ਤਰਨ ਤਾਰਨ- ਪਿੰਡ ਸੁਗੇ ਵਿੱਚ ਭੋਗ 'ਤੇ ਆਏ ਨੌਜਵਾਨ ਦੇ ਪੱਟ 'ਚ ਗੋਲੀ ਮਾਰ ਕੇ ਮੋਟਰਸਾਈਕਲ ਲੁੱਟਿਆ, ਲੁਟੇਰੇ ਫ਼ਰਾਰ
Baljit Singh
ਭਿੱਖੀਵਿੰਡ, 25 ਅਗਸਤ, 2026: ਪਿੰਡ ਸੁਗੇ ਵਿਖੇ ਭੋਗ ਦੇ ਸਮਾਗਮ ਵਿੱਚ ਸ਼ਾਮਲ ਹੋਣ ਆਏ ਦੋ ਨੌਜਵਾਨਾਂ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਣ ਅਤੇ ਵਿਰੋਧ ਕਰਨ 'ਤੇ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਲੁਟੇਰੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜ਼ਖ਼ਮੀ ਨੌਜਵਾਨ ਦਾ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਨੌਜਵਾਨ ਅਰਜਨ ਸਿੰਘ (ਵਾਸੀ ਮੁੱਲਾ ਮਹਿਰਾਮ) ਨੇ ਦੱਸਿਆ ਕਿ ਉਹ ਆਪਣੇ ਸਾਥੀ ਰੁਪਿੰਦਰ ਸਿੰਘ ਨਾਲ ਪਿੰਡ ਸੁਗੇ ਵਿੱਚ ਇੱਕ ਭੋਗ ਸਮਾਗਮ 'ਚ ਆਇਆ ਸੀ। ਸਮਾਗਮ 'ਚ ਜਾਣ ਤੋਂ ਪਹਿਲਾਂ ਜਦੋਂ ਉਹ ਪਿੰਡ ਦੇ ਛੱਪੜ ਨੇੜੇ ਖੜ੍ਹੇ ਸਨ, ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ ਦੋ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਮੋਟਰਸਾਈਕਲ (PB-46-AQ-1636) ਖੋਹਣ ਦੀ ਕੋਸ਼ਿਸ਼ ਕੀਤੀ। ਅਰਜਨ ਸਿੰਘ ਵੱਲੋਂ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਉਸ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ ਅਤੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ।
ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਅਰਜਨ ਸਿੰਘ ਨੂੰ ਤੁਰੰਤ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਭਿੱਖੀਵਿੰਡ ਦੇ ਐਸ.ਐਚ.ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
- Download Babushahi App
-
-