ਕੁੜੀਆਂ ਦੀ ਸਿਹਤ ਲਈ ਮਹੱਤਵਪੂਰਨ ਕਦਮ: HPV ਟੀਕਾਕਰਨ ਮੁਹਿੰਮ
ਅੱਜ ਦੇ ਸਮੇਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਇਸੇ ਦਿਸ਼ਾ ਵਿੱਚ ਭਾਰਤ ਸਰਕਾਰ ਵੱਲੋਂ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਦੇਸ਼-ਵਿਆਪੀ HPV (ਹਿਊਮਨ ਪੈਪੀਲੋਮਾਵਾਇਰਸ) ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ 28 ਫਰਵਰੀ 2026 ਨੂੰ ਸ਼ੁਰੂ ਹੋਈ ਅਤੇ ਇਸ ਤਹਿਤ 14 ਸਾਲ ਦੀ ਉਮਰ ਦੀਆਂ ਯੋਗ ਕੁੜੀਆਂ ਨੂੰ HPV ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ।
HPV ਇੱਕ ਆਮ ਵਾਇਰਸ ਹੈ ਅਤੇ ਇਸ ਦੇ ਕੁਝ ਕਿਸਮਾਂ ਅੱਗੇ ਚੱਲ ਕੇ ਗਰਭਾਸ਼ਯ ਦੇ ਮੂੰਹ (ਸਰਵਾਈਕਸ) ਦੇ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਸਰਕਾਰੀ ਪ੍ਰੋਗਰਾਮ ਤਹਿਤ ਵਰਤਿਆ ਜਾ ਰਿਹਾ Gardasil-4 ਟੀਕਾ HPV ਦੀਆਂ 6, 11, 16 ਅਤੇ 18 ਕਿਸਮਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਇੱਕ ਖੁਰਾਕ (single dose) ਦੇ ਰੂਪ ਵਿੱਚ 14 ਸਾਲ ਦੀਆਂ ਯੋਗ ਕੁੜੀਆਂ ਨੂੰ ਦਿੱਤਾ ਜਾ ਰਿਹਾ ਹੈ।
ਇਹ ਟੀਕਾ ਸਰਕਾਰੀ ਆਯੁਸ਼ਮਾਨ ਆਰੋਗਿਆ ਮੰਦਰ, ਪ੍ਰਾਇਮਰੀ ਹੈਲਥ ਸੈਂਟਰ (PHC), ਕਮਿਊਨਿਟੀ ਹੈਲਥ ਸੈਂਟਰ (CHC), ਸਬ-ਡਿਵੀਜ਼ਨਲ/ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਉਪਲਬਧ ਕਰਵਾਇਆ ਜਾ ਰਿਹਾ ਹੈ। ਟੀਕਾਕਰਨ ਸਵੈਇੱਛਿਕ ਹੈ ਅਤੇ ਇਸ ਲਈ ਮਾਤਾ-ਪਿਤਾ/ਸਰਪ੍ਰਸਤ ਦੀ ਸਹਿਮਤੀ ਲਾਜ਼ਮੀ ਹੈ।
ਸਿਹਤ ਵਿਭਾਗ ਵੱਲੋਂ ਮਾਤਾ-ਪਿਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀਆਂ 14 ਸਾਲ ਦੀਆਂ ਧੀਆਂ ਦੇ HPV ਟੀਕਾਕਰਨ ਬਾਰੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਤੋਂ ਜਾਣਕਾਰੀ ਲੈਣ ਅਤੇ ਯੋਗ ਹੋਣ ’ਤੇ ਟੀਕਾ ਜ਼ਰੂਰ ਲਗਵਾਉਣ। ਹਾਲਾਂਕਿ HPV ਟੀਕਾ ਸਰਵਾਈਕਲ ਕੈਂਸਰ ਦੇ ਖ਼ਤਰੇ ਨੂੰ ਘਟਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ, ਪਰ ਇਹ ਕੈਂਸਰ ਤੋਂ ਬਚਾਅ ਦੇ ਹੋਰ ਉਪਾਵਾਂ ਅਤੇ ਭਵਿੱਖ ਵਿੱਚ ਲੋੜੀਂਦੀ ਸਕ੍ਰੀਨਿੰਗ ਦਾ ਬਦਲ ਨਹੀਂ ਹੈ।
ਸਰਕਾਰ ਦੀ ਇਸ ਮੁਹਿੰਮ ਦਾ ਉਦੇਸ਼ ਧੀਆਂ ਨੂੰ ਭਵਿੱਖ ਵਿੱਚ ਸਰਵਾਈਕਲ ਕੈਂਸਰ ਤੋਂ ਬਚਾਉਣ ਵੱਲ ਇੱਕ ਮਜ਼ਬੂਤ ਕਦਮ ਚੁੱਕਣਾ ਹੈ। ਇਸ ਲਈ ਸਹੀ ਜਾਣਕਾਰੀ ਪ੍ਰਾਪਤ ਕਰਨਾ, ਭਰਮਾਂ ਤੋਂ ਬਚਣਾ ਅਤੇ ਯੋਗ ਬੱਚੀਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਰਾਜਦੀਪ ਕੌਰ
ਸਾਇੰਸ ਮਿਸਟ੍ਰੈੱਸ
ਮੋਬਾਈਲ :- 6284 426 399
ਸਰਕਾਰੀ ਹਾਈ ਸਕੂਲ, ਰਾਜਪੁਰਾ ਟਾਊਨ

-
ਰਾਜਦੀਪ ਕੌਰ, ਸਾਇੰਸ ਮਿਸਟ੍ਰੈੱਸ
rajdeep
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.