ 2026: ਕਰੀਬ ਇੱਕ ਦਹਾਕੇ ਦੀ ਖੱਜਲ -ਖੁਆਰੀ ਤੋਂ ਬਾਅਦ ਬਣੀ ਲਾਲੜੂ-ਹੰਡੇਸਰਾ ਸੰਪਰਕ ਸੜਕ ਦੀ ਰਿਪੇਅਰ ਲਈ ਉਤਾਰੀ ਗਈ ਉਪਰਲੀ ਪਰਤ ਇਲਾਕਾ ਵਾਸੀਆਂ ਲਈ ਵੱਡੀ ਮੁਸੀਬਤ ਬਣ ਗਈ ਹੈ । ਰਾਹਗੀਰਾਂ ਤੇ ਪ੍ਰਤੱਖਦਰਸੀਆਂ ਅਨੁਸਾਰ ਸੜਕ ਦੀ ਮੁਰੰਮਤ ਦੇ ਨਾਂ ’ਤੇ ਠੇਕੇਦਾਰ ਵੱਲੋਂ ਇਸ ਨੂੰ ਥਾਂ-ਥਾਂ ਤੋਂ ਪੁੱਟ ਦਿੱਤਾ ਗਿਆ ਹੈ, ਪਰ ਕੰਮ ਸਮੇਂ ਸਿਰ ਮੁਕੰਮਲ ਨਾ ਹੋਣ ਕਾਰਨ ਸੜਕ ਹੋਰ ਵੀ ਖ਼ਤਰਨਾਕ ਬਣ ਗਈ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਹੁਣ ਇਸ ਸੜਕ ਤੋਂ ਇੱਕ ਵਾਰ ਲੰਘਣ ਵਾਲੇ ਵਾਹਨ ਦਾ ਸੰਤੁਲਨ ਇੱਕ ਵਾਰੀ ਵਿਚ ਹੀ ਵਿਗੜ ਜਾਂਦਾ ਹੈ ,ਜਦਕਿ ਜੇਕਰ ਬਦਕਿਸਮਤੀ ਨਾਲ ਕੋਈ ਇਸ ਸੜਕ ਉਤੇ ਡਿੱਗ ਜਾਵੇ ਤਾਂ ਉਸ ਦਾ ਬਚਣਾ ਨਾ ਮੁਮਕਿਨ ਹੈ । ਖ਼ਾਸ ਕਰਕੇ ਰਾਤ ਸਮੇਂ ਇਨ੍ਹਾਂ ਟੋਇਆਂ ਅਤੇ ਉਤਾਰੀ ਗਈ ਉਪਰਲੀ ਪਰਤ ਕਾਰਨ ਸੜਕ ਦਾ ਪਤਾ ਨਾ ਲੱਗਣ ਦੇ ਚਲਦਿਆਂ ਵਾਹਨ ਚਾਲਕਾਂ ਨੂੰ ਵਧੇਰੇ ਪ੍ਰੇਸ਼ਾਨੀ ਹੁੰਦੀ ਹੈ। ਰਾਹਗੀਰਾਂ ਦਾ ਦੋਸ਼ ਹੈ ਕਿ ਸੜਕ ਦੀ ਮਾੜੀ ਹਾਲਤ ਕਾਰਨ ਨਿੱਤ ਦਿਨ ਛੋਟੀਆਂ-ਵੱਡੀਆਂ ਦੁਰਘਟਨਾਵਾਂ ਵਾਪਰ ਰਹੀਆਂ ਹਨ। ਰਾਹਗੀਰਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਇਸ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਵੀਂ ਸੜਕ ਦਾ ਕੰਮ ਪੂਰਾ ਨਹੀਂ ਹੁੰਦਾ, ਉਦੋਂ ਤੱਕ ਘੱਟੋ-ਘੱਟ ਸੜਕ ਦੇ ਖ਼ਰਾਬ ਹਿੱਸਿਆਂ ’ਤੇ ਪੈਚ ਵਰਕ ਕਰਵਾ ਕੇ ਰਾਹਗੀਰਾਂ ਨੂੰ ਕੁਝ ਰਾਹਤ ਦਿੱਤੀ ਜਾ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੁੱਟੇ ਗਏ ਹਿੱਸਿਆਂ ਨੂੰ ਸੁਰੱਖਿਅਤ ਢੰਗ ਨਾਲ ਬੰਦ ਕਰਨ ਦੇ ਨਾਲ-ਨਾਲ ਰਾਤ ਸਮੇਂ ਚਿਤਾਵਨੀ ਸੰਕੇਤ ਅਤੇ ਲੋੜੀਂਦੀ ਰੌਸ਼ਨੀ ਦਾ ਪ੍ਰਬੰਧ ਵੀ ਕੀਤਾ ਜਾਵੇ। ਇਲਾਕਾ ਵਾਸੀਆਂ ਅਨੁਸਾਰ ਉਕਤ ਸੜਕ ਦੀ ਨਿਰਧਾਰਿਤ ਮਿਆਦ ਵੀ ਪੂਰੀ ਹੋ ਚੁੱਕੀ ਹੈ ਤੇ ਉਨ੍ਹਾਂ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਕਿਸੇ ਹੋਰ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਸੜਕ ਦਾ ਕੰਮ ਤੁਰੰਤ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਰਾਹਗੀਰਾਂ ਦੀਆਂ ਕੀਮਤੀ ਜਾਨਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਸ ਸਬੰਧੀ ਸੰਪਰਕ ਕਰਨ ਉਤੇ ਪੀਡਬਲਿਊਡੀ ਦੇ ਐਸਡੀਓ ਜਸਪਾਲ ਸਿੰਘ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਕਾਰਨ ਲੁੱਕ ਪਾਉਣ ਵਿੱਚ ਦਿੱਕਤ ਹੈ ਤੇ ਕਈ ਆਬਾਦੀ ਵਾਲੇ ਪਿੰਡਾਂ ਵਿਚ ਸੜਕ ਉਪਰ ਟਾਈਲਾਂ ਲਗਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ 31 ਅਕਤੁਬਰ ਤੱਕ ਹਰ ਹਾਲ ਵਿੱਚ ਪੂਰਾ ਕਰ ਲਿਆ ਜਾਵੇਗਾ।
- Download Babushahi App
-
-