CM ਮਾਨ ਦੀ ਪਤਨੀ ਵੱਲੋਂ ਭੇਜਿਆ ਨੋਟਿਸ ਮੈਨੂੰ ਹਾਲੇ ਤੱਕ ਨਹੀਂ ਮਿਲਿਆ, ਪਰ ਸਾਡੇ ਕੋਲ ਸਾਰੇ ਸਬੂਤ ਮੌਜੂਦ- ਜਸਟਿਸ ਰਣਜੀਤ ਸਿੰਘ ਦਾ ਮੋੜਵਾਂ ਜਵਾਬ
ਪ੍ਰਭਜੋਤ ਕੌਰ ਸਿੱਧੂ
ਚੰਡੀਗੜ੍ਹ 24 ਅਗਸਤ 2026: ਸੀਐੱਮ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਭੇਜਿਆ ਗਿਆ ਲੀਗਲ ਨੋਟਿਸ ਮੈਨੂੰ ਹਾਲੇ ਤੱਕ ਨਹੀਂ ਮਿਲਿਆ, ਪਰ ਸਾਡੇ ਕੋਲ ਸਾਰੇ ਸਬੂਤ ਮੌਜੂਦ ਹਨ। ਸੀਐੱਮ ਦੀ ਪਤਨੀ ਨੂੰ ਇਹ ਮੋੜਵਾਂ ਜਵਾਬ ਸਾਬਕਾ ਜਸਟਿਸ ਰਣਜੀਤ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆ ਦਿੱਤਾ। ਰਣਜੀਤ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਹਾਲੇ ਤੱਕ ਕੋਈ ਨੋਟਿਸ ਪ੍ਰਾਪਤ ਨਹੀਂ ਹੋਇਆ।ਉਨ੍ਹਾਂ ਦੇ ਬਿਆਨ ਮੁਤਾਬਕ, “ਮੈਨੂੰ ਅੱਜ ਤੱਕ ਕੋਈ ਨੋਟਿਸ ਨਹੀਂ ਆਇਆ।” ਉਨ੍ਹਾਂ ਅੱਗੇ ਕਿਹਾ ਕਿ ਜੇਕਰ ਨੋਟਿਸ ਆਉਂਦਾ ਹੈ ਤਾਂ ਉਹ ਇਸ ਤੋਂ ਡਰਨ ਵਾਲੇ ਨਹੀਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮਾਮਲਾ ਅਦਾਲਤ ਤੱਕ ਜਾਂਦਾ ਹੈ ਤਾਂ ਉਹ ਉੱਥੇ ਆਪਣਾ ਪੱਖ ਰੱਖਣਗੇ ਅਤੇ ਅਦਾਲਤੀ ਪ੍ਰਕਿਰਿਆ ਰਾਹੀਂ ਮਾਮਲੇ ਦਾ ਸਾਹਮਣਾ ਕਰਨਗੇ। ਰਣਜੀਤ ਸਿੰਘ ਵੱਲੋਂ ਕਿਹਾ ਗਿਆ ਕਿ, ਜੇਕਰ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਦਿੱਤਾ ਜਾਂਦਾ ਹੈ ਤਾਂ ਉਹ ਮਾਮਲੇ ਦੀ ਲੜਾਈ ਅਦਾਲਤ ਵਿੱਚ ਲੜਨਗੇ। ਰਣਜੀਤ ਸਿੰਘ ਵੱਲੋਂ ਆਪਣੇ ਬਿਆਨ ਵਿੱਚ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਗਈ ਹੈ ਕਿ ਉਨ੍ਹਾਂ ਵੱਲੋਂ ਆਪਣੀ ਤਰਫੋਂ ਕੋਈ ਨਵਾਂ ਇਲਜ਼ਾਮ ਨਹੀਂ ਲਗਾਇਆ ਜਾ ਰਿਹਾ, ਬਲਕਿ ਅਦਾਲਤੀ ਫੈਸਲੇ ਜਾਂ ਸਾਹਮਣੇ ਆਏ ਮਾਮਲੇ ਨੂੰ ਹੀ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ ਦੀ ਪਤਨੀ 'ਤੇ ਕਥਿਤ ਤੌਰ 'ਤੇ ਰਿਸ਼ਵਤ ਦੇ ਦੋਸ਼ ਲਗਾਏ ਗਏ ਸਨ। ਇਸ ਮਸਲੇ ਦੇ ਬਾਹਰ ਆਉਣ ਮਗਰੋਂ ਡਾ. ਗੁਰਪ੍ਰੀਤ ਕੌਰ ਨੇ ਸੋਸ਼ਲ ਮੀਡੀਆ ਰਾਹੀਂ ਸਾਬਕਾ ਜਸਟਿਸ ਰਣਜੀਤ ਸਿੰਘ ਨੂੰ ਲੀਗਲ ਨੋਟਿਸ ਭੇਜਣ ਦਾ ਦਾਅਵਾ ਕੀਤਾ ਸੀ ਅਤੇ ਅੱਜ ਹੀ ਮੀਡੀਆ ਵਿੱਚ ਉਸ ਦੀ ਕਾਪੀ ਘੁੰਮੀ ਹੈ। ਇਨ੍ਹਾਂ ਤੋਂ ਪਹਿਲਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਵੱਲੋਂ ਵੀ ਪੰਜਾਬ ਦੇ ਮੁੱਖ ਸਕੱਤਰ ਅਤੇ DGP ਤੋਂ ਮਾਮਲੇ ਦੀ ਜਾਂਚ ਕਰਕੇ Action Taken Report ਮੰਗੀ ਗਈ ਹੈ। NHRC ਵੱਲੋਂ ਹਾਲੇ ਇਨ੍ਹਾਂ ਇਲਜ਼ਾਮਾਂ ਨੂੰ ਸੱਚ ਜਾਂ ਝੂਠ ਕਰਾਰ ਨਹੀਂ ਦਿੱਤਾ ਗਿਆ।
- Download Babushahi App
-
-