ਹਵੇਲੀ ਖੁਰਦ ਦੇ ਨੌਜਵਾਨਾਂ ਨੂੰ ਮਿਲਿਆ ਖੇਡ ਸਹੂਲਤਾਂ ਦਾ ਵੱਡਾ ਤੋਹਫ਼ਾ: ਵਿਧਾਇਕ ਦਿਨੇਸ਼ ਚੱਢਾ ਨੇ ਨਵਾਂ ਖੇਡ ਸਟੇਡੀਅਮ ਲੋਕ ਅਰਪਣ ਕੀਤਾ
ਖੇਡ ਮੈਦਾਨ 'ਚ ਫੁੱਟਬਾਲ ਤੇ ਵਾਲੀਬਾਲ ਕੋਰਟ ਸਮੇਤ ਬੱਚਿਆਂ ਲਈ ਖੇਡ ਖੇਤਰ, ਹਾਈਮਾਸਟ ਲਾਈਟਾਂ ਤੇ ਫੁੱਟ ਲਾਈਟਾਂ ਦੀ ਸਹੂਲਤ
ਮਨਪ੍ਰੀਤ ਸਿੰਘ
ਰੂਪਨਗਰ, 25 ਅਗਸਤ:
ਪਿੰਡ ਹਵੇਲੀ ਖੁਰਦ ਦੇ ਨੌਜਵਾਨਾਂ ਅਤੇ ਬੱਚਿਆਂ ਲਈ ਖੇਡਾਂ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਸਹੂਲਤ ਦਾ ਵਾਧਾ ਹੋਇਆ ਹੈ। ਪਿੰਡ ਵਿੱਚ ਨਵਾਂ ਖੇਡ ਸਟੇਡੀਅਮ ਤਿਆਰ ਹੋਣ ਉਪਰੰਤ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਇਸ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਇਸ ਉਪਰਾਲੇ ਨੂੰ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਲਈ ਮਹੱਤਵਪੂਰਨ ਸਹੂਲਤ ਦੱਸਿਆ ਗਿਆ।
ਵਿਧਾਇਕ ਦਿਨੇਸ਼ ਚੱਢਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਮਾਹੌਲ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਮੇਂ ਦੀ ਅਹਿਮ ਲੋੜ ਹੈ। ਖੇਡ ਮੈਦਾਨ ਸਿਰਫ਼ ਖੇਡਣ ਦੀ ਥਾਂ ਨਹੀਂ ਹੁੰਦੇ, ਸਗੋਂ ਇਹ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਦੇਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਪਿੰਡ ਵਿੱਚ ਤਿਆਰ ਕੀਤੇ ਗਏ ਖੇਡ ਸਟੇਡੀਅਮ ਵਿੱਚ ਨੌਜਵਾਨਾਂ ਲਈ ਫੁੱਟਬਾਲ ਦਾ ਮੈਦਾਨ ਅਤੇ ਵਾਲੀਬਾਲ ਲਈ ਵੱਖਰਾ ਕੋਰਟ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੱਚਿਆਂ ਲਈ ਵਿਸ਼ੇਸ਼ ਖੇਡ ਖੇਤਰ ਅਤੇ ਝੂਲਿਆਂ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ, ਤਾਂ ਜੋ ਛੋਟੇ ਬੱਚਿਆਂ ਨੂੰ ਵੀ ਖੇਡਣ ਅਤੇ ਮਨੋਰੰਜਨ ਲਈ ਢੁੱਕਵੀਂ ਥਾਂ ਮਿਲ ਸਕੇ।
