ਵੱਧਦੀ ਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਬਜਟ, ਸਰਕਾਰ ਦੀ ਚੁੱਪੀ ’ਤੇ ਸਵਾਲ
ਗੁਰਪ੍ਰੀਤ ਸਿੰਘ ਜਖਵਾਲੀ
ਦੇਸ਼ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਲਗਾਤਾਰ ਵਧਣ ਕਾਰਨ ਘਰ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ। ਆਮ ਪਰਿਵਾਰ ਲਈ ਘਰ ਦਾ ਗੁਜ਼ਾਰਾ ਚਲਾਉਣਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ।
ਚੀਨੀ ਦੇ ਭਾਅ 65 ਤੋਂ 70 ਰੁਪਏ ਕਿਲੋ ਤੱਕ ਪਹੁੰਚਣ ਦੀ ਗੱਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾਲਾਂ, ਆਟਾ, ਤੇਲ, ਸਬਜ਼ੀਆਂ ਅਤੇ ਹੋਰ ਘਰੇਲੂ ਸਮਾਨ ਦੀਆਂ ਕੀਮਤਾਂ ਵਿੱਚ ਵਾਧੇ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਪਹਿਲਾਂ ਜੋ ਸਮਾਨ ਇੱਕ ਮਹੀਨੇ ਦੇ ਬਜਟ ਵਿੱਚ ਆ ਜਾਂਦਾ ਸੀ, ਹੁਣ ਉਸੇ ਸਮਾਨ ਲਈ ਵੱਧ ਪੈਸੇ ਖਰਚਣੇ ਪੈ ਰਹੇ ਹਨ।
ਸਭ ਤੋਂ ਵੱਧ ਪ੍ਰਭਾਵ ਮੱਧ ਵਰਗ ਅਤੇ ਗਰੀਬ ਪਰਿਵਾਰਾਂ ’ਤੇ ਪੈ ਰਿਹਾ ਹੈ। ਆਮਦਨ ਵਿੱਚ ਉਸੇ ਅਨੁਪਾਤ ਵਿੱਚ ਵਾਧਾ ਨਾ ਹੋਣ ਕਾਰਨ ਲੋਕਾਂ ਨੂੰ ਆਪਣੀਆਂ ਜ਼ਰੂਰੀ ਲੋੜਾਂ ਵਿੱਚ ਵੀ ਕਟੌਤੀ ਕਰਨੀ ਪੈ ਰਹੀ ਹੈ। ਕਈ ਪਰਿਵਾਰ ਬੱਚਿਆਂ ਦੀ ਪੜ੍ਹਾਈ, ਦਵਾਈਆਂ ਅਤੇ ਹੋਰ ਜ਼ਰੂਰੀ ਖਰਚਿਆਂ ਵਿਚਕਾਰ ਸੰਤੁਲਨ ਬਣਾਉਣ ਲਈ ਮਜਬੂਰ ਹਨ।
ਇਸ ਸਾਰੀ ਸਥਿਤੀ ਵਿਚ ਸਭ ਤੋਂ ਵੱਡਾ ਸਵਾਲ ਸਰਕਾਰ ਦੀ ਚੁੱਪੀ ਨੂੰ ਲੈ ਕੇ ਖੜ੍ਹਾ ਹੁੰਦਾ ਹੈ। ਜਦੋਂ ਆਮ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਤਾਂ ਸਰਕਾਰ ਵੱਲੋਂ ਵਧਦੀਆਂ ਕੀਮਤਾਂ ’ਤੇ ਠੋਸ ਕਾਰਵਾਈ ਅਤੇ ਸਪੱਸ਼ਟ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ...? ਲੋਕਾਂ ਨੂੰ ਸਿਰਫ਼ ਭਰੋਸਿਆਂ ਦੀ ਨਹੀਂ, ਸਗੋਂ ਰਸੋਈ ਦਾ ਬਜਟ ਸੰਭਾਲਣ ਵਾਲੇ ਠੋਸ ਕਦਮਾਂ ਦੀ ਲੋੜ ਹੈ।
ਮਹਿੰਗਾਈ ਸਿਰਫ਼ ਅੰਕੜਿਆਂ ਦਾ ਮਾਮਲਾ ਨਹੀਂ, ਇਹ ਹਰ ਘਰ ਦੀ ਰਸੋਈ ਅਤੇ ਹਰ ਪਰਿਵਾਰ ਦੀ ਜ਼ਿੰਦਗੀ ਨਾਲ ਜੁੜਿਆ ਮੁੱਦਾ ਹੈ। ਸਰਕਾਰ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਨਹੀਂ ਤਾਂ ਵਧਦੀ ਮਹਿੰਗਾਈ ਅਤੇ ਸਰਕਾਰ ਦੀ ਚੁੱਪੀ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਉਂਦੀ ਰਹੇਗੀ।

-
ਗੁਰਪ੍ਰੀਤ ਸਿੰਘ ਜਖਵਾਲੀ (ਸ਼੍ਰੀ ਫ਼ਤਹਿਗੜ੍ਹ ਸਾਹਿਬ), ਲੇਖਕ
...
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.