ਸੱਤਾ ਨਾਲ ਸੰਚਾਰ ਦਾ ਨਵਾਂ ਸਾਧਨ: ਬੋਲੀ ਦਾ ਬੁੱਲਡੋਜ਼ਰ
ਆਤਮਜੀਤ
17 ਮਈ 1964 ਨੂੰ ਪ੍ਰਸਿੱਧ ਕਾਰਟੂਨਿਸਟ ਅਤੇ ਪ੍ਰਧਾਨ ਮੰਤਰੀ ਨਹਿਰੂ ਦੇ ਮਿੱਤਰ ਸ਼ੰਕਰ ਨੇ ਆਪਣੇ ਅਖ਼ਬਾਰ 'ਸ਼ੰਕਰਜ਼ ਵੀਕਲੀ' ਵਿਚ ਇਕ ਕਾਰਟੂਨ ਛਾਪਿਆ ਸੀ ਜਿਸ ਵਿਚ ਨਹਿਰੂ ਨੂੰ ਇਕ ਰੀਲੇ ਦੌੜ ਦੌੜਦਿਆਂ ਦਿਖਾਇਆ ਗਿਆ ਹੈ। ਉਸਦੇ ਹੱਥ ਵਿਚ ਮਿਸ਼ਾਲ ਹੈ ਪਰ ਉਹ ਹਫ਼ਿਆ ਹੋਇਆ ਹੈ। ਉਸ ਪਾਸੋਂ ਬੈਟਨ ਫ਼ੜ ਕੇ ਅਗਲਾ ਹਿੱਸਾ ਦੌੜਨ ਵਸਤੇ ਗੁਲਜ਼ਾਰੀ ਲਾਲ ਨੰਦਾ, ਲਾਲ ਬਹਾਦਰ ਸ਼ਾਸਤਰੀ, ਮੁਰਾਰਜੀ ਡਿਸਾਈ, ਕ੍ਰਿਸ਼ਨਾ ਮੈਨਨ ਅਤੇ ਇੰਦਰਾ ਗਾਂਧੀ ਉਸਦੇ ਅੱਗੇ ਦੌੜ ਰਹੇ ਹਨ। ਸ਼ੰਕਰ ਨੇ ਇਕ ਤਰ੍ਹਾਂ ਨਾਲ ਨਹਿਰੂ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਅੰਤ ਦਾ ਐਲਾਨ ਕਰ ਦਿੱਤਾ ਸੀ। ਪਰ ਨਹਿਰੂ ਨੇ ਇਸਦਾ ਉੱਕਾ ਹੀ ਬੁਰਾ ਨਹੀਂ ਮਨਾਇਆ ਅਤੇ ਉਸਨੂੰ ਕਿਹਾ ਕਿ , “ਸ਼ੰਕਰ, ਮੈਨੂੰ ਬਿਲਕੁਲ ਨਾ ਬਖ਼ਸ਼ੀਂ"। ਦਸ ਦਿਨਾਂ ਬਾਦ ਨਹਿਰੂ ਸਚਮੁਚ ਫ਼ੌਤ ਹੋ ਗਿਆ। ਇਸਤੋਂ ਵੀ ਵੱਧ ਮਹੱਤਵ ਵਾਲਾ ਹੈ 1960 ਵਿਚ ਛਪਿਆ ਸ਼ੰਕਰ ਦਾ ਉਹ ਕਾਰਟੂਨ ਜਿਸ ਵਿਚ ਨਹਿਰੂ ਨੂੰ ਖੋਤਾ ਦਰਸਾਇਆ ਗਿਆ ਹੈ। ਨਹਿਰੂ ਨੇ ਨਾ ਗ਼ੁੱਸਾ ਕੀਤਾ, ਨਾ ਉਸਨੂੰ ਗ੍ਰਿਫ਼ਤਾਰ ਕੀਤਾ। ਉਹ ਚੁੱਪ ਕਰਕੇ ਵੀ ਨਹੀਂ ਬੈਠਾ ਤੇ ਸੰਚਾਰ ਨੂੰ ਟੁੱਟਣ ਨਹੀਂ ਦਿੱਤਾ। ਅਗਲੇ ਦਿਨ ਉਸਨੂੰ ਫ਼ੋਨ ਕਰਕੇ ਪੁੱਛਿਆ ਕਿ "ਕੀ ਤੂੰ ਅੱਜ ਸ਼ਾਮ ਨੂੰ ਇਸ ਖੋਤੇ ਨਾਲ ਚਾਹ ਪੀਣਾ ਚਾਹੇਂਗਾ?” ਜੰਤਰ-ਮੰਤਰ ਉਤੇ ਸੈਂਕੜੇ ਨਾਅਰੇ ਲਿਖੇ ਗਏ ਅਤੇ ਅਨੇਕਾਂ ਮੀਮ ਬਣਾਏ ਗਏ। ਜਿਸ ਨਾਅਰੇ ਨੇ ਮੈਨੂੰ ਨਹਿਰੂ ਦੀ ਯਾਦ ਕਰਵਾਈ ਉਹ ਸੀ, “ ਮੇਰੇ ਬਹੁਤ ਪਿਆਰੇ ਮੋਦੀ, ਮੈਂ ਤੈਨੂੰ ਨਫ਼ਰਤ ਕਰਦਾ ਹਾਂ।" ਬੋਲੀ ਅਤੇ ਸੰਚਾਰ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹਨਾਂ ਦੋਹਾਂ ਵਿਚਲਾ ਫ਼ਰਕ ਬਹੁਤ ਸਪਸ਼ਟ ਹੈ। ਕਿਸੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਖੋਤਾ ਬਣਾ ਕੇ ਦਰਸਾਉਣਾ ਬਹੁਤ ਵੱਡਾ ਗੁਨਾਹ ਜਾਪਦਾ ਹੈ ਪਰ ਅੱਜ ਉਸ ਖੋਤੇ ਨੂੰ ਪਿਆਰ ਕਰਨ ਨੂੰ ਜੀਅ ਕਰਦਾ ਹੈ ਕਿਉਂਕਿ ਉਸ ਵਿਚ ਆਪਣੇ ਆਲੋਚਕ ਨਾਲ ਗੱਲ ਕਰਨ ਦੀ ਸਦਾਚਾਰਕ ਤਾਕਤ ਸੀ। ਸ਼ੰਕਰ ਨੇ ਖੋਤਾ ਵਾਹਿਆ ਸੀ, ਨਹਿਰੂ ਨੇ ਉਸਦਾ ਉੱਤਰ ਪਿਆਰ ਦੀ ਬੋਲੀ ਨਾਲ ਦਿੱਤਾ; ਉਸਨੂੰ ਆਪਣੇ ਅਹੁਦੇ ਦਾ ਹੰਕਾਰ ਨਹੀਂ ਸੀ। ਉਹ ਆਪਣੇ-ਆਪ ਨੂੰ ਰੱਬ ਦੇ ਹੱਥੀਂ ਘੜਿਆ ਮਨੁੱਖ ਨਹੀਂ ਸੀ ਸਮਝਦਾ, ਉਸ ਕੋਲ ਦੂਜੇ ਦੀ ਗੱਲ ਸੁਣਨ ਦੀ ਹਿੰਮਤ ਸੀ। ਜੇ ਉਸ ਉੱਤੇ ਕੋਈ ਉਂਗਲ ਚੁੱਕੀ ਗਈ ਤਾਂ ਉਸ ਹੱਥ ਨੂੰ ਕੱਟਣ ਦੀ ਥਾਂ ਇਸ਼ਾਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਸਦੀ ਸ਼ੈਲੀ ਵਾਰਤਾਲਾਪੀ ਸੀ, ਸ਼ਾਸਨ ਸੰਵਾਦੀ ਸੀ ਕਿਉਂਕਿ ਉਹ ਲੋਕਾਂ ਨੂੰ ਜੋੜਨਾ ਦਾ ਕੰਮ ਕਰਦਾ ਸੀ।
ਮੋਦੀ ਵਿਰੋਧੀ ਨਾਅਰੇ ਵਿਚ ਨਫ਼ਰਤ ਪ੍ਰਮੁੱਖ ਤੱਤ ਹੈ ਕਿਉਂਕਿ ਸਾਡੀ ਅਜੋਕੀ ਸਰਕਾਰ ਸੰਵਾਦ ਨੂੰ ਨਹੀ ਰਚਾਉਂਦੀ, ਬਲਕਿ ਵਿਵਾਦ ਨੂੰ ਭਖਾਉਂਦੀ ਹੈ। ਉਸਦਾ ਸੰਚਾਰ ਇਕਪਾਸੜ ਹੈ। ਇਹ ਸਰਕਾਰ ਖ਼ੁਦ ਬੋਲਦੀ ਰਹਿੰਦੀ ਹੈ। ਉਹ ਕਿਸੇ ਨੂੰ ਸੁਣਨਾ ਨਹੀਂ ਚਾਹੁੰਦੀ, ਸਿਰਫ਼ ਸੁਣਾਉਣਾ ਚਾਹੁੰਦੀ ਹੈ। ਮੂੰਹੋਂ ਇਹ ਸਰਕਾਰ ਸਭ ਦੇ ਵਿਕਾਸ ਦਾ ਨਾਅਰਾ ਲਾਉਂਦੀ ਹੈ ਪਰ ਢਿੱਡੋਂ ਧਰਮ, ਜਾਤੀ ਅਤੇ ਮਨਘੜਤ ਰਾਸ਼ਟਰਵਾਦ ਦੇ ਨਾਂ ਤੇ ਲੋਕਾਂ ਨੂੰ ਤੋੜਦੀ ਹੈ। ਇਸ ਕਾਰਜ ਲਈ ਉਹ ਬੋਲੀ ਦੀ ਦੁਰਵਰਤੋਂ ਵੀ ਕਰਦੀ ਹੈ। ਇਸ ਵਿਵਸਥਾ ਨੇ ਬੋਲੀ ਨੂੰ ਇਸ ਹਦ ਤਕ ਰੋਲ ਦਿੱਤਾ ਹੈ ਕਿ ਜਿਸਦਾ ਜੋ ਜੀਅ ਕਰਦਾ ਹੈ, ਉਹ ਬੋਲ ਦੇਂਦਾ ਹੈ। ਸ਼ਾਇਦ ਇਸੇ ਪ੍ਰਭਾਵ ਹੇਠ ਨਿਆਂ-ਪਾਲਕਾ ਦੇ ਸਿਆਣੇ-ਬਿਆਣੇ ਬੰਂਦੇ ਨੇ ਨੌਜਵਾਨਾਂ ਵਾਸਤੇ ਮੂੰਹੋਂ 'ਕਾਕਰੋਚ' ਵਰਗਾ ਗ਼ਲਤ ਸ਼ਬਦ ਕੱਢ ਦਿੱਤਾ। ਇਸ ਇਕ ਸ਼ਬਦ ਨੇ ਸੱਤਾ ਦੀ ਚੂਲ ਹਿਲਾ ਕੇ ਰੱਖ ਦਿੱਤੀ। ਨਵੀਂ ਪੀੜ੍ਹੀ ਨੇ ਇਸ ਸਰਕਾਰ ਨੂੰ ਆਪਣੇ 'ਮਨ' ਦੀ ਉਹ ਸਾਰੀ ਬਾਤ ਸੁਣਾ ਦਿੱਤੀ ਹੈ ਜਿਹੜੀ ਉਹ ਸੁਣ ਕੇ ਰਾਜ਼ੀ ਨਹੀਂ ਸੀ। ਪ੍ਰਧਾਨ ਮੰਤਰੀ ਮੋਦੀ ਅਪੋਜ਼ੀਸ਼ਨ ਦੀ ਕੋਈ ਗੱਲ ਨਹੀਂ ਸੀ ਸੁਣਦਾ। ਦੂਜਿਆਂ ਨੂੰ ਹਰ ਗੱਲ ਤੇ ਰਾਸ਼ਟਰ-ਵਿਰੋਧੀ ਜਾਂ ਸਨਾਤਨ-ਵਿਰੋਧੀ ਗਰਦਾਨਨਾ ਇਸ ਸਰਕਾਰ ਦੀ ਸਭ ਤੋਂ ਵੱਡੀ ਤਾਕਤ ਹੈ। ਪ੍ਰੈੱਸ ਕਾਨਫ਼ਰੰਸ ਉਹ ਕਰਦਾ ਹੀ ਨਹੀਂ ਅਤੇ ਆਪਣੇ ਮੰਤਰੀ-ਮੰਡਲ ਨੂੰ ਉਸਨੇ ਬੋਲਣ ਜੋਗਾ ਵੀ ਨਹੀਂ ਛੱਡਿਆ। ਉਹ ਆਪਣੀ ਬੋਲੀ ਬੋਲਦਾ ਸੀ, ਕਿਸੇ ਦੀ ਸੁਣਦਾ ਨਹੀਂ ਸੀ। ਇਸੇ ਲਈ ਇਕ ਵਿਦਿਆਰਥੀ ਨੇ ਹੱਥਲੀ ਤਖ਼ਤੀ ਤੇ ਲਿਖਿਆ ਸੀ: "ਮੋਦੀ ਦਾ ਈ ਐਨ ਟੀ ਸਟੇਟੱਸ: ਗੂੰਗਾ ਅਤੇ ਬੋਲਾ; ਆਖਰੀ ਵਾਰ ਮੈਲੋਨੀ ਦੇ ਦੇਸ਼ ਵਿਚ ਦੇਖਿਆ ਗਿਆ।" ਪਰ ਅਸੀਂ ਸਾਰਿਆਂ ਦੇਖਿਆ ਕਿ ਇਸ ਵਾਰ ਦੇਸ਼ ਦੇ ਨੌਜਵਾਨਾਂ ਨੇ ਆਪਣੀ ਬੋਲੀ ਨੂੰ ਸੱਚਮੁੱਚ ਦੇ ਤੀਰਾਂ ਵਾਂਗ ਚਲਾਇਆ ਤੇ ਬੰਬਾਂ ਵਾਂਗ ਵਰ੍ਹਾਇਆ। ਭਾਰਤ ਦੇ ਇਤਿਹਾਸ ਵਿਚ ਭਾਸ਼ਾ ਦਾ ਅਜਿਹਾ ਸ਼ਕਤੀਸ਼ਾਲੀ ਹਮਲਾ ਪਹਿਲੀ ਵਾਰ ਹੋਇਆ। ਬੋਲੀ ਦੇ ਬੁੱਲਡੋਜ਼ਰ ਨੂੰ ਬਹੁਤ ਕਮਾਲ ਦੇ ਢੰਗ ਨਾਲ ਚਲਾਇਆ। ਕਿਸੇ ਦਾ ਕੋਈ ਜਿਸਮਾਨੀ ਜਾਂ ਆਰਥਿਕ ਨੁਕਸਾਨ ਨਹੀਂ ਕੀਤਾ; ਫਿਰ ਵੀ ਸੱਤਾ ਦੇ ਅਹੰਕਾਰ ਅਤੇ ਇਕਪਾਸੜਤਾ ਦੀ ਹਵਾ ਕੱਢ ਕੇ ਰੱਖ ਦਿੱਤੀ।
ਦੇਖਿਆ ਜਾਵੇ ਤਾਂ ਇਸ ਪੀੜ੍ਹੀ ਕੋਲ ਹੋਰ ਹੈ ਵੀ ਕੀ ਸੀ? ਉਨ੍ਹਾਂ ਦੇ ਸਾਹਮਣੇ ਡੰਡੇ ਸਨ, ਡੰਡਿਆਂ ਉੱਤੇ ਕਿੱਲ ਸਨ, ਬਿਜਲੀ ਦੇ ਰਾਡ ਸਨ, ਪਾਣੀ ਦੀਆਂ ਬੁਛਾਰਾਂ ਸਨ, ਪੈਲਟ ਗੰਨਾਂ ਸਨ; ਹੋਰ ਤਾਂ ਹੋਰ, ਸਰਕਾਰਾਂ ਏ ਕੇ ਸੰਤਾਲੀ ਵੀ ਕੱਢ ਲਿਆਈਆਂ ਸਨ। ਇਸਦੇ ਨਾਲ-ਨਾਲ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਮਿਹਨਤ ਦੀ ਲੁੱਟ-ਮਾਰ ਸੀ, ਕਾਨੂੰਨ ਦੀਆਂ ਧਾਰਾਵਾਂ ਸਨ, ਹਨੇਰਾ ਭਵਿੱਖ ਸੀ ਅਤੇ ਮਾਂ-ਪਿਉ ਦੀਆਂ ਵੱਡੀਆਂ ਉਮੀਦਾਂ ਵਿਚ ਰੁਲੇ ਸੁਪਨੇ ਅਤੇ ਗ਼ੁੱਸੇ ਭਰੀਆਂ ਅੱਖਾਂ ਸਨ। ਖ਼ੁਸ਼ਕਿਸਮਤੀ ਨਾਲ ਜੈੱਨ ਜ਼ੀ ਨੂੰ ਵੱਡਿਆਂ ਵਾਲਾ ਕੋਈ ਡਰ ਨਹੀਂ ਸੀ ਕਿਉਂਕਿ ਹੁਣ ਉਹਨਾਂ ਕੋਲ ਗੁਆਉਣ ਲਈ ਬਾਕੀ ਕੁਝ ਵੀ ਨਹੀਂ ਸੀ। ਉਹ ਇਨਕਮ ਟੈਕਸ, ਆਈ ਬੀ, ਈ ਡੀ ਆਦਿ ਤੋਂ ਪੂਰੀ ਤਰ੍ਹਾਂ ਨਿਰਭਉ ਸਨ। ਉਹਨਾਂ ਨੂੰ ਖਾਲਿਸਤਾਨੀ, ਪਾਕਿਸਤਾਨੀ, ਰਾਸ਼ਟਰਵਰੋਧੀ ਜਾਂ ਆਤੰਕਵਾਦੀ ਨਹੀਂ ਸੀ ਕਿਹਾ ਜਾ ਸਕਦਾ। ਜੇ ਕਿਸੇ ਨੇ ਇਹ ਹਿਮਾਕਤ ਕੀਤੀ ਤਾਂ ਉਹ ਪੁੱਠੀ ਪਈ; ਇਹ ਗੱਲ ਕਿਸੇ ਨੇ ਵੀ ਨਹੀਂ ਸੁਣੀ। ਇਸੇ ਲਈ ਉਹ ਪੂਰੀ ਤਰ੍ਹਾਂ ਦਬੰਗ, ਮਲੰਗ ਤੇ ਨਿਹੰਗ ਸਨ। ਜਵਾਨਾਂ ਕੋਲ ਸਿਰਫ਼ ਬੋਲੀ ਸੀ ਤੇ ਕਲਾ ਸੀ। ਇਹ ਤਾਕਤ ਉਨ੍ਹਾਂ ਦੇ ਅੰਦਰ ਪਈ ਹੋਈ ਹੈ; ਉਨ੍ਹਾਂ ਨੂੰ ਕਿਸੇ ਕੋਲੋਂ ਲਿਆਉਣ ਦੀ ਕੋਈ ਲੋੜ ਨਹੀਂ ਸੀ। ਇਸ ਲਈ ਉਹਨੂੰ ਖੋਹਿਆ ਵੀ ਨਹੀਂ ਜਾ ਸਕਦਾ। ਤੇ ਨਾਲ ਸੀ ਉਮਰ ਦੀ ਮਾਸੂਮੀਅਤ ਜਿਸ ਵਿਚ ਚੁਲਬੁਲਾਪਨ ਸੀ, ਹਾਸਾ ਸੀ, ਵਿਅੰਗ ਸੀ। ਉਹਨਾਂ ਕੋਲ ਅਕਲ ਵੀ ਸੀ। ਉਨ੍ਹਾਂ ਅਜਿਹੀ ਤਾਕਤ ਅਤੇ ਨਿਸ਼ਾਨਾ ਬੰਨ੍ਹ ਕੇ ਬੋਲੀ ਦੀਆਂ ਐਸੀਆਂ ਮਿਜ਼ਾਈਲਾਂ ਦਾਗ਼ੀਆਂ ਕਿ ਕਈ ਲੋਕ ਢਹਿ-ਢੇਰੀ ਹੋ ਗਏ। ਦੇਖੋ ਜੈੱਨ ਜ਼ੀ ਦੀ ਬੋਲੀ ਦੇ ਕੁਝ ਬੁਲੱਡੋਜ਼ਰ:
- "ਮੋਦੀ ਜੀ, ਮੇਰੇ ਬੁਰੇ ਦਿਨ ਵਾਪਿਸ ਦੇ ਦੋ।"
-"ਧਰਮਿੰਦਰ! ਡਾਇਪਰ ਛੱਡ ਦੇ, ਪੈਡ ਵਰਤਿਆ ਕਰ ਉਹ ਏਨੇ 'ਲੀਕ' ਨਹੀਂ ਹੁੰਦੇ। ਸਿਆਣਾ ਬਣ!”