ਉਨ੍ਹਾਂ ਕਿਹਾ ਕਿ ਸਟੇਡੀਅਮ ਨੂੰ ਬਿਹਤਰ ਢੰਗ ਨਾਲ ਵਰਤੋਂਯੋਗ ਬਣਾਉਣ ਲਈ ਹਾਈਮਾਸਟ ਲਾਈਟਾਂ ਅਤੇ ਫੁੱਟ ਲਾਈਟਾਂ ਵੀ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪਾਣੀ ਦੀ ਉਪਲਬਧਤਾ ਅਤੇ ਮੈਦਾਨ ਦੀ ਸੰਭਾਲ ਲਈ ਹਾਈਡ੍ਰੈਂਟ ਪ੍ਰਣਾਲੀ ਵੀ ਸਥਾਪਿਤ ਕੀਤੀ ਗਈ ਹੈ। ਇਸ ਤਰ੍ਹਾਂ ਖੇਡ ਸਟੇਡੀਅਮ ਨੂੰ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਵਰਗ ਲਈ ਵਰਤੋਂਯੋਗ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ।
ਵਿਧਾਇਕ ਚੱਢਾ ਨੇ ਕਿਹਾ ਕਿ ਪਿੰਡ ਪੱਧਰ ’ਤੇ ਖੇਡਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਣ ਨਾਲ ਸਥਾਨਕ ਪੱਧਰ ’ਤੇ ਖੇਡ ਪ੍ਰਤਿਭਾ ਨੂੰ ਨਿਖਾਰਨ ਦੇ ਮੌਕੇ ਵਧਣਗੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਹਵੇਲੀ ਖੁਰਦ ਦੇ ਨੌਜਵਾਨ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈ ਕੇ ਖੇਡਾਂ ਦੇ ਖੇਤਰ ਵਿੱਚ ਪਿੰਡ ਦਾ ਨਾਮ ਰੌਸ਼ਨ ਕਰਨਗੇ।
ਇਸ ਮੌਕੇ ਸਰਪੰਚ ਸ੍ਰੀ ਵਿਕਰਾਂਤ ਚੌਧਰੀ ਨੇ ਸਮੂਹ ਪਿੰਡ ਵਾਸੀਆਂ ਵੱਲੋਂ ਵਿਧਾਇਕ ਦਿਨੇਸ਼ ਚੱਢਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਆਧੁਨਿਕ ਖੇਡ ਸਹੂਲਤਾਂ ਉਪਲਬਧ ਹੋਣ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਹੀ ਪਿੰਡ ਵਿੱਚ ਖੇਡਣ ਲਈ ਬਿਹਤਰ ਮਾਹੌਲ ਮਿਲੇਗਾ।
ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਮਲਕੀਤ ਸਿੰਘ ਭੰਗੂ, ਪਰਮਿੰਦਰ ਸਿੰਘ ਬਾਲਾ, ਲਕਵਿੰਦਰ ਪਾਲ ਸਿੰਘ, ਜਗਜੀਤ ਸਿੰਘ, ਕੋਚ ਲਾਡੀ ਅਤੇ ਐੱਸ.ਡੀ.ਓ. ਖੁਸ਼ਦੀਪ ਸਿੰਘ ਪੰਚ ਬਲਵਿੰਦਰ ਸਿੰਘ, ਪੰਚ ਪਰਮਜੀਤ ਸਿੰਘ, ਪੰਚ ਬਲਜੀਤ ਕੌਰ, ਪੰਚ ਗਗਨਪ੍ਰੀਤ ਕੌਰ, ਸਾਬਕਾ ਸਰਪੰਚ ਮਨਜੀਤ ਚੌਧਰੀ, ਸਾਬਕਾ ਸਰਪੰਚ ਜਰਨੈਲ ਸਿੰਘ ਕਬਰਵਾਲ, ਲੰਬੜਦਾਰ ਹਰਮੇਸ਼ ਸਿੰਘ, ਅਮਰਜੀਤ ਸਿੰਘ, ਬਚਿੱਤਰ ਸਿੰਘ, ਹਰਪ੍ਰੀਤ ਸਿੰਘ ਕੰਗ, ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਚੇਤਨ ਕਾਲੀਆ, ਮਨਦੀਪ ਸੈਣੀ, ਕੁਲਦੀਪ ਸਿੰਘ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।
- Download Babushahi App
-
-