Canada: ਤਰਕਸ਼ੀਲ ਕਲਚਰ ਸੁਸਾਇਟੀ (ਕੈਨੇਡਾ) ਸਰੀ ਵੱਲੋਂ ਧਰਮ, ਤਰਕ ਤੇ ਵਿਗਿਆਨ ਦੀ ਲੋੜ ਅਤੇ ਚੁਣੌਤੀਆਂ ’ਤੇ ਸੈਮੀਨਾਰ
ਹਰਦਮ ਮਾਨ
ਸਰੀ, 24 ਅਗਸਤ 2026- ਤਰਕਸ਼ੀਲ ਕਲਚਰ ਸੁਸਾਇਟੀ ਕੈਨੇਡਾ, ਸਰੀ ਵੱਲੋਂ ‘ਧਰਮ, ਤਰਕ ਤੇ ਵਿਗਿਆਨ-ਲੋੜ ਅਤੇ ਚੁਣੌਤੀਆਂ’ ਵਿਸ਼ੇ ’ਤੇ ਇੱਕ ਵਿਚਾਰ ਉਤੇਜਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਬੁੱਧੀਜੀਵੀਆਂ, ਸਾਹਿਤਕਾਰਾਂ, ਵਿਗਿਆਨਕ ਸੋਚ ਦੇ ਹਾਮੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਸ਼ਮੂਲੀਅਤ ਕਰਦਿਆਂ ਅਜੋਕੇ ਸਮੇਂ ਵਿੱਚ ਤਰਕਸ਼ੀਲਤਾ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਲੋੜ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ।
ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਹੇਅਰ ਨੇ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਵਿਚਾਰ ਗੋਸ਼ਟੀਆਂ ਦਾ ਮਕਸਦ ਲੋਕਾਂ ਨੂੰ ਸਵਾਲ ਕਰਨ, ਤੱਥਾਂ ਨੂੰ ਪਰਖਣ ਅਤੇ ਹਰ ਵਰਤਾਰੇ ਨੂੰ ਤਰਕ ਦੀ ਕਸੌਟੀ ’ਤੇ ਸਮਝਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸੁਸਾਇਟੀ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਸਾਰਥਕ ਸਮਾਗਮ ਕਰਵਾਏ ਜਾਂਦੇ ਰਹਿਣਗੇ। ਸੈਮੀਨਾਰ ਦੀ ਕਾਰਵਾਈ ਨਿਰਮਲ ਕਿੰਗਰਾ ਨੇ ਬਾਖੂਬੀ ਸੰਭਾਲੀ। ਉਨ੍ਹਾਂ ਨੇ ਵਿਸ਼ੇ ਦੀ ਪ੍ਰਸੰਗਿਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਅੰਧਵਿਸ਼ਵਾਸ, ਵਹਿਮ-ਭਰਮ ਅਤੇ ਗੈਰ-ਵਿਗਿਆਨਕ ਧਾਰਨਾਵਾਂ ਦਾ ਕਾਇਮ ਰਹਿਣਾ ਚਿੰਤਾ ਦਾ ਵਿਸ਼ਾ ਹੈ। ਸਮਾਗਮ ਦੌਰਾਨ ਮਨਜੀਤ ਮੱਲ੍ਹਾ ਨੇ ਸੁਰੀਲੇ ਗੀਤ ਨਾਲ ਆਪਣੀ ਹਾਜ਼ਰੀ ਲਵਾਈ।
ਮੁੱਖ ਬੁਲਾਰੇ ਸਰਬਜੀਤ ਸਿੰਘ ਉਖਲਾ ਨੇ ‘ਧਰਮ, ਤਰਕ ਤੇ ਵਿਗਿਆਨ ਦੀ ਲੋੜ ਅਤੇ ਚੁਣੌਤੀਆਂ’ ਵਿਸ਼ੇ ’ਤੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਮਨੁੱਖੀ ਸਭਿਅਤਾ, ਸੱਭਿਆਚਾਰ ਅਤੇ ਅੱਜ ਤੱਕ ਹੋਈ ਤਰੱਕੀ ਦੇ ਪਿੱਛੇ ਮਨੁੱਖ ਦੀ ਤਰਕਸ਼ੀਲ ਬੁੱਧੀ ਦੀ ਵੱਡੀ ਭੂਮਿਕਾ ਰਹੀ ਹੈ। ਮਨੁੱਖ ਦਾ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਵੀ ਉਸ ਦੀ ਨਿਰੀਖਣ ਕਰਨ, ਸਵਾਲ ਪੁੱਛਣ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਦੀ ਸਮਰੱਥਾ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਮਨੁੱਖੀ ਵਿਕਾਸ ਦੇ ਪਿੱਛੋਕੜ ਨੂੰ ਇਤਿਹਾਸਕ ਅਤੇ ਵਿਗਿਆਨਕ ਨਜ਼ਰੀਏ ਤੋਂ ਸਮਝਾਉਂਦਿਆਂ ਰਿਫ਼ਟ ਵੈਲੀ ਨਾਲ ਜੁੜੀਆਂ ਭੂਗੋਲਿਕ ਤਬਦੀਲੀਆਂ ਅਤੇ ਬਦਲੇ ਹੋਏ ਕੁਦਰਤੀ ਹਾਲਾਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਬਦਲਦੀਆਂ ਲੋੜਾਂ ਅਤੇ ਹਾਲਾਤਾਂ ਨੇ ਮਨੁੱਖ ਨੂੰ ਕੁਦਰਤੀ ਮਾਸੂਮਤਾ ਤੋਂ ਅੱਗੇ ਵਧ ਕੇ ਸੋਚਣ, ਪਰਖਣ ਅਤੇ ਫ਼ੈਸਲੇ ਕਰਨ ਵੱਲ ਧੱਕਿਆ। ਇਸ ਪ੍ਰਕਿਰਿਆ ਵਿੱਚੋਂ ਵਿਵੇਕ ਨੇ ਜਨਮ ਲਿਆ, ਵਿਵੇਕ ਵਿੱਚੋਂ ਦਲੀਲ ਅਤੇ ਤਰਕ ਦੀ ਭਾਵਨਾ ਵਿਕਸਿਤ ਹੋਈ ਅਤੇ ਤਰਕ ਤੋਂ ਪੈਦਾ ਹੋਏ ਸਵਾਲਾਂ ਦੇ ਜਵਾਬ ਲੱਭਣ ਲਈ ਵਿਗਿਆਨਕ ਸੋਚ ਨੇ ਰਾਹ ਬਣਾਇਆ। ਉਨ੍ਹਾਂ ਕਿਹਾ ਕਿ ਵਿਗਿਆਨ ਵੱਲੋਂ ਲੱਭੇ ਨਿਯਮਾਂ ਅਤੇ ਸਿੱਟਿਆਂ ਨੂੰ ਮਨੁੱਖੀ ਜੀਵਨ ਵਿੱਚ ਅਮਲੀ ਰੂਪ ਦੇਣ ਦਾ ਕੰਮ ਤਕਨਾਲੋਜੀ ਨੇ ਕੀਤਾ।
ਸੈਮੀਨਾਰ ਦੌਰਾਨ ਜੈਨ ਮੱਤ ਅਤੇ ਚਾਰਵਾਕ ਮੱਤ ਦੇ ਯਥਾਰਥਵਾਦੀ ਦ੍ਰਿਸ਼ਟੀਕੋਣ ਨੂੰ ਵੀ ਵਿਚਾਰ-ਚਰਚਾ ਦਾ ਹਿੱਸਾ ਬਣਾਇਆ ਗਿਆ। ਇਸ ਦੇ ਨਾਲ ਹੀ ਬੁੱਧ ਮੱਤ ਦੇ ਉਭਾਰ ਨਾਲ ਭਾਰਤੀ ਸਮਾਜ ਵਿੱਚ ਆਏ ਸਮਾਜਿਕ, ਬੌਧਿਕ ਅਤੇ ਵਿਗਿਆਨਕ ਵਿਕਾਸ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਬੁਲਾਰਿਆਂ ਨੇ ਇਹ ਸਵਾਲ ਵੀ ਵਿਚਾਰਿਆ ਕਿ ਬੁੱਧ ਮੱਤ ਦੇ ਪਤਨ ਤੋਂ ਬਾਅਦ ਮਜ਼ਬੂਤ ਹੋਏ ਪੁਜਾਰੀਵਾਦ ਅਤੇ ਆਸਥਾ-ਕੇਂਦਰਿਤ ਸੋਚ ਨੇ ਭਾਰਤੀ ਸਮਾਜ ਦੇ ਬੌਧਿਕ ਵਿਕਾਸ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਅਤੇ ਇਸ ਦੇ ਦੂਰਗਾਮੀ ਸਮਾਜਿਕ ਨਤੀਜੇ ਕੀ ਰਹੇ। ਚਰਚਾ ਦੌਰਾਨ ਕਮਿਊਨਿਜ਼ਮ ਵੱਲੋਂ ਕਿਸਮਤਵਾਦੀ ਸੋਚ ਦੇ ਮੁਕਾਬਲੇ ਜੀਵਨਵਾਦੀ, ਯਥਾਰਥਵਾਦੀ ਅਤੇ ਸਮਾਜਕ ਬਦਲਾਅ ਦੀ ਸੋਚ ਨੂੰ ਉਭਾਰਨ ਬਾਰੇ ਵੀ ਵਿਚਾਰ ਪ੍ਰਗਟ ਕੀਤੇ ਗਏ।
ਤਰਕਸ਼ੀਲ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਸੁਖਦੇਵ ਸਿੰਘ ਮਾਨ ਨੇ ਵਿਗਿਆਨ ਦੀਆਂ ਪ੍ਰਾਪਤੀਆਂ ਅਤੇ ਮਨੁੱਖੀ ਜੀਵਨ ਨੂੰ ਮਿਲੇ ਇਸ ਦੇ ਅਨੇਕਾਂ ਲਾਭਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵਿਗਿਆਨ ਅਤੇ ਤਕਨਾਲੋਜੀ ਦੀ ਹੋ ਰਹੀ ਦੁਰਵਰਤੋਂ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਵਿਗਿਆਨ ਆਪਣੇ ਆਪ ਵਿੱਚ ਨਾ ਚੰਗਾ ਹੈ ਨਾ ਮਾੜਾ; ਇਸ ਦੀ ਵਰਤੋਂ ਮਨੁੱਖੀ ਸਮਾਜ ਕਿਸ ਮਕਸਦ ਲਈ ਕਰਦਾ ਹੈ, ਇਹ ਸਭ ਤੋਂ ਮਹੱਤਵਪੂਰਨ ਸਵਾਲ ਹੈ।
ਸੈਮੀਨਾਰ ਵਿੱਚ ਮਨਮੋਹਨ ਸ਼ਰਮਾ, ਕੁਲਵੀਰ ਸਿੰਘ ਮੰਗਵਾਲ, ਪ੍ਰਿੰਸੀਪਲ ਕਸ਼ਮੀਰਾਂ ਸਿੰਘ, ਡਾ. ਸਾਧੂ ਸਿੰਘ ਬਿਨਿੰਗ, ਅਮਰਜੀਤ ਸਿੰਘ ਭੁੱਲਰ, ਬਲਵੰਤ ਸਿੰਘ ਸੰਘੇੜਾ, ਅਜਮੇਰ ਸਿੰਘ ਭਾਗਪੁਰ, ਕਰਮਜੀਤ ਸਿੰਘ ਪੁਰਬਾ, ਨਿਰੰਜਨ ਸਿੰਘ ਲੇਹਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਰੋਤਿਆਂ ਨੇ ਸ਼ਮੂਲੀਅਤ ਕੀਤੀ ਅਤੇ ਵਿਸ਼ੇ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਪਰਮਜੀਤ ਸਿੰਘ ਸਿੱਧੂ ਨੇ ਸੈਮੀਨਾਰ ਵਿੱਚ ਪਹੁੰਚੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸਾਂ ਦੀ ਥਾਂ ਤਰਕ, ਵਿਵੇਕ ਅਤੇ ਵਿਗਿਆਨਕ ਸੋਚ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਅਤੇ ਤਰਕਸ਼ੀਲ ਸੁਸਾਇਟੀ ਦੀਆਂ ਸਰਗਰਮੀਆਂ ਨਾਲ ਜੁੜਨ।
- Download Babushahi App
-
-