-ਮੋਦੀ ਦੀਆਂ ਕਾਬੂ ਤੋਂ ਬਾਹਰ ਛਾਤੀਆਂ ਉੁੱਤੇ ਬਰਾ ਪਾ ਕੇ ਹੇਠਾਂ ਲਿਖ ਦਿੱਤਾ: “56 ਇੰਚ ਦੀ ਛਾਤੀ ਦੀ ਹੁੱਕ ਬੰਦ ਕਰ। ਕੁਰੱਪਸ਼ਨ ਲੀਕ ਹੋ ਰਹੀ ਹੈ।"
-"ਭਾਰਤ ਨੂੰ ਕਬਜ਼ੀ ਹੋ ਚੁੱਕੀ ਹੈ। ਆਉ ਇਸ ਅੰਦਰਲੇ ਗੰਦ ਨੂੰ ਫ਼ਲੱਸ਼ ਕਰਕੇ ਬਾਹਰ ਸੁੱਟ ਦੇਈਏ।"
-"ਏਨੇ ਤਾਂ ਮੇਰੇ ਸੈਨੇਟਰੀ ਪੈਡ ਲੀਕ ਨਹੀਂ ਹੁੰਦੇ ਜਿੰਨੇ ਦੇਸ਼ ਦੇ ਪੇਪਰ ਲੀਕ ਹੋ ਰਹੇ ਹਨ।"
-”ਅੱਛੇ ਦਿਨ ਕਬ ਲੀਕ ਹੋਂਗੇ?”
-ਮੋਦੀ ਦੀ ਤਸਵੀਰ ਬਣਾ ਕੇ ਦੇ ਹੇਠਾਂ ਲਿਖ ਦਿੱਤਾ: "ਦ ਲਾਈ ਲਾਮਾ।"
ਵਿਦਿਆਰਥੀਆਂ ਦਾ ਬੁੱਲਡੋਜ਼ਰ ਦਿੱਸ ਨਹੀਂ ਸੀ ਰਿਹਾ ਪਰ ਉਹ ਲਗਤਾਰ ਚੱਲ ਰਿਹਾ ਸੀ। ਸਵਾਲ ਇਹ ਹੈ ਕਿ ਉਹ ਤਾਕਤ ਕਿੱਥੋਂ ਲੈ ਰਿਹਾ ਸੀ? ਅਸਲ ਵਿਚ ਇਹ ਬੁਲੱਡੋਜ਼ਰ ਉਨ੍ਹਾਂ ਦੀ ਘੋਰ ਬੇਵੱਸੀ ਵਿਚੋਂ ਪੈਦਾ ਹੋਇਆ ਸੀ। ਉਹ ਏਨੇ ਸਤਾਏ ਜਾ ਚੁੱਕੇ ਹਨ ਕਿ ਉਨ੍ਹਾਂ ਲਈ ਕਰੋ ਜਾਂ ਮਰੋ ਦੀ ਹਾਲਤ ਹੈ। ਉਹਨਾਂ ਕੋਲ ਡਿਗਰੀ ਹੈ, ਜਜ਼ਬਾ ਹੈ, ਅਕਲ ਹੈ, ਕੰਮ ਕਰਨ ਦੀ ਇੱਛਾ ਹੈ ਪਰ ਨੌਕਰੀ ਨਹੀਂ, ਰੁਜ਼ਗਾਰ ਦੇ ਮੌਕੇ ਨਹੀਂ, ਕੋਈ ਆਸ ਨਹੀਂ, ਸਿਸਟਮ ਵਿਚ ਵਿਸ਼ਵਾਸ ਵੀ ਨਹੀਂ। ਏਸੇ ਲਈ ਇਕ ਤਖਤੀ ਤੇ ਲਿਖਿਆ ਸੀ: "ਸਾਡੇ ਐਜੂਕੇਸ਼ਨ ਸਿਸਟਮ ਵਿਚ ਦੋ ਚੀਜ਼ਾਂ ਨਹੀਂ ਹਨ; ਪਹਿਲੀ 'ਐਜੂਕੇਸ਼ਨ' ਅਤੇ ਦੂਜੀ 'ਸਿਸਟਮ'।" ਪੇਪਰ ਲੀਕ ਤਾਂ ਪ੍ਰੋਟੈਸਟ ਦਾ ਬਹਾਨਾ ਸੀ; ਏਥੇ ਤਾਂ ਸਭ ਕੁਝ ਲੀਕ ਹੋ ਰਿਹਾ ਹੈ। ਪਰ ਸਾਡੇ ਵਿਦਿਅਰਥੀ ਸਿਆਣੇ ਹਨ, ਸਭ ਕੁਝ ਕਰਦਿਆਂ ਵੀ ਉਹ ਹੋਸ਼ ਵਿਚ ਰਹੇ। ਉਹ ਦਿਨ ਵੇਲੇ ਕੁੱਟ ਖਾਂਦੇ ਸਨ ਤੇ ਰਾਤ ਵੇਲੇ ਨੱਚਦੇ-ਟੱਪਦੇ ਸਨ। ਪਹਿਲੇ ਕੁਝ ਦਿਨ ਉਹ ਪਾਣੀ ਜਾਂ ਚਾਹ ਦੇ ਕੱਪ ਨਾਲ ਵੀ ਡੰਗ ਟਪਾਉਂਦੇ ਰਹੇ। ਉਹ ਜੰਤਰ-ਮੰਤਰ ਦੀ ਸਿਰਫ਼ ਇਕ ਸਟੇਜ ਨਾਲ ਨਹੀਂ ਸੀ ਚੰਬੜੇ ਹੋਏ। ਉਹ ਵੱਖ-ਵੱਖ ਢਾਣੀਆਂ ਵਿਚ ਬਹਿ ਜਾਂਦੇ ਸਨ ਅਤੇ ਆਪੋ-ਆਪਣੇ ਰਾਜ ਦੀ ਬੋਲੀ ਵਿਚ ਮੁਲਕ ਦੇ ਬਹੁਤ ਸਾਰੇ ਮਸਲਿਆਂ ਨੂੰ ਵਿਚਾਰਦੇ ਸਨ। ਪੇਪਰ ਲੀਕ ਤਾਂ ਉਹਨਾਂ ਅੰਦਰਲੀ ਬੇਬਸੀ ਨੂੰ ਪ੍ਰਗਟਾਉਣ ਦਾ ਸਿਰਫ਼ ਬਹਾਨਾ ਬਣਿਆਂ। ਉਹਨਾਂ ਨੂੰ ਕੋਈ ਬੱਝਵੀਂ ਲੀਡਰਸ਼ਿਪ ਨਹੀਂ ਸੀ ਦੇ ਰਿਹਾ ਪਰ ਉਹ ਸਵੈਚਾਲਿਤ ਹੁੰਦਿਆਂ ਵੀ ਸੰਚਾਲਿਤ ਸਨ। ਉਨ੍ਹਾਂ ਦੀ ਸਮਝ ਨੂੰ ਇਸ ਹਦ ਤਕ ਵਿਕਸਿਤ ਹੋ ਚੁੱਕੀ ਹੈ ਕਿ ਉਹਨਾਂ ਦਾ ਮਸਲਾ ਸਿਰਫ਼ ਪ੍ਰਧਾਨ ਦਾ ਅਸਤੀਫ਼ਾ ਨਹੀਂ ਸੀ। ਉਹ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਚਿੰਤਿਤ ਹੋ ਗਏ ਸਨ ਕਿਉਂਕਿ ਸੱਤਾ ਦਾ ਰਵੱਈਆ ਬਹੁਤ ਹੈਂਕੜ ਵਾਲਾ ਅਤੇ ਹਿਮਾਕਤ ਵਾਲਾ ਸੀ। ਇਸੇ ਲਈ ਉਹਨਾਂ ਦਾ ਇਹ ਨਾਅਰਾ ਵੀ ਬਣ ਗਿਆ ਕਿ " ਪ੍ਰਧਾਨ ਤੋ ਕੇਵਲ ਝਾਕੀ ਹੈ; ਅਸਲੀ ਪਿਕਚਰ ਬਾਕੀ ਹੈ। "
ਜੰਤਰ-ਮੰਤਰ ਵਿਚ ਬੱਚਿਆਂ ਨੇ ਜਿਵੇਂ ਵਿਰੋਧ ਅਤੇ ਨਾਬਰੀ ਦਾ ਬਹੁਤ ਮਿਸਾਲੀ ਪ੍ਰਦਰਸ਼ਨ ਕੀਤਾ ਉਸਦੀ ਸੁਜਾਖੇ ਦੇਸ਼ ਵਾਸੀਆਂ ਨੇ ਪੂਰੀ ਤਾਰੀਫ਼ ਕੀਤੀ। ਉਨ੍ਹਾਂ ਨੇ ਬੇਹੇ ਹੋ ਚੁੱਕੇ ਖ਼ਿਆਲਾਂ ਨੂੰ ਢਹਿ-ਢੇਰੀ ਕਰ ਦਿੱਤਾ। ਮਿਸਾਲ ਦੇ ਤੌਰ ਤੇ ਉੱਥੇ ਧਰਮ ਦੀ ਕੋਈ ਪਛਾਣ ਹੀ ਨਹੀਂ ਸੀ। ਦਰਅਸਲ ਇਸ ਪੀੜ੍ਹੀ ਨੇ ਇਸ ਸਰਕਾਰ ਦੀ ਧਾਰਮਿਕ ਸੰਕੀਰਨਤਾ ਨੂੰ ਪੈਰਾਂ ਵਿਚ ਰੋਲ ਕੇ ਰੱਖ ਦਿੱਤਾ । ਉਥੇ ਲੜਕਿਆਂ ਅਤੇ ਲੜਕੀਆਂ ਨੂੰ ਵੱਖ-ਵੱਖ ਕਰਕੇ ਦੇਖਣ ਵਾਲਾ ਨ਼ਫਰਤੀ ਵਿਤਕਰਾ ਨਹੀਂ ਸੀ। ਉਥੇ ਕੋਈ ਕਾਮਰੇਡੀ ਜਾਂ ਕਾਂਗਰਸੀ ਦਿਖਾਵਾ ਨਹੀਂ ਸੀ ਬਲਕਿ ਇਸ ਵਿਰੋਧ ਅਤੇ ਨਾਬਰੀ ਵਿਚ ਬੀ ਜੇ ਪੀ ਦੇ ਪਰਿਵਾਰਾਂ ਦੇ ਬੱਚੇ ਵੀ ਸ਼ਾਮਿਲ ਸਨ। ਅਮੀਰੀ-ਗ਼ਰੀਬੀ, ਜਾਤ-ਪਾਤ ਅਤੇ ਉੱਤਰ-ਦੱਖਣ ਦਾ ਵੀ ਕੋਈ ਭੇਦ-ਭਾਵ ਨਹੀਂ ਸੀ। ਇਸੇ ਸਮਤਾ ਅਤੇ ਬਰਾਬਰੀ ਵਿਚੋਂ ਉਹ ਤਾਕਤ ਲੈ ਰਹੇ ਸਨ। ਇਹ ਨੌਜਵਾਨਾਂ ਦਾ ਪਰਜਾ-ਤੰਤਰ ਸੀ ਜਿਸ ਵਿਚ ਉਹ ਸਵੇਰੇ ਪੁਲਸ ਕੋਲੋਂ ਕੁੱਟ ਖਾ ਕੇ ਸ਼ਾਮ ਨੂੰ ਓਸੇ ਨੂੰ ਪਾਣੀ ਵੀ ਪਿਆਉਂਦੇ ਸਨ। ਆਪਣੇ ਸੰਕਟ ਅਤੇ ਪੀੜਾ ਦੇ ਅੰਦਰ ਵੀ ਉਹਨਾਂ ਆਪਣੇ ਵਿਵੇਕ ਨੂੰ ਨਹੀਂ ਛੱਡਿਆ। ਉਸੇ ਵਿਵੇਕ ਵਿਚ ਉਨ੍ਹਾਂ ਦਾ ਸਹਿਜ, ਸਾਹਸ ਅਤੇ ਵਿਅੰਗ ਸਮਾਇਆ ਹੋਇਆ ਸੀ। ਜੇ ਕਿਸੇ ਨੇ ਪੁੱਛਿਆ ਕਿ ਕੀ ਤੁਹਾਨੂੰ ਵਿਦੇਸ਼ ਤੋਂ ਕੋਈ ਮਦਦ ਮਿਲ ਰਹੀ ਹੈ ਤਾਂ ਇਕ ਦਾ ਜਵਾਬ ਸੀ, “ਹਾਂ ਹੁਣੇ ਪਾਕਿਸਤਾਨ ਤੋਂ ਵੀਹ ਰੁਪਏ ਆਏ ਨੇ, ਚਾਲੀ ਚੀਨ ਤੋਂ ਆ ਰਹੇ ਨੇ।" ਇਕ ਕੁੜੀ ਨੇ ਕਿਹਾ ਕਿ ਉਹ ਆਪ ਹੀ ਚੀਨ ਤੋਂ ਆਈ ਹੈ। ਸਾਹਸ ਏਨਾ ਕਿ ਉਹਨਾਂ ਵਿਚੋਂ ਕੁਝ ਕੁੱਟ ਖਾ ਕੇ ਵੀ ਹਿੱਕ ਤਾਣ ਕੇ ਖੜ੍ਹੇ ਰਹਿੰਦੇ ਸਨ। ਉਹ ਪੁਲੀਸ ਨੂੰ ਐਸੇ ਮਖੌਲ ਕਰਦੇ ਸਨ ਕਿ ਉਸਦੇ ਸਿਪਾਹੀਆਂ ਅਤੇ ਅਫ਼ਸਰਾਂ ਨੂੰਂ ਸ਼ਰਮ ਆਉਣ ਲੱਗ ਪੈਂਦੀ ਸੀ। ਸਾਰੇ ਹਿੰਦੁਸਤਾਨ ਨੂੰ ਉਨ੍ਹਾਂ ਦੀ ਨਵੇਕਲੀ ਬੋਲੀ ਅਤੇ ਕਲਾ ਦਾ ਬੁੱਲਡੋਜ਼ਰ ਸਾਫ਼ ਤੌਰ ਤੇ ਚੱਲਦਾ ਨਜ਼ਰ ਆਉਣ ਲਗ ਪਿਆ ਸੀ; ਉਸ ਵਿਚ ਗੁੱਸਾ ਘੱਟ ਤੇ ਮਸਤੀ ਜ਼ਿਆਦਾ ਸੀ। ਏਸੇ ਨੂੰ ਅਸੀਂ ਮਾਸੂਮੀਅਤ ਕਿਹਾ ਹੈ:
-ਪ੍ਰਧਾਨ ਵਾਸਤੇ ਫਿਲਮ ਦੇ ਗਾਣੇ ਦੀ ਲਾਈਨ ਲਿਖ ਦਿੱਤੀ: "ਯਹ ਪਗਲਾ ਹੈ ਸਮਝਾਨੇ ਸੇ ਸਮਝੇ ਨਾ। "
-ਪੁਲੀਸ ਵਾਲਾ ਭੀੜ ਨੂੰ ਰੋਕ ਰਿਹਾ ਹੈ, ਇਕ ਬੱਚਾ ਉਹਦੀ ਟੋਪੀ ਲੈ ਕੇ ਦੌੜ ਜਾਂਦਾ ਹੈ।
-ਇਕ ਹੋਰ ਪੁਲੀਸ ਵਾਲਾ 16-17 ਸਾਲ ਦੇ ਮੁੰਡੇ ਨੂੰ ਬੇਲਿਹਾਜ਼ ਹੋ ਕੁ ਕੁੱਟ ਰਿਹਾ ਹੈ। ਤਿੰਨ ਚਾਰ ਡੰਡੇ ਖਾ ਕੇ ਉਹ ਬੱਚਾ ਹੌਲੀ-ਹੌਲੀ ਉਠਦਾ ਹੈ। ਆਪਣੇ ਮੋਢਿਆਂ ਤੇ ਲਟਕੇ ਬੈਕਪੈਕ ਨੂੰ ਠੀਕ ਕਰਦਿਆਂ ਉਠਣ ਸਾਰ, ਅੱਖ ਝਪਕਦਿਆਂ ਵੱਟ ਕੇ ਉਸੇ ਪੁਲਸੀਏ ਦੇ ਮੂੰਹ ਤੇ ਇਕ ਕਰਾਰੀ ਚਪੇੜ ਮਾਰਦਾ ਹੈ ਤੇ ਨੌਂ ਦੋ ਗਿਆਰਾਂ ਹੋ ਜਾਂਦਾ ਹੈ।
-ਇਕ ਮੁੰਡਾ ਬੜੇ ਤਪਾਕ ਨਾਲ ਪੁਲਸ ਨੂੰ ਪੁੱਛਦਾ ਹੈ, "ਕੀ ਅੱਜ ਲਾਠੀਚਾਰਜ ਨਹੀਂ ਹੋਵੇਗਾ ਜੀ?” ਪੁਲੀਸ ਵਾਲੇ ਕੀ ਜਵਾਬ ਦੇਂਦੇ? ਉਹ ਪਿਆਰ ਨਾਲ ਬੇਨਤੀ ਕਰਦਾ ਹੈ ਕਿ "ਕਲ੍ਹ ਦੇ ਲਾਠਚਾਰਜ ਵੇਲੇ ਪਹੁੰਚ ਨਹੀਂ ਸਕਿਆ। ਮੈਂ ਦੂਰੋਂ ਆਇਆ ਹਾਂ, ਦੋ-ਤਿੰਨ ਡੰਡੇ ਤਾਂ ਮਾਰ ਦਿਉ।"
-ਇਕ ਹੋਰ ਕੁੜੀ ਆਖਦੀ ਹੈ: "ਪੁਲੀਸ ਅੰਕਲ! ਆਜ ਰਾਤ ਕੋ ਲਾਠੀਚਾਰਜ ਕਰਨਾ ਹੈ ਤੋ ਅਭੀ ਬਤਾ ਦੋ, ਮੈਨੇ ਪ੍ਰੋਟੀਨ ਨਹੀਂ ਖਾਇਆ; ਰਾਤ ਦੌੜ ਨਹੀਂ ਪਾਊਂਗੀ।"
-ਇਕ ਮੁੰਡੇ ਦਾ ਮਾਸੂਮ ਤਰਲਾ ਹੈ, "ਵਾਟਰ ਕੈਨਨ ਚਲਾ ਦੋ ਨਾ, ਗਰਮੀ ਬਹੁਤ ਹੈ।"
-ਤੇ ਇਕ ਏਡਾ ਹਿੰਮਤੀ ਨਿਕਲਿਆ ਕਿ ਵਾਟਰ ਕੈਨਨ ਦੀ ਗੱਡੀ ਉਤੇ ਚੜ੍ਹ ਕੇ ਉਸਨੇ ਪੁਲੀਸ ਵੱਲ ਬੁਛਾਰਾਂ ਛੱਡ ਦਿੱਤੀਆਂ ਤੇ ਆਪ ਦੌੜ ਗਿਆ। ਪੁਲੀਸ ਪਾਣੀ ਅਤੇ ਸ਼ਰਮ ਦੋਹਾਂ ਵਿਚ ਭਿੱਜੀ ਪਈ ਸੀ।
-ਕਈ ਵਾਰੀ ਪਤਾ ਹੀ ਨਹੀਂ ਸੀ ਲੱਗਦਾ ਕਿ ਉਹ ਵਿਰੋਧ ਕਰ ਰਹੇ ਸਨ ਜਾਂ ਖੇਡ ਰਹੇ ਸਨ। ਸ਼ਾਮ ਨੂੰ ਟੀਅਰ ਗੈਸ ਦਾ ਡੱਬਾ ਲੈ ਕੇ ਜਾ ਰਹੇ ਇਕ ਪੁਲਸਕਰਮੀ ਨੂੰ ਮੁੰਡਾ ਜਾ ਕੇ ਕਹਿੰਦਾ ਹੈ: "ਅੰਕਲ ਇਸੇ ਚਲਾ ਦੋ ਨਾ, ਬਹੁਤ ਆਨੰਦ ਆਏਗਾ।"
ਪਰ ਇਸ ਵਿਰੋਧ ਦਾ ਇਕ ਪੱਖ ਜਿਸ ਨੂੰ ਬਹੁਤ ਜ਼ਿਆਦਾ ਉਭਾਰਿਆ ਜਾ ਰਿਹਾ ਹੈ ਉਹ ਹੈ ਬੋਲੀ ਵਿਚਲੀ ਅਸ਼ਲੀਲਤਾ। ਅਸੀਂ ਅਸ਼ਲੀਲਤਾ, ਗੰਦੀ ਗਾਲ੍ਹ ਜਾਂ ਪਲੀਤ ਬੋਲੀ ਬਾਰੇ ਕੁਝ ਵਿਸਤ੍ਰਿਤ ਚਰਚਾ ਜ਼ਰੂਰ ਕਰਨੀ ਚਾਹੁੰਦੇ ਹਾਂ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਕੁਝ ਲੋਕਾਂ ਵੱਲੋਂ ਜੰਤਰ-ਮੰਤਰ ਵਿਚ ਗੰਦੀ ਭਾਸ਼ਾ ਦੀ ਬਹੁਤ ਤਿੱਖੀ ਵਰਤੋਂ ਹੋਈ। ਏਥੇ ਉਸਦੀਆਂ ਮਿਸਾਲਾਂ ਦੇਣੀਆਂ ਵੀ ਸਾਡੇ ਲਈ ਸੰਭਵ ਨਹੀਂ। ਪਰ ਅਸਲ ਸਵਾਲ ਇਹ ਹੈ ਕਿ ਏਨਾ ਗੰਦ ਸਾਡੇ ਨੌਜਵਾਨਾਂ ਦੀ ਜ਼ੁਬਾਨ ਅਤੇ ਧਿਆਨ ਵਿਚ ਪ੍ਰਵੇਸ਼ ਕਿੱਥੋਂ ਕੀਤਾ? ਕੁਝ ਲੋਕਾਂ ਨੇ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਕਿਹਾ ਕਿ "ਸਨਾਤਨ-ਗਿਆਨ-ਪਰੰਪਰਾ ਤੋਂ ਕੱਟੀ ਹੋਈ ਦਿਸ਼ਾਹੀਣ ਉਪਭੋਗਵਾਦੀ ਸੋਚ ਨੇ ਹੀ ਇਸ ਕੌਕਰੋਚ ਪੀੜ੍ਹੀ ਨੂੰ ਜਨਮ ਦਿੱਤਾ ਹੈ।" ਮੇਰੀ ਸਲਾਹ ਹੈ ਕਿ ਉਹ ਆਪਣੀ ਪੀੜ੍ਹੀ ਹੇਠ ਵੀ ਸੋਟਾ ਫ਼ੇਰ ਕੇ ਦੇਖ ਲੈਣ। ਮੇਰਾ ਵਿਸ਼ਵਾਸ ਹੈ ਕਿ ਨਵੀਂ ਪੀੜ੍ਹੀ ਨੇ ਤਥਾ-ਕਥਿਤ ਸਨਾਤਨ ਸੋਚ ਵਾਲੀ ਸੱਤਾ ਦੀ ਬਦਤਮੀਜ਼ ਭਾਸ਼ਾ ਨੂੰ ਦੇਖ ਕੇ ਹੀ ਆਪਣੀ ਬੋਲੀ ਦਾ ਬੁੱਲਡੋਜ਼ਰ ਚਲਾਇਆ ਹੈ। ਅਪਮਾਨਜਨਕ ਬੋਲੀ ਉਹਨਾਂ ਨੇ ਸਾਡੀ ਰਾਜਨੀਤੀ ਪਾਸੋਂ ਸਿੱਖੀ ਹੈ। ਵੈਸੇ ਤਾਂ ਸੱਤਾ ਤੋਂ ਬਾਹਰਲੇ ਨੇਤਾ ਵੀ ਘੱਟ ਨਹੀਂ ਹਨ। ਮੋਦੀ ਜਾਂ ਕਿਸੇ ਹੋਰ ਨੇਤਾ ਨੂੰ 'ਗੰਦੀ ਨਾਲੀ ਦਾ ਕੀੜਾ' ਕਹਿਣਾ ਕਦੇ ਵੀ ਮਾਫ਼ ਕਰਨ ਯੋਗ ਨਹੀਂ ਹੈ। ਪਰ ਮੋਦੀ ਦੀ ਸਨਾਤਨੀ ਸਰਕਾਰ ਅਤੇ ਬੀ ਜੇ ਪੀ ਦੇ ਸੰਸਕਾਰੀ ਪਰਿਵਾਰ ਨੇ ਬੋਲੀ ਦੀ ਅਸ਼ਲੀਲਤਾ ਦੇ ਜਿਹੜੇ ਗੁਲ ਖਿਲਾਏ ਹਨ, ਉਸ ਉਤੇ ਝਾਤੀ ਮਾਰਨੀ ਵੀ ਜ਼ਰੂਰੀ ਹੈ। ਜਿਹੜਾ ਬੰਂਦਾ ਆਪਣੇ-ਆਪ ਨੂੰ ਰੱਬ ਦਾ ਭੇਜਿਆ ਦੂਤ ਕਹਿੰਦਾ ਹੈ ਅਤੇ ਹਿੰਦੂ ਧਰਮ ਦੀਆਂ ਸਰਵ ਉੱਚ ਧਾਰਮਿਕ ਸ਼ਖ਼ਸੀਅਤਾਂ ਭਾਵ ਚਾਰ ਸ਼ੰਕਰਾਚਾਰੀਆਂ ਨੂੰ ਵੀ ਟਿੱਚ ਜਾਣਦਾ ਹੈ, ਉਸ ਨੇ 2004 ਵਿਚ ਗੁਜਰਾਤ ਵਿਚ ਕਿਹਾ ਸੀ, “ਸੋਨੀਆ ਬੇਨ ਤੋ ਜਰਸੀ ਗਾਏ ਹੈ ਔਰ ਰਾਹੁਲ ਹਾਈਬ੍ਰਿਡ ਬਛੜਾ"। ਇਸੇ ਸੰਸਕਾਰੀ ਬੰਦੇ ਨੇ ਸ਼ਸ਼ੀ ਥਰੂਰ ਦੀ ਪਤਨੀ ਨੂੰ "ਪਚਾਸ ਕਰੋੜ ਕੀ ਗਰਲ ਫ਼ਰੈਂਡ" ਆਖਿਆ ਸੀ। ਜਦੋਂ ਡੋਨਾਲਡ ਟਰੰਪ ਭਾਰਤ ਅਤੇ ਚੀਨ ਤੋਂ ਗਏ ਲੋਕਾਂ ਨੂੰ 'ਗੈਂਗਸਟਰਜ਼ ਵਿਦ ਲੈਪਟਾਪ' ਆਖਦਾ ਹੈ ਤਾਂ ਸਾਨੂੰ ਜਾਇਜ਼ ਤੌਰ ਤੇ ਤਕਲੀਫ਼ ਹੁੰਦੀ ਹੈ। ਪਰ ਸਾਨੂੰ ਉਦੋਂ ਵੀ ਤਕਲੀ਼ਫ਼ ਹੋਣੀ ਚਾਹੀਦੀ ਹੈ ਜਦੋਂ ਬੰਗਲਾਦੇਸ਼ ਤੋਂ ਆਏ ਗ਼ੈਰਕਾਨੂੰਨੀ ਲੋਕਾਂ ਨੂੰ ਅਮਿਤ ਸ਼ਾਹ ਦੀਮਕ ਕਹਿੰਦਾ ਹੈ। ਉਹ ਇਨਸਾਨਾਂ ਦਾ ਅਮਾਨਵੀਕਰਨ ਕਰ ਰਿਹਾ ਹੈ। ਇਸੇ ਤਰ੍ਹਾਂ 2023 ਵਿਚ ਐਮ ਪੀ ਦਾਨਿਸ਼ ਅਲੀ ਨੂੰ ਬੀਜੇਪੀ ਦੇ ਐਮ ਪੀ ਰਮੇਸ਼ ਬਦੂੜੀ ਨੇ 'ਭੜਵਾ', 'ਕਟਵਾ' ਅਤੇ 'ਮੁੱਲਾ ਆਤੰਕਵਾਦੀ' ਕਿਹਾ ਹੈ। ਸੰਸਕਾਰੀ ਪਾਰਟੀ ਨੇ ਫਿਰ ਵੀ ਦਿਲੀ ਦੀਆਂ ਚੋਣਾਂ ਵੇਲੇ ਉਸ ਨੂੰ ਕਾਲਕਾ ਜੀ ਤੋਂ ਟਿਕਟ ਦਿੱਤਾ। ਇਕ ਚੋਣ ਰੈਲੀ ਵਿਚ ਉਸਦੇ ਵਾਕ ਸਨ, "ਜਿਵੇਂ ਅਸੀਂ ਓਖਲਾ ਅਤੇ ਸੰਗਮ ਵਿਹਾਰ ਵਿਚ ਸੜਕਾਂ ਬਣਾਈਆਂ ਹਨ ਉਸੇ ਤਰ੍ਹਾਂ ਪ੍ਰਿਯੰਕਾ ਗਾਂਧੀ ਦੀਆਂ ਗਲ੍ਹਾਂ ਵਾਂਗ ਕਾਲਕਾਜੀ ਵਿਚ ਵੀ ਸੜਕਾਂ ਬਣਾਵਾਂਗੇ।" ਭਾਵੇਂ ਮਗਰੋਂ ਉਸਨੇ ਮਾਫ਼ੀ ਮੰਗੀ। ਜੰਤਰ-ਮੰਤਰ ਬਾਰੇ ਫੇਰ ਉਹਨੇ ਘਟੀਆ ਸ਼ਬਦ ਬੋਲੇ, "ਏਥੇ ਵਿਦਿਆਰਥੀਆਂ ਨਾਲੋਂ ਪੰਚਰ ਲਾਉਣ ਵਾਲਿਆਂ ਅਤੇ ਚਾਬੀਆਂ ਬਣਾਉਣ ਵਾਲਿਆਂ ਦੇ ਬੱਚਿਆਂ ਦੀ ਜ਼ਿਆਦਾ ਭੀੜ ਹੈ।" ਕਿਉਂਕਿ ਇਹ ਮਿਹਨਤ ਮੁਸਲਮਾਨਾਂ ਦੇ ਹਿੱਸੇ ਜ਼ਿਆਦਾ ਆਈ ਹੈ।
ਬੰਗਾਲ ਦੇ ਐਮ ਐਲ ਏ ਦਲੀਪ ਘੋਸ਼ ਨੇ ਮਮਤਾ ਬੈਨਰਜੀ ਨੂੰ ਵਾਲਾਂ ਤੋਂ ਘਸੀਟ ਕੇ ਬਾਹਰ ਸੁਟਣ ਦੀ ਗੱਲ ਕਹੀ ਸੀ। 2021 ਚੋਣਾਂ ਵਿਚ ਮਮਤਾ ਦੇ ਪੈਰਾਂ ਤੇ ਸੱਟ ਲੱਗੀ ਸੀ ਅਤੇ ਉਹ ਰੈਲੀਆਂ ਵਿਚ ਬਾਰ-ਬਾਰ ਆਪਣੀ ਸਾੜੀ ਨੂੰ ਠੀਕ ਕਰਦੀ ਸੀ। ਸੰਸਕਾਰੀ ਪਾਰਟੀ ਵਾਲੇ ਘੋਸ਼ ਦੇ ਬੋਲ ਸਨ: "ਜੇ ਮਮਤਾ ਨੇ ਹਮਦਰਦੀ ਜਿੱਤਣ ਲਈ ਪਲੱਸਤਾਰ ਕੀਤੀ ਲੱਤ ਲੋਕਾਂ ਨੂੰ ਦਿਖਾਉਣੀ ਹੈ ਤਾਂ ਬਰਮੂਦਾ ਕਿਉਂ ਨਹੀਂ ਪਾ ਲੈਂਦੀ?” ਅੱਜਕਲ੍ਹ ਇਹ ਸ਼ਖ਼ਸ ਬੰਗਾਲ ਵਿਚ ਮੰਤਰੀ ਹੈ। ਮਹਾਂਰਾਸ਼ਟਰ ਦੇ ਐਮ ਐਲ ਏ ਨਿਤੇਸ਼ ਰਾਣੇ ਨੇ ਵਿਰੋਧੀਆਂ ਨੂੰ ਕਿਹਾ ਸੀ ਕਿ "ਤੁਹਾਨੂੰ ਕੀੜਿਆਂ ਵਾਂਗ ਮਾਰ ਦਿਆਂਗੇ।" ਇਹ ਭੱਦਰ ਪੁਰਸ਼ ਅੱਜਕਲ੍ਹ ਮਹਾਰਾਸ਼ਟਰ ਵਿਚ ਕੈਬਿਨਿਟ ਮੰਤਰੀ ਹੈ। ਸਾਧਵੀ ਨਿਰੰਜਨ ਜਯੋਤੀ ਨੇ ਕੇਂਦਰ ਦੀ ਮਨਿਸਟਰ ਹੁੰਦਿਆਂ ਚੋਣ ਰੈਲੀ ਵਿਚ ਲੋਕਾਂ ਨੂੰ ਕਿਹਾ ਸੀ ਕਿ "ਆਪਕੋ ਫ਼ੈਸਲਾ ਕਰਨਾ ਹੈ ਕਿ ਰਾਮਜ਼ਾਦੋਂ ਕੀ ਸਰਕਾਰ ਬਨੇਗੀ ਕਿ ਹਰਾਮਜ਼ਾਦੋਂ ਕੀ"। ਇਸ ਸੰਸਕਾਰੀ ਬੀਬੀ ਨੂੰ ਕੁਝ ਮਹੀਨੇ ਪਹਿਲਾਂ ਮਾਰਚ 2026 ਵਿਚ ਨੈਸ਼ਨਲ ਕਮਿਸ਼ਨ ਫ਼ਾਰ ਬੈਕਵਾਰਡ ਕਲਾਸਜ਼ ਦਾ ਚੇਅਰਪਰਸਨ ਬਣਾਇਆ ਗਿਆ ਹੈ। ਸਨਾਤਨੀ ਬੀਜੇਪੀ ਗੰਦ ਬੋਲਣ ਵਾਲਿਆਂ ਅਤੇ ਬਲਾਤਕਾਰੀਆਂ ਨੂੰ ਪੁਰਸਕਾਰ ਅਤੇ ਸਨਮਾਨ ਵੀ ਦੇਂਦੀ ਹੈ। ਇਵੇਂ ਹੀ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ 2024 ਵਿਚ ਰਾਹੁਲ ਗਾਂਧੀ ਨੂੰ 'ਹਾਈਬ੍ਰਿਡ ਸਪੈਸੀਮਨ' ਗਰਦਾਨਿਆਂ ਸੀ ਜੋ ਕਿ ਮੁਸਲਿਮ ਅਤੇ ਈਸਾਈ ਮਾਂ-ਪਿਉ ਦੀ ਔਲਾਦ ਹੈ। ਉਸ ਵਾਸਤੇ ਇਕ ਬਹੁਤ ਭੱਦੇ ਕੰਨੜ ਸ਼ਬਦ ਦਾ ਪ੍ਰਯੋਗ ਵੀ ਕੀਤਾ ਸੀ । ਇਕ ਹੋਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਉਹ ਵੀਡੀਉ ਤਾਂ ਹਰ ਸੁਜਾਖੇ ਦੇਸ਼ ਭਗਤ ਅਤੇ ਬੀ ਜੇ ਪੀ ਅੰਧ ਭਗਤ ਨੇ ਦੇਖੀ ਹੈ ਜਿਸ ਵਿਚ ਉਹ ਵਾਰ-ਵਾਰ ਭੜਕਾਊ ਤਰੀਕੇ ਨਾਲ ਬੋਲਦਾ ਹੈ ਕਿ "ਦੇਸ਼ ਕੇ ਗ਼ਦਾਰੋਂ ਕੋ" ਤੇ ਲੋਕ ਅੱਗੋਂ ਜਵਾਬ ਦੇਂਦੇ ਹਨ, "ਗੋਲੀ ਮਾਰੋ ਸਾਲੋਂ ਕੋ"। ਅਨੁਰਾਗ ਠਾਕਰ ਅਜੇ ਵੀ ਐਮ ਪੀ ਹੈ। ਕੇਰਲਾ ਭਾਜਪਾ ਦੇ ਬੁੱਧੀਜੀਵੀ ਸੈੱਲ ਦੇ ਸਾਬਕਾ ਮੁਖੀ ਟੀ ਜੀ ਮੋਹਨਦਾਸ ਦੇ ਵਿਚਾਰ ਬਹੁਤ ਹੀ ਜ਼ਿਆਦਾ ਦੁਖਦਾਈ ਹਨ। ਸਨਾਤਨੀ ਸੋਚ ਵਾਲਾ ਇਹ ਬੰਦਾ ਕਹਿੰਦਾ ਹੈ ਕਿ "ਮੈਂ ਤਾਂ ਓਥੇ ਸਿੱਧਾ ਗੋਲੀ ਚਲਾਉਣ ਦਾ ਹੁਕਮ ਦੇਣਾ ਸੀ, ਲਾਸ਼ਾਂ ਨੂੰ ਕੱਠਿਆਂ ਕਰਕੇ ਹਸਪਤਾਲ ਵਿਚ ਪੁਚਾ ਦੇਣਾ ਸੀ ਤੇ ਸਥਿਤੀ ਚਾਰ ਘੰਟੇ ਵਿਚ ਸ਼ਾਂਤ ਹੋ ਜਾਣੀ ਸੀ।" ਉਸਦੀ ਭਾਸ਼ਾ ਦਾ ਬੁੱਲਡੋਜ਼ਰ ਕਿੰਨੀ ਜ਼ਹਿਰ ਨਾਲ ਭਰਿਆ ਹੋਇਆ ਹੈ ਉਸਦੇ ਬਿਆਨ ਤੋਂ ਅੰਦਾਜ਼ਾ ਲਾਉ: “ਜੇ ਏਥੇ ਗੈਂਗਰੇਪ ਵੀ ਹੋ ਜਾਣ ਤਾਂ ਉਹ ਸ਼ਿਕਾਇਤ ਨਹੀਂ ਕਰਨਗੀਆਂ ਕਿਉਂਕਿ ਉਹ ਕੁੜੀਆਂ ਖ਼ਾਸ ਕਰਕੇ ਖੱਬੇਪੱਖੀ, ਧਰਮ-ਨਿਰਪੱਖ, ਜਮਹੂਰੀ ਅਤੇ ਮਜ਼ਦੂਰ ਜਮਾਤ (proletarians) ਨਾਲ ਸਬੰਧਤ ਔਰਤਾਂ ਏਹੋ ਕੁਝ ਚਾਹੁੰਦੀਆਂ ਹਨ। " ਇਹ ਬੰਦਾ ਆਪਣੇ ਆਪ ਨੂੰ ਬੁੱਧੀਜੀਵੀ, ਸਨਾਤਨੀ ਅਤੇ ਸੰਸਕਾਰੀ ਕਹਿੰਦਾ ਹੈ। ਦਰਅਸਲ 'ਸਨਾਤਨ-ਗਿਆਨ-ਪਰੰਪਰਾ ਤੋਂ ਕੱਟੀ ਹੋਈ' ਨਹੀਂ ਬਲਿਕ ਕਥਿਤ ਤੌਰ ਤੇ ਜੁੜੀ ਹੋਈ ਪੀੜ੍ਹੀ ਨੇ ਦਿਸ਼ਾਹੀਣ ਉਪਭੋਗਵਾਦੀ ਸੋਚ
ਦਾ ਸੰਚਾਰ ਕੀਤਾ ਹੈ।
ਜਿਸ ਮੋਦੀ ਨੇ ਬਾਰਾਂ ਸਾਲ ਵਿਚ ਕਿਸੇ ਨਾਲ ਕੋਈ ਸੰਚਾਰ ਨਹੀਂ ਕੀਤਾ; ਸਾਰੀਆਂ ਸੰਸਥਾਵਾਂ ਨੂੰ ਹਥਿਆ ਕੇ ਚੋਣਾਂ ਜਿੱਤਣ ਵੱਲ ਹੀ ਧਿਆਨ ਦਿੱਤਾ ਹੈ, ਅੱਜ ਜੈੱਨ ਜ਼ੀ ਨੇ ਉਹਨੂੰ ਉਸੇ ਦੀ ਬੋਲੀ ਵਿਚ ਜੁਆਬ ਦਿੱਤਾ ਹੈ। ਉਸਦੇ ਸਾਹਮਣੇ ਕੋਈ ਚੂੰ ਨਹੀਂ ਸੀ ਕਰਦਾ ਪਰ ਨਵੀਂ ਪੀੜ੍ਹੀ ਨੇ ਉਹਨੂੰ ਸਾਫ਼-ਸਾਫ਼ ਕਿਹਾ ਹੈ ਕਿ "ਚਾਏ ਬਨਾ, 'ਚੂ==ਆ' ਨਾ ਬਨਾ"। ਮੋਦੀ ਦੀ ਪਾਰਟੀ ਦੀ ਸ਼ਬਦਾਵਲੀ ਹੀ ਜੈੱਨ ਜ਼ੀ ਦਾ ਬੁੱਲਡੋਜ਼ਰ ਬਣ ਜਾਂਦਾ ਹੈ: “ਨੀਮ ਕਾ ਪੱਤਾ ਕੜਵਾ ਹੈ, ਮੋਦੀ ਸਾਲਾ ਭੜਵਾ ਹੈ।" ਬੀਜੇਪੀ ਦੀ ਐਮ ਪੀ ਕੰਗਣਾ ਰਣਾਵਤ ਨੂੰ ਵੀ ਸੰਸਕਾਰੀ ਬਣਨ ਦਾ ਖ਼ਿਆਲ ਆਇਆ ਹੈ। ਉਸਨੇ ਹਿੰਦੂ ਕੁੜੀਆਂ ਅਤੇ ਜੈੱਨ ਜ਼ੀ ਨੂੰ ਗਟਰ ਜੈਨਰੇਸ਼ਨ ਕਿਹਾ ਹੈ ਜੋ ਭੱਦੀ ਅਤੇ ਭ੍ਰਸ਼ਟ ਪੀੜ੍ਹੀ ਹੈ। ਉਹ ਕਹਿੰਦੀ ਹੈ ਕਿ ਜ਼ਾਤੀ ਆਜ਼ਾਦੀ ਦੇ ਨਾਲ-ਨਾਲ ਸਦਾਚਾਰਕ ਜਵਾਬਦੇਹੀ ਤੇ ਡਿਜੀਟਲ ਅਨੁਸ਼ਾਸਨ ਦੀ ਵੀ ਲੋੜ ਹੈ। ਉਸਨੇ ਅਸੁਰੱਖਿਅਤ ਜਵਾਨੀ ਨੂੰ ਫ਼ਿਲਮਾਂ ਦੇ ਗਲਪੀ ਸੰਸਾਰ ਤੋਂ ਬਚਣ ਦੀ ਸਲਾਹ ਦਿੱਤੀ ਹੈ। ਏਨੀਆਂ ਵੱਡੀਆਂ ਅਤੇ ਸਦਾਚਾਰਕ ਗੱਲਾਂ ਕਰਨ ਵਾਲੀ ਕੰਗਣਾ ਨੂੰ ਇਸ ਗੱਲ ਦਾ ਜਵਾਬ ਵੀ ਦੇਣਾ ਚਾਹੀਦਾ ਹੈ ਕਿ ਉਸਨੇ ਫਿਲਮ ਸਿਮਰਨ (2017) ਦੇ ਡਾਂਸ ਨੰਬਰ ਵਿਚ ਵਾਰ-ਵਾਰ ਗਾਏ ਗਏ 'ਵੈਜਾਈਨਾ' ਸ਼ਬਦ ਉਤੇ ਨ੍ਰਿਤ ਕਰਨ ਲੱਗਿਆਂ ਆਪਣੀ ਜਵਾਬਦੇਹੀ ਨੂੰ ਕਿੱਥੇ ਸੁੱਟ ਦਿੱਤਾ ਸੀ? ਜੇ ਅਸ਼ਲੀਲ ਸ਼ਬਦਾਵਲੀ ਦੀ ਦਰਜਾਬੰਦੀ ਕੀਤੀ ਜਾਵੇ ਤਾਂ ਪੰਜਾਬੀ-ਹਿੰਦੀ ਵਿਚ ਇਹ ਸ਼ਬਦ ਸਭ ਤੋਂ ਪਹਿਲੇ ਸਥਾਨ ਤੇ ਆਵੇਗਾ । ਕਵੀ ਕੁਮਾਰ ਵਿਸ਼ਵਾਸ ਨੇ ਵੀ ਮਹਾਨ ਵਿਚਾਰ ਦਿੱਤਾ ਹੈ, “ਜੇ ਕੌਕਰੋਚ ਬਣੇ ਹਨ ਤਾਂ ਦੇਸ਼ ਵਿਚ ਹਿੱਟ ਵੀ ਬਣੇ ਹਨ। ਕੌਕਰੋਚਾਂ ਦਾ ਇਲਾਜ ਹੋ ਜਾਵੇਗਾ।" ਉਸਨੂੰ ਇਹ ਜਾਣਨ ਦੀ ਲੋੜ ਹੈ ਕਿ ਕੌਕਰੋਚ ਸਿਰਫ਼ ਗੰਦਗੀ ਵਿਚ ਪੈਦਾ ਹੁੰਦਾ ਹੈ। ਇੰਦਰਪ੍ਰਸਥ ਗੁਰੂ ਗੋਬਿੰਦ ਸਿੰਘ ਯੂਨੀਵਰਸਟੀ ਵਿਚ ਅੰਗ੍ਰੇਜ਼ੀ ਦੇ ਪ੍ਰੋਫੈਸਰ ਵਿਵੇਕ ਸਚਦੇਵਾ ਦੀ ਕਵਿਤਾ ਪੜ੍ਹੋ। ਮੇਰਾ ਵਿਸ਼ਵਾਸ ਹੈ ਕਿ ਇਸਨੂੰ ਪੜ੍ਹ ਕੇ ਕੁਮਾਰ ਕੌਕਰੋਚਾਂ ਦੇ ਸ੍ਰੋਤ ਵੱਲ ਵੀ ਧਿਆਨ ਦੇਵੇਗਾ:
ਏਸ ਸਮਾਜ ਦੇ ਕੀੜੇ
ਏਸੇ ਸਮਾਜ ਵਿਚ ਹੋ ਸਕਦੇ ਨੇ
ਕਿਉਂਕਿ ਕੀੜੇ ਗੰਦਗੀ ਵਿਚ ਹੀ ਹੁੰਦੇ ਨੇ
ਇਕ ਗਲ-ਸੜ ਰਹੇ ਸਮਾਜ ਨੇ
ਪੈਦਾ ਕੀਤੇ ਨੇ ਇਹ ਕੀੜੇ
ਉਹ ਖ਼ੁਦ ਗੰਦਗੀ ਨਹੀਂ ਹੁੰਦੇ
ਗੰਦਗੀ ਹੋਣ ਦੀ ਨਿਸ਼ਾਨੀ ਹੁੰਦੇ ਨੇ ਕੀੜੇ
ਮਰ ਚੁੱਕੇ ਤੇ ਸੜ ਰਹੇ ਜਿਸਮ ਤੇ
ਹਮੇਸ਼ ਆਉਂਦੇ ਨੇ ਕੀੜੇ
ਗੰਦਗੀ ਨੂੰ ਖ਼ਤਮ ਕਰਕੇ
ਇਕ ਸੱਜਰੀ ਸ਼ੁਰੂਆਤ ਵਾਸਤੇ।
1997 ਵਿਚ ਹਾਂਗਕਾਂਗ ਨੂੰ ਚੀਨ ਨਾਲ ਜੋੜਨ ਤੋਂ ਪਹਿਲਾਂ ਲੋਕਾਂ ਨੂੰ ਵਿਸ਼ਵਾਸ ਦਿੱਤਾ ਗਿਆ ਸੀ ਕਿ ਉਹਨਾਂ ਦੇ ਹੱਕ ਅਤੇ ਅਜ਼ਾਦੀ ਨੂੰ ਬਰਕਰਾਰ ਰੱਖਿਆ ਜਾਵੇਗਾ। ਲੋਕ ਦੋ ਦਹਾਕੇ ਰੌਲਾ ਪਾਉਂਦੇ ਰਹੇ ਪਰ ਚੀਨ ਦੀ ਸਰਕਾਰ ਨੇ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ। 2019 ਵਿਚ ਚੀਨ ਵਿਰੁੱਧ ਜ਼ਬਰਦਸਤ ਅੰਦੋਲਨ ਹੋਇਆ ਜਿਸ ਵਿਚ ਰੱਜਵੀਂ ਅਸ਼ਲੀਲ ਭਾਸ਼ਾ ਦੀ ਵਰਤੋਂ ਹੋਈ। ਉਸ ਉਤੇ ਖੋਜ ਕਰ ਰਹੇ ਵਿਦਵਾਨ ਇਸ ਨਤੀਜੇ ਤੇ ਪਹੁੰਚੇ ਸਨ ਕਿ ਗਾਹਲਾਂ ਅੰਦੋਲਨ ਨੂੰ ਮੁੱਖ ਮੁੱਦੇ ਤੋਂ ਨਹੀਂ ਭਟਕਾਉਂਦੀਆਂ ਬਲਕਿ ਇਹ ਤਿੰਨ ਤਰ੍ਹਾਂ ਨਾਲ ਸਹਾਇਤਾ ਕਰਦੀਆਂ ਹਨ: 1) ਕਿਸੇ ਵੀ ਪ੍ਰਕਾਰ ਦੀ ਹਿੰਸਾ ਤੋਂ ਬਿਨਾ ਇਹ ਮੁੱਦੇ ਨੂੰ ਪੂਰੀ ਤਰ੍ਹਾਂ ਗਰਮਾ ਦੇਂਦੀਆਂ ਹਨ। 2) ਗਾਹਲਾਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਏਕਤਾ ਦੇ ਧਾਗੇ ਵਿਚ ਪਰੋ ਦੇਂਦੀਆਂ ਹਨ, ਅਤੇ 3) ਕਿਉਂਕਿ ਗਾਹਲਾਂ ਜਜ਼ਬਾਤੀ ਹੁੰਦੀਆਂ ਹਨ ਇਸ ਲਈ ਇਹ ਨਾ ਸਿਰਫ਼ ਲੋਕਾਂ ਦੇ ਜਜ਼ਬੇ ਨੂੰ ਤਾਕਤ ਨਾਲ ਪੇਸ਼ ਕਰਦੀਆਂ ਹਨ ਬਲਿਕ ਉਸ ਜਜ਼ਬੇ ਨੂੰ ਹੋਰ ਵੀ ਗੂੜ੍ਹਾ ਕਰ ਦੇਂਦੀਆਂ ਹਨ।
ਜੰਤਰ-ਮੰਤਰ ਵਿਚ ਗਾਹਲਾਂ ਨੇ ਇਹ ਤਿੰਨੇ ਕੰਮ ਕੀਤੇ। ਜਿਹੜੀ ਸਰਕਾਰ ਗੂੰਗੀ ਅਤੇ ਬੋਲੀ ਸੀ, ਉਹ ਜੈੱਨ ਜ਼ੀ ਨੂੰ ਸੁਣਨ ਲਈ ਮਜਬੂਰ ਹੋਈ। ਬੋਲੀ ਦਾ ਬੁੱਲਡੋਜ਼ਖਰ ਏਨਾ ਚੱਲਿਆ ਕਿ ਮੋਦੀ ਨੂੰ ਖ਼ੁਦ ਜੈੱਨ ਜ਼ੀ ਨਾਲ ਅਸਿੱਧਾ ਵਾਰਤਾਲਾਪ ਕਰਨਾ ਪਿਆ। ਆਰ ਐਸ ਐਸ ਦੇ ਮੁਖੀ ਨੂੰ ਵੀ ਕੁਝ ਸਿਆਣੇ ਬਿਆਨ ਦੇਣੇ ਪਏ। ਅੱਜ ਹਿੰਦੁਸਤਾਨ ਦੇ ਸਕੂਲਾਂ ਦੇ ਬੱਚੇ ਵੀ ਜਾਗ੍ਰਿਤ ਹੋ ਰਹੇ ਹਨ। ਜੈਪੁਰ ਦੇ ਗੂੰਗੇ-ਬੋਲੇ ਬੱਚਿਆਂ ਦੇ ਇਕ ਸਰਕਾਰੀ ਸਕੂਲ ਦੀ ਛੱਤ ਤੋਂ ਪਲੱਸਤਰ ਡਿੱਗਾ ਤੇ ਇਕ ਬੱਚਾ ਜ਼ਖ਼ਮੀ ਹੋ ਗਿਆ। ਸਕੂਲ ਦੇ ਜ਼ੁਬਾਨਹੀਣ ਬੱਚੇ ਵੀ ਸੜਕ ਉਤੇ ਉੱਤਰ ਆਏ। ਉਹ ਆਪਣੇ ਮਨ ਵਿਚ ਜਿਹੜੀਆਂ ਗਾਲ੍ਹਾਂ ਕੱਢ ਰਹੇ ਹੋਣਗੇ ਉਹਨਾਂ ਬਾਰੇ ਸੋਚ ਕੀ ਵੀ ਕਾਂਬਾ ਛਿੜ ਜਾਣਾ ਚਾਹੀਦਾ ਹੈ। ਮੁਲਕ ਨੂੰ ਸਿੱਖਿਆ ਦੇ ਖੇਤਰ ਦਾ ਕੋਈ ਫ਼ਿਕਰ ਨਹੀਂ। ਸਰਕਾਰ ਆਪਣਾ ਬਜਟ ਘਟਾ ਘਟਾ ਕੇ ਲੋਕਾਂ ਉਤੇ ਬੋਝ ਪਾ ਰਹੀ ਹੈ। ਤੇ ਇਹ ਵਿਵਸਥਾ ਆਪਣੇ ਭ੍ਰਸ਼ਟਾਚਾਰ ਨੂੰ ਜੀਉਂਦਾ ਰੱਖਣ ਲਈ ਕੀ ਕੀ ਕਰਦੀ ਹੈ, ਸਭ ਨੂੰ ਗਿਆਨ ਹੈ। ਜੈੱਨ ਜ਼ੀ ਨੇ ਮੋਦੀ ਦੀ ਫ਼ੋਟੋ ਲਾ ਕੇ ਹੇਠਾਂ ਠੀਕ ਹੀ ਲਿਖਿਆ ਸੀ, “ਨਾ ਪੜ੍ਹਾ ਹੂੰ ਨਾ ਪੜ੍ਹਨੇ ਦੂੰਗਾ।" ਸ਼ਾਇਦ ਇਹ ਵੀ ਸੱਚ ਹੈ ਕਿ “ਅਨਪੜ੍ਹ ਗੌਰਮਿੰਟ ਕਯਾ ਜਾਨੇ ਐਜੂਕੇਸ਼ਨ ਕਾ ਸਵਾਦ?” ਇਸ ਰੋਸ ਦਾ ਇਕ ਕਮਾਲ ਦਾ ਅਸਰ ਇਹ ਹੋਇਆ ਹੈ ਕਿ ਨਾਲਸਾਰ (ਹੈਦਰਾਬਾਦ) ਨਾਂ ਦੀ ਲਾਅ ਯੂਨੀਵਰਸਟੀ ਦੇ 450 ਵਿਦਿਅਰਥੀਆਂ ਨੇ ਸਾਲਾਨਾ ਕਾਨਵੋਕੇਸ਼ਨ ਦੌਰਾਨ ਡਿਗਰੀਆਂ ਦੇਣ ਵਾਸਤੇ ਸੱਦੇ ਗਏ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਥਾਂ ਕਿਸੇ ਹੋਰ ਨੂੰ ਬੁਲਾਉਣ ਵਾਸਤੇ ਪੱਤਰ ਲਿਖਿਆ ਹੈ।
