ਵਰਨਮਾਨ ਦਾ ਆਨੰਦ ਮਾਣੋ- ਨਵਦੀਪ ਸ਼ਰਮਾ
ਇਸ ਧਰਤੀ ਉੱਪਰ ਇਨਸਾਨ ਸਭ ਤੋਂ ਸੋਚਵਾਨ ਜੀਵ ਹੈ। ਸੰਸਾਰ ਦੇ ਸਮੁੱਚੇ ਜੀਵਾਂ ਤੋਂ ਜਿਆਦਾ ਇਹੀ ਸੋਚਦਾ ਹੈ। ਕੁਝ ਲੋਕਾਂ ਦੀਆਂ ਸੋਚਾਂ ਸਾਰਥਕ ਅਤੇ ਤਰਕਸ਼ੀਲ ਹੁੰਦੀਆਂ ਹਨ ਅਤੇ ਕਈਆਂ ਦੀਆਂ ਢਹਿੰਦੀ ਕਲਾ ਵਾਲੀਆਂ। ਬਹੁਤੇ ਲੋਕ ਸੁਖਦ ਅਤੀਤ ਦੀ ਤੁਲਨਾ ਵਰਤਮਾਨ ਨਾਲ ਕਰਕੇ ਪਛਤਾਵਾ ਤੇ ਵਿਰਲਾਪ ਕਰਦੇ ਰਹਿੰਦੇ ਹਨ ਅਤੇ ਵਰਤਮਾਨ ਦੇ ਜਿਨ੍ਹਾਂ ਪਲਾਂ ਨੂੰ ਅਸੀਂ ਜੀਅ ਰਹੇ ਹੁੰਦੇ ਹਾਂ, ਉਹਦੀ ਪਰਵਾਹ ਨਾ ਕਰਕੇ ਭਵਿੱਖ ਦੇ ਉਹਨਾਂ ਪਲਾਂ ਪ੍ਰਤੀ ਚਿੰਤਿਤ ਹੋਏ ਰਹਿੰਦੇ ਹਨ ,ਜਿਨਾਂ ਦਾ ਉਹਨਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਆਵੇਗਾ ਵੀ ਜਾਂ ਨਹੀਂ।
ਅਤੀਤ ਲੰਘ ਚੁੱਕਿਆ ਹੈ ਉਹਦੇ ਬਾਰੇ ਸੋਚ ਵਿਚਾਰ ਤੇ ਪਛਤਾਵਾ ਕਿਉਂ? ਭਵਿੱਖ ਕੌਣ ਜਾਣਦਾ ਹੈ ? ਫਿਰ ਉਸਨੂੰ ਸੰਵਾਰਨ ਦੀ ਚਿੰਤਾ ਕਿਉਂ? ਇਹ ਵਰਤਮਾਨ, ਜੋ ਭਵਿੱਖ ਬਣਨ ਜਾ ਰਿਹਾ ਹੈ, ਇਸ ਨੂੰ ਭਰਪੂਰ ਹੁਲਾਸ ਅਤੇ ਖੁਸ਼ੀਆਂ ਨਾਲ ਜੀਓ ਤੇ ਸੁੰਦਰ ਬਣਾਓ ਤਾਂ ਹੀ ਵਰਤਮਾਨ ਸੁਖਦ ਅਤੀਤ ਬਣ ਸਕੇਗਾ ਅਤੇ ਭਵਿੱਖ ਉਜਵਲ ਹੋਵੇਗਾ।
ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ ਉਵੇਂ ਉਵੇਂ ਹੀ ਕਈ ਲੋਕਾਂ ਦੇ ਮਨ ਵਿੱਚ ਇਹ ਸ਼ੰਕਾ ਘਰ ਕਰਦੀ ਜਾਂਦੀ ਹੈ ਕਿ ਮੌਤ ਸਿਰ ਤੇ ਆਣ ਖੜੀ ਹੈ ਇਹ ਕਦੇ ਵੀ ਆ ਸਕਦੀ ਹੈ। ਇਸੇ ਸ਼ੰਕੇ ਕਾਰਨ ਉਹਨਾਂ ਦੇ ਹੱਥ ਪੈਰ ਢਿੱਲੇ ਪੈਣ ਲੱਗ ਪੈਂਦੇ ਹਨ।ਰਾਤ ਨੂੰ ਸੁੱਤਿਆ ਹੋਇਆ ਉਹਨੂੰ ਲੱਗਦਾ ਹੈ ਕਿ ਸ਼ਾਇਦ ਉਹ ਹੁਣ ਹਮੇਸ਼ਾ ਲਈ ਸੁੱਤੇ ਰਹਿ ਜਾਣਗੇ। ਪਰ ਰੋਜਾਨਾ ਦੀ ਇਸ ਪ੍ਰਕਾਰ ਦੀ ਸ਼ੰਕਾ ਉਹਨਾਂ ਦੀ ਸਾਰੀ ਮਾਨਸਿਕ ਤੇ ਸਰੀਰਿਕ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ ਇਸ ਲਈ ਉਹ ਜੋ ਕੁਝ ਕਰ ਰਹੇ ਹੁੰਦੇ ਹਨ ਜਾਂ ਕਰਨਾ ਚਾਹੁੰਦੇ ਹਨ ਉਸ ਨੂੰ ਪੂਰੀ ਫੁਰਤੀ ਅਤੇ ਉਤਸ਼ਾਹ ਨਾਲ ਨਹੀਂ ਕਰ ਸਕਦੇ। ਸ਼ੰਕਾਵਾਂ ਦਾ ਘੇਰਾ ਹਮੇਸ਼ਾ ਖਤਰਨਾਕ ਹੁੰਦਾ ਹੈ ਇਹ ਆਦਮੀ ਦੇ ਉੱਦਮ ਅਤੇ ਰਫਤਾਰ ਨੂੰ ਹੋਲਾ ਕਰ ਦਿੰਦਾ ਹੈ। ਇਨਸਾਨ ਦੇ ਸਰੀਰ ਤੇ ਵਿਚਾਰਾਂ ਦਾ ਪ੍ਰਭਾਵ ਵੀ ਲਾਜ਼ਮੀ ਪੈਂਦਾ ਹੈ। ਕਈ ਲੋਕ ਭਵਿੱਖ ਜਾਨਣ ਲਈ ਜੋਤਸ਼ੀਆਂ ਤੇ ਤਾਂਤਰਿਕਾਂ ਦੇ ਚੱਕਰ ਵਿੱਚ ਪਏ ਰਹਿੰਦੇ ਹਨ। ਆਪਣਾ ਰਾਸ਼ੀਫਲ ਵੇਖਦੇ ਹਨ। ਆਉਣ ਵਾਲੇ ਕੱਲ੍ਹ ਦੇ ਪ੍ਰਤੀ ਉਪਜੇ ਸ਼ੰਕੇ ਉਹਨਾਂ ਦੇ ਮਨ ਵਿੱਚ ਡਰ ਪੈਦਾ ਕਰੀ ਰੱਖਦੇ ਹਨ। ਇਹ ਲੋਕ ਭੁੱਲ ਜਾਂਦੇ ਹਨ ਕਿ ਉਹਨਾਂ ਦਾ ਭਵਿੱਖ ਤਾਂ ਖੁਦ ਉਹਨਾਂ ਦੇ ਹੱਥਾਂ ਵਿੱਚ ਹੈ। ਭਵਿੱਖ ਕਰਮ ਹੈ। ਜਿਹਾ ਕੰਮ ਤੇਹਾ ਭਵਿੱਖ।ਬਿਨਾਂ ਮਿਹਨਤ ਕੀਤੇ ਕੋਈ ਅਜਿਹਾ ਸਾਧਨ ਹੈ ਹੀ ਨਹੀਂ ਕਿ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ। ਸਾਰੀਆਂ ਕਿ ਇੱਕ ਵੀ ਇੱਛਾ ਬਿਨਾਂ ਕੰਮ ਕੀਤੇ ਪੂਰੀ ਨਹੀਂ ਹੋ ਸਕਦੀ।ਇਸ ਲਈ ਭਵਿੱਖ ਜਾਨਣ ਦੀ ਬਜਾਏ ਸੰਘਰਸ਼ ਕਰੋ। ਮਨ ਵਿੱਚ ਉੱਠਦੀਆਂ ਫਜੂਲ ਕਿਸਮ ਦੀਆਂ ਸ਼ੰਕਾਵਾਂ ਦੇ ਘੇਰੇ ਤਾਂ ਤੁਹਾਡੀ ਤਰੱਕੀ ਦੇ ਰਾਹ ਵਿੱਚ ਰੋੜੇ ਹਨ। ਇਹ ਤੁਹਾਡੇ ਹੌਸਲੇ ਅਤੇ ਸਿਰਜਨਾਤਮਕ ਸ਼ਕਤੀਆਂ ਨੂੰ ਖਤਮ ਕਰਦੇ ਹਨ। ਇਸ ਤਰ੍ਹਾਂ ਨਕਾਰਾਤਮਿਕ ਗੱਲਾਂ ਸਾਨੂੰ ਹੌਲੀ ਹੌਲੀ ਗਲਤ ਪਾਸੇ ਵੱਲ ਧੱਕਦੀਆਂ ਹਨ। ਇਸ ਲਈ ਹਮੇਸ਼ਾ ਚੰਗੀਆਂ ਗੱਲਾਂ ਸੋਚੋ। ਸੁੰਦਰ ਕਲਪਨਾ ਕਰੋ। ਦੋਸਤ ਤੈਨੂੰ ਦੱਸਣਾ ਚਾਹੁੰਦਾ ਕਿ ਆਦਮੀ ਇਸ ਸੰਸਾਰ ਦਾ ਸਭ ਤੋਂ ਉੱਤਮ ਪ੍ਰਾਣੀ ਹੈ। ਇਸ ਵਿੱਚ ਅਸੀਮ ਸ਼ਕਤੀਆਂ ਹਨ ਆਪਣੀ ਮਾਨਵ ਸ਼ਕਤੀ ਨੂੰ ਪਹਿਚਾਣੋ ਅਤੇ ਆਪਣੇ ਇਸ ਸ਼ਕਤੀ ਦਾ ਉਪਯੋਗ ਕਰੋ। ਇਹ ਜ਼ਿੰਦਗੀ ਆਪਾਂ ਨੂੰ ਹੱਸਦਿਆਂ ਖੇਡਦਿਆਂ ਅਤੇ ਧਮਾਲਾ ਪਾਉਂਦਿਆਂ ਜਿਉਣ ਲਈ ਮਿਲੀ ਹੈ। ਕਰਮ ਕਰਕੇ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੋ ਅਤੇ ਇਸ ਜਿੰਦਗੀ ਨੂੰ ਚੜ੍ਹਦੀ ਕਲਾ ਰਹਿੰਦਿਆਂ ਜੀਵੋ।ਜਿੰਦਗੀ ਜਿਉਣ ਦਾ ਆਨੰਦ ਆ ਜਾਵੇਗਾ।
ਨਵਦੀਪ ਸ਼ਰਮਾ
ਸ.ਅ ਸ ਤਫੱਜਲਪੁਰਾ

-
ਨਵਦੀਪ ਸ਼ਰਮਾ, writer
navdeep
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.