ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਯਾਦਗਾਰੀ ਸਮਾਗਮ ਮੌਕੇ ਔਰਤਾਂ ਦੀ ਮੁਕੰਮਲ ਮੁਕਤੀ ਦਾ ਹੋਕਾ
ਕੌਮੀ ਅਤੇ ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਖਿਲਾਫ ਡਟਣ ਦੀ ਲੋੜ - ਪ੍ਰੋ ਜਗਮੋਹਣ ਸਿੰਘ
ਹਕੂਮਤੀ ਜ਼ਬਰ ਦੇ ਬਾਵਜੂਦ ਮਹਿਲਕਲਾਂ ਦਾ ਜੇਤੂ ਲੋਕ ਘੋਲ, ਇਤਿਹਾਸ ਦੀ ਸ਼ਾਨਾਮੱਤਾ ਵਿਰਾਸਤ - ਕੰਵਲਜੀਤ ਖੰਨਾ
ਅਸ਼ੋਕ ਵਰਮਾ
ਮਹਿਲਕਲਾਂ 12 ਅਗਸਤ 2026: ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦਾ 29ਵਾਂ ਯਾਦਗਾਰੀ ਸਮਾਗਮ ਦਾਣਾ ਮੰਡੀ ਮਹਿਲਕਲਾਂ ਵਿਖੇ ਗੁਰਬਿੰਦਰ ਸਿੰਘ ਕਲਾਲਾ ਦੀ ਅਗਵਾਈ ਹੇਠ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਅਜਮੇਰ ਅਕਲੀਆ ਵੱਲੋਂ ਗਾਏ ਸ਼ਰਧਾਂਜਲੀ ਗੀਤ ਨਾਲ ਕਰਦਿਆਂ ਸ਼ਹੀਦ ਕਿਰਨਜੀਤ ਕੌਰ, ਅਮਰੀਕੀ-ਇਜਰਾਈਲੀ ਜੰਗਬਾਜ਼ਾਂ ਵੱਲੋਂ ਬੰਬਾਰੀ ਕਰਕੇ ਕਤਲ ਕੀਤੀਆਂ 168 ਸਕੂਲੀ ਬੱਚੀਆਂ ਅਤੇ 14 ਅਧਿਆਪਕਾਵਾਂ ਅਤੇ ਸਦੀਵੀ ਵਿਛੋੜਾ ਦੇ ਗਏ ਐਕਸ਼ਨ ਕਮੇਟੀ ਦੇ ਪੰਜ ਆਗੂਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਇਸ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਇਤਿਹਾਸਕ ਘੋਲ ਦੀਆਂ ਅਨੇਕਾਂ ਜਿੱਤਾਂ ਤੇ ਪ੍ਰਾਪਤੀਆਂ ਦੇ ਬਾਵਜੂਦ ਔਰਤਾਂ ਖਿਲਾਫ਼ ਹਰ ਕਿਸਮ ਦੀ ਹਿੰਸਾ ਦਾ ਸੰਸਾਰ ਪੱਧਰਾ ਵਰਤਾਰਾ ਜਾਰੀ ਹੈ।
ਸਮਾਗਮ ਦੀ ਮੁੱਖ ਵਕਤਾ ਮਜ਼ਦੂਰਾਂ ਅਤੇ ਔਰਤਾਂ ਲਈ ਖੋਜ ਭਰਪੂਰ ਕਾਰਜ ਕਰ ਰਹੀ ਉੱਘੀ ਪੱਤਰਕਾਰ ਰਾਖ਼ੀ ਸਹਿਗਲ ਅਤੇ ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਕਮੇਟੀ ਮੈਂਬਰ ਅਮਨਦੀਪ ਕੋਰ ਐਡਵੋਕੇਟ ਨੇ ਕਿਹਾ ਕਿ ਭਾਰਤ ਅੰਦਰ ਔਰਤਾਂ ਖਿਲਾਫ, ਜਬਰ ਅਤੇ ਹਿੰਸਾ ਬੇਰੋਕ ਜਾਰੀ ਹੈ, ਅਮਰੀਕੀ-ਇਜ਼ਰਾਈਲੀ ਧਾੜਵੀਆਂ ਵੱਲੋਂ ਇਰਾਨੀ ਅਤੇ ਫ਼ਲਸਤੀਨੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਮੋਦੀ ਹਕੂਮਤ ਇਸ ਨਸਲਕੁਸ਼ੀ ਨੂੰ ਚੁੱਪ ਹਮਾਇਤ ਦੇ ਰਹੀ ਹੈ। ਉਨ੍ਹਾਂ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਚਾਰ ਕਿਰਤ ਕੋਡ ਲਾਗੂ ਕਰਨ ਦੀ ਤਿੱਖੀ ਨੁਕਤਾਚੀਨੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਮਨਜੀਤ ਧਨੇਰ ਅਤੇ ਸੀ: ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਨੇ ਲੈਂਡ ਪੂਲਿੰਗ ਪਾਲਿਸੀ ਅਤੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਦੀ ਚੱਲ ਰਹੀ ਗੱਲਬਾਤ ਰੱਦ ਕਰਨ ਦੀ ਮੰਗ ਕਰਦਿਆਂ ਖੇਤੀ ਅਤੇ ਪੀਣ ਲਈ ਪਾਣੀ ਦੀ ਸਮੱਸਿਆ ਅਤੇ ਪ੍ਰਦੂਸ਼ਣ ਦੇ ਸੰਕਟ ਦੀ ਵੀ ਗੱਲ ਕੀਤੀ।
ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਬੋਲਦਿਆਂ ਜਾਣੇ ਪਛਾਣੇ ਆਗੂ ਨਰਾਇਣ ਦੱਤ ਨੇ ਕਿਹਾ ਕਿ ਮਹਿੰਗਾਈ, ਬੇਰੁਜਗਾਰੀ, ਗਰੀਬੀ, ਭੁੱਖਮਰੀ, ਕੁਪੋਸ਼ਣ ਹੱਦਾਂ ਬੰਨੇ ਪਾਰ ਕਰ ਰਿਹਾ ਹੈ। ਅਪ੍ਰੇਸ਼ਨ 'ਕਗਾਰ' ਰਾਹੀਂ ਆਦਿਵਾਸੀਆਂ-ਮਾਓਵਾਦੀਆਂ ਦਾ ਕਤਲੇਆਮ ਰਚਾਕੇ ਜਲ, ਜੰਗਲ਼, ਜ਼ਮੀਨ ਨੂੰ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀਆਂ ਗੋਂਦਾਂ ਗੁੰਦੀਆਂ ਦਾ ਰਹੀਆਂ ਹਨ।
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਣ ਸਿੰਘ ਨੇ ਬਰਤਾਨਵੀ ਸਾਮਰਾਜੀਆਂ ਖਿਲਾਫ਼ ਜੂਝ ਮਰਨ ਵਾਲੀ ਬੱਬਰ ਅਕਾਲੀ ਲਹਿਰ ਦੀ ਸ਼ਾਨਾਮੱਤੀ ਵਿਰਾਸਤ ਨੂੰ ਉਚਿਆਉਂਦਿਆਂ ਜੇਲਾਂ ਵਿੱਚ ਬੰਦ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾ ਅਤੇ ਚਿੰਤਕਾਂ ਦਾ ਮੁੱਦਾ ਉਠਾਇਆ।
ਨੌਜਵਾਨ ਆਗੂਆਂ ਹਰਪ੍ਰੀਤ....ਨੇ ਕਿਹਾ ਕਿ ਜਵਾਨੀ ਨੂੰ ਨਸ਼ੇ, ਗੈਂਗਵਾਰ ਅਤੇ ਅਸ਼ਲੀਲਤਾ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ। ਇਸ ਤਸਵੀਰ ਦਾ ਦੂਜਾ ਪਾਸਾ ਇਹ ਹੈ ਕਿ ਨੌਜਵਾਨ ਮੁੰਡੇ ਕੁੜੀਆਂ ਨੇ 10 ਰੋਜ਼ਾ ਵਿਉਂਤਬੱਧ ਪ੍ਰਚਾਰ ਮੁਹਿੰਮ ਰਾਹੀਂ ਮਹਿਲਕਲਾਂ ਲੋਕ ਘੋਲ ਦੇ ਵਿਗਿਆਨ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ।
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਾਟਕ 'ਤੂੰ ਮਸ਼ਾਲ ਬਾਲ ਕੇ ਰੱਖੀਂ' ਪੇਸ਼ ਕੀਤਾ ਗਿਆ। ਇਨਕਲਾਬੀ ਮਜ਼ਦੂਰ ਕੇਂਦਰ ਲੁਧਿਆਣਾ ਦੇ ਬੱਚਿਆਂ ਨੇ ਰਵਿਤਾ ਦੀ ਅਗਵਾਈ ਹੇਠ ਕੋਰਿਓਗ੍ਰਾਫੀ ਪੇਸ਼ ਕੀਤੀ। ਸਟੇਜ ਸਕੱਤਰ ਦੇ ਫਰਜ਼ ਗੁਰਮੀਤ ਸੁਖਪੁਰਾ ਅਤੇ ਨਿਰਮਲ ਸਿੰਘ ਚੁਹਾਣਕੇ ਨੇ ਬਾਖ਼ੂਬੀ ਨਿਭਾਏ। ਖੋਜੀ ਪੱਤਰਕਾਰ ਰਾਖ਼ੀ ਸਹਿਗਲ, ਕਵੀਸ਼ਰੀ ਜਥਾ ਰਸੂਲਪੁਰ ਅਤੇ ਲੋਕ ਗਾਇਕ ਅਜਮੇਰ ਅਕਲੀਆ ਦਾ ਉਨ੍ਹਾਂ ਦੀ ਘਾਲਣਾ ਸਦਕਾ ਸਨਮਾਨ ਕੀਤਾ ਗਿਆ।
ਗੁਰਦੇਵ ਸਿੰਘ ਮਾਂਗੇਵਾਲ ਨੇ ਮਤੇ ਪੇਸ਼ ਕੀਤੇ। ਪਹਿਲਵਾਨ ਬੱਚੀਆਂ ਦੇ ਸਰੀਰਕ ਸ਼ੋਸ਼ਣ ਦੇ ਮੁਲਜ਼ਮ ਬ੍ਰਿਜ ਭੂਸ਼ਣ ਸਿੰਘ ਨੂੰ ਕੋਰਟ ਵਲੋਂ ਬਰੀ ਕਰਨ ਤੋਂ ਇਲਾਵਾ ਹਾਈ ਕੋਰਟਾਂ ਦੇ ਜੱਜਾਂ ਵਲੋਂ ਔਰਤਾਂ ਵਿਰੋਧੀ ਟਿੱਪਣੀਆਂ ਅਤੇ ਚੀਫ ਜਸਟਿਸ ਸੂਰਿਆ ਕਾਂਤ ਵੱਲੋਂ ਨੌਜਵਾਨਾਂ ਨੂੰ ਕੌਕਰੋਚ ਕਹਿਣ ਦੀ ਨਿਖੇਧੀ ਕੀਤੀ।
ਹੋਰ ਮਤਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸੰਘਰਸ਼ ਸ਼ੀਲ ਤਬਕਿਆਂ ਦੇ ਘੋਲਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਉਪਰ ਜਬਰ ਦੀ ਨਿਖੇਧੀ ਕੀਤੀ।
ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੀ ਮੁਕਤ ਵਪਾਰ ਸਮਝੌਤਾ ਵਾਰਤਾ ਨੂੰ ਤੁਰੰਤ ਰੱਦ ਕਰਨ, ਅਮਰੀਕਾ ਅਤੇ ਇਜ਼ਰਾਈਲ ਵੱਲੋਂ ਗ਼ਜ਼ਾ, ਇਰਾਨ , ਲਿਬਨਾਨ 'ਚ ਕੀਤੇ ਜਾ ਰਹੇ ਮਨੁੱਖੀ ਕਤਲੇਆਮ ਅਤੇ ਨਿਹੱਕੀਆਂ ਜੰਗਾਂ ਬੰਦ ਕਰਨ ਦੀ ਮੰਗ ਕੀਤੀ।
ਉਮਰ ਖ਼ਾਲਿਦ, ਸ਼ਰਜੀਲ ਇਮਾਮ ਸਮੇਤ ਬਿਨਾਂ ਕੇਸ ਚਲਾਏ ਜੇਲ੍ਹਾਂ ਵਿੱਚ ਬੰਦ ਅਤੇ ਸਜ਼ਾਵਾਂ ਭੁਗਤ ਚੁੱਕੇ ਸਿਆਸੀ ਕੈਦੀਆਂ, ਮਜ਼ਦੂਰ ਆਗੂਆਂ ਅਤੇ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਯਾਦਗਾਰ ਕਮੇਟੀ ਵੱਲੋਂ ਇਸ ਸਮਾਗਮ ਦੇ ਸੁਚੱਜੇ ਪ੍ਰਬੰਧਾਂ ਲਈ ਕਮੇਟੀ ਮੈਂਬਰਾਂ ਅਤੇ ਪ੍ਰਚਾਰ ਮੁਹਿੰਮ ਵਿੱਚ ਲਗਾਤਾਰ 10 ਦਿਨ ਜੁਟੇ ਰਹੇ ਨੌਜਵਾਨ ਮੁੰਡੇ ਅਤੇ ਕੁੜੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
- Download Babushahi App
-
-