ਸਭ ਤੋਂ ਵੱਡਾ ਕੰਮ ਜਿਹੜਾ ਜੈੱਨ-ਜ਼ੀ ਦੀ ਬੋਲੀ ਨੇ ਕੀਤਾ ਉਹ ਹੈ ਲੋਕਾਂ ਦੇ ਮਨਾਂ ਵਿਚੋਂ ਮੋਦੀ ਦਾ ਡਰ ਕੱਢ ਦੇਣਾ। ਇਕ ਕਮਾਲ ਦਾ ਨਾਅਰਾ ਘੜਿਆ ਗਿਆ ਜਿਸਨੂੰ ਸਿਰਜਨਾਤਮਕਤਾ ਦਾ ਸਿਖਰ ਕਿਹਾ ਜਾ ਸਕਦਾ ਹੈ: “ਛੱਪਨ ਇੰਚ ਕਾ ਛੋਟਾ ਬੰਦਰ, ਭਾਗ ਨਰੇਂਦਰ, ਭਾਗ ਨਰੇਂਦਰ"। ਇਸ ਦੀ ਲੇਖਕ ਕੁੜੀ ਜਿਸ ਪ੍ਰਕਾਰ ਇਹ ਨਾਅਰਾ ਬੋਲਦੀ ਹੈ ਅਤੇ ਜਿਵੇਂ ਇਸ ਨਾਲ ਅਭਿਨੈ ਕਰਦੀ ਹੈ ਉਹ ਵੀ ਦੇਖਣਯੋਗ ਹੈ। ਇਸ ਨਾਲ ਉਹ ਇਕ ਕਹਾਣੀ ਸਿਰਜਦੀ ਲੱਗਦੀ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੀ 56 ਇੰਚ ਦੀ ਛਾਤੀ ਦੀ ਕੇਵਲ ਮਿੱਥ ਸਥਾਪਿਤ ਕੀਤੀ ਹੈ; ਅਸਲ ਵਿਚ ਉਹ ਬਹੁਤ ਡਰਪੋਕ ਹੈ । ਇਸੇ ਲਈ ਇਕ ਹੋਰ ਨਾਅਰਾ ਵੀ ਲਗਾਇਆ ਗਿਆ, "ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ।" ਤੇ 56 ਇੰਚ ਵਾਲੀ ਛਾਤੀ ਵਾਲੇ ਬੰਦੇ ਦੀ ਹਾਲਤ ਇਹ ਹੈ ਕਿ ਅੱਜ ਉਸ ਨੂੰ ਛਪੰਜਾ ਇੰਚ ਦੇ ਕੱਦ ਵਾਲੇ ਬਾਂਦਰ ਦੌੜਾ ਰਹੇ ਹਨ। ਜੇ ਕਿਤੇ ਉਹ ਕੁੜੀ "ਛੱਪਨ ਇੰਚ 'ਕੇ' ਛੋਟੇ ਬੰਦਰ" ਕਹਿ ਕੇ ਬਾਂਦਰ ਨੂੰ ਬਹੁਵਚਨ ਬਣਾ ਦੇਂਦੀ ਤਾਂ ਇਹ ਹਨੂਮਾਨ ਜੀ ਦੀ 'ਵਾਨਰ ਸੇਨਾ' ਬਣ ਜਾਣੀ ਸੀ।
ਗਾਹਲਾਂ ਉਤੇ ਕੁਝ ਵਿਦਵਾਨਾਂ ਨੇ ਗੰਭੀਰ ਖੋਜ-ਕਾਰਜ ਕੀਤਾ ਹੈ। ਸੰਖੇਪ ਵਿਚ ਦੇਖਣਾ ਹੋਵੇ ਤਾਂ ਹੇਠ ਲਿਖਿਆ ਖੋਜ-ਪੱ
|
Author links open overlay panel
|
|
ਤ
|
Author links open overlay panel
|
|
ਰ ਦੇਖਿਆ ਜਾ ਸਕਦਾ ਹੈ: "ਦ ਪਾਵਰ ਆਫ਼ ਸਵੀਅਰਿੰਗ: ਵਟ ਵੀ ਨੋ ਐਂਡ ਵਟ ਵੀ ਡੋਨ'ਟ", ਕੇਰਿਨ ਸਟੈਪਲਟਨ, ਕਰਿਸਟੀ ਬੀਅਰਜ਼ ਫ਼ਾਗਰਸਟਨ, ਰਿਚਰਡਜ਼ ਸਟੀਫ਼ਨਜ਼ ਅਤੇ ਕੈਥਰੀਨ ਲਵਡੇ। (Karyn. Stapleton, Kristy. Beers Fägersten, Richards Stephens, Catherine. Loveday) ਉਪਰਲੀਆਂ ਗੱਲਾਂ ਦੇ ਨਾਲ ਨਾਲ ਇਹ ਵੀ ਸਾਬਤ ਕੀਤਾ ਗਿਆ ਹੈ ਕਿ ਗਾਹਲਾਂ ਨਾਲ ਤੁਹਾਡੀ ਸਰੀਰਕ ਅਤੇ ਮਾਨਸਿਕ ਪੀੜਾ ਘਟਦੀ ਹੈ ਅਤੇ ਕੰਮ ਕਰਦੇ ਰਹਿਣ ਦੀ ਤਾਕਤ ਵਿਚ ਵਾਧਾ ਹੁੰਦਾ ਹੈ। ਇਹ ਸਾਰਾ ਕੁਝ ਲਿਖ ਕੇ ਅਸੀਂ ਬੱਚਿਆਂ ਦੀਆਂ ਗਾਹਲਾਂ ਅਤੇ ਬੋਲੀ ਦੇ ਬੁੱਲਡੋਜ਼ਰ ਨੂੰ ਜਾਇਜ਼ ਜਾਂ ਨਾਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਸਿਰਫ਼ ਏਨਾ ਦੱਸ ਰਹੇ ਹਾਂ ਕਿ 1) ਜੇ ਉਹ ਇਹ ਹਥਿਆਰ ਨਾ ਵਰਤਦੇ ਤਾਂ ਸ਼ਾਇਦ ਕਾਮਯਾਬ ਨਾ ਹੁੰਦੇ। 2) ਉਹਨਾਂ ਨੇ ਇਹ ਹਥਿਆਰ ਸਮਕਾਲੀਨ ਸੱਤਾ ਕੋਲੋਂ ਹੀ ਪ੍ਰਾਪਤ ਕੀਤਾ ਹੈ। 3) ਉਹਨਾਂ ਦਾ ਬੁਲਡੋਜ਼ਰ ਕਿਤੇ ਜ਼ਿਆਦਾ ਮਾਰੂ ਸਾਬਤ ਹੋਇਆ ਹੈ। 4) ਇਸ ਹਥਿਆਰ ਦੀ ਵਰਤੋਂ ਕਰਕੇ ਉਹਨਾਂ ਨੇ ਸੱਤਾ ਦੇ ਸਨਾਤਨ ਪ੍ਰਤੀ ਨਿਰਾਦਰ ਅਤੇ ਧਰਮ ਸੰਬੰਧੀ ਵਰਤੀ ਜਾਂਦੀ ਸਮੁੱਚੀ ਪਹੁੰਚ ਦੇ ਦੋਗਲੇਪਣ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ। 5) ਉਹਨਾਂ ਵਿਚ ਬੋਲੀ ਅਤੇ ਕਲਾ ਦੀ ਅਪਾਰ ਸਮਝ ਹੈ। 6) ਇਸ ਜੈੱਨਰੇਸ਼ਨ ਨੂੰ ਦੇਸ਼ ਦੇ ਮਸਲਿਆਂ ਦੀ ਵੀ ਗਹਿਰੀ ਸਮਝ ਹੈ ਅਤੇ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਫਿਕਰਮੰਦ ਹਨ।

-
ਆਤਮਜੀਤ, writer
atamjitplaywright@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.