ਛੋਟੇ ਬੱਚਿਆਂ ਦੀ ਨਾਰਾਜ਼ਗੀ ਕਿਵੇਂ ਦੂਰ ਕਰੀਏ?- ਪਲਵਿੰਦਰ ਕੌਰ
ਛੋਟੇ ਬੱਚੇ ਫੁੱਲਾਂ ਵਾਂਗ ਨਾਜ਼ੁਕ ਅਤੇ ਕੋਮਲ ਸੁਭਾਅ ਦੇ ਮਾਲਕ ਹੁੰਦੇ ਹਨ। ਉਹ ਆਪਣੀਆਂ ਭਾਵਨਾਵਾਂ ਨੂੰ ਕਦੇ ਵੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ, ਇਸ ਲਈ ਕਈ ਵਾਰ ਰੋ ਕੇ, ਚੁੱਪ ਰਹਿ ਕੇ ਜਾਂ ਗੁੱਸਾ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹਨ। ਅਜਿਹੇ ਸਮੇਂ ਮਾਪਿਆਂ ਦੀ ਸੂਝ-ਬੂਝ ਅਤੇ ਪਿਆਰ ਭਰੀ ਸੋਚ ਬਹੁਤ ਮਹੱਤਵਪੂਰਨ ਹੁੰਦੀ ਹੈ।
ਇਸ ਮੌਕੇ ਮਾਪੇ ਕੀ ਕਰਨ ਸਭ ਤੋਂ ਪਹਿਲਾਂ ਬੱਚੇ ਦੀ ਨਾਰਾਜ਼ਗੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ। ਹੋ ਸਕਦਾ ਹੈ ਕਿ ਉਹ ਭੁੱਖਾ ਹੋਵੇ, ਥੱਕਿਆ ਹੋਵੇ, ਕਿਸੇ ਖਿਡੌਣੇ ਦੀ ਜ਼ਿੱਦ ਕਰ ਰਿਹਾ ਹੋਵੇ ਜਾਂ ਸਿਰਫ਼ ਤੁਹਾਡਾ ਧਿਆਨ ਚਾਹੁੰਦਾ ਹੋਵੇ। ਬਿਨਾਂ ਕਾਰਨ ਸਮਝੇ ਡਾਂਟਣਾ ਜਾਂ ਕੁੱਟਣ ਵਾਲ਼ੀ ਆਦਤ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।
ਆਪਣੇ ਬੱਚੇ ਨਾਲ ਹਮੇਸ਼ਾਂ ਨਰਮ ਅਤੇ ਪਿਆਰ ਭਰੇ ਲਹਿਜ਼ੇ ਵਿੱਚ ਗੱਲ ਕਰੋ। ਉਸ ਨੂੰ ਗੋਦ ਵਿੱਚ ਲੈ ਕੇ ਜਾਂ ਪਿਆਰ ਨਾਲ ਗਲੇ ਲਗਾ ਕੇ ਇਹ ਅਹਿਸਾਸ ਦਿਵਾਓ ਕਿ ਤੁਸੀਂ ਉਸ ਦੇ ਨਾਲ ਹੋ, ਉਸ ਦੇ ਹਮਦਰਦੀ ਹੋ। ਬੱਚਿਆਂ ਨੂੰ ਸਭ ਤੋਂ ਵੱਧ ਆਪਣੇ ਮਾਪਿਆਂ ਦੇ ਪਿਆਰ ਅਤੇ ਸੁਰੱਖਿਆ ਦੀ ਲੋੜ ਹੁੰਦੀ ਹੈ।
ਜੇ ਤੁਹਾਡਾ ਬੱਚਾ ਕਿਸੇ ਗੱਲ 'ਤੇ ਅੜਿਆ ਹੋਇਆ ਹੈ, ਤਾਂ ਉਸ ਦਾ ਧਿਆਨ ਕਿਸੇ ਹੋਰ ਗਤੀਵਿਧੀ ਵੱਲ ਮੋੜੋ। ਉਸ ਨੂੰ ਕਹਾਣੀ ਸੁਣਾਓ, ਮਨਪਸੰਦ ਖੇਡ ਖੇਡੋ ਜਾਂ ਕੋਈ ਨਵਾਂ ਖਿਡੌਣਾ ਦਿਖਾਓ। ਛੋਟੇ ਬੱਚਿਆਂ ਦਾ ਧਿਆਨ ਜਲਦੀ ਬਦਲ ਜਾਂਦਾ ਹੈ।
ਬੱਚੇ ਦੀ ਹਰ ਜ਼ਿੱਦ ਪੂਰੀ ਕਰਨਾ ਵੀ ਠੀਕ ਨਹੀਂ, ਜੇਕਰ ਉਹ ਜ਼ਿਆਦਾ ਹੀ ਕਿਸੇ ਚੀਜ਼ ਦੀ ਮੰਗ ਕਰ ਰਿਹਾ ਹੈ ਤਾਂ ਉਸ ਚੀਜ਼ ਦੇ ਲਾਭ ਤੇ ਨੁਕਸਾਨ ਵੀ ਜ਼ਰੂਰ ਦਸੋ। ਪਿਆਰ ਨਾਲ ਅਤੇ ਧੀਰਜ ਨਾਲ ਉਸ ਨੂੰ ਸਮਝਾਉਣਾ ਸਿਖਾਓ ਕਿ ਹਰ ਚੀਜ਼ ਹਰ ਵੇਲੇ ਨਹੀਂ ਮਿਲ ਸਕਦੀ। ਇਸ ਨਾਲ ਉਹ ਹੌਲੀ-ਹੌਲੀ ਸਬਰ ਅਤੇ ਅਨੁਸ਼ਾਸਨ ਸਿੱਖਦਾ ਹੈ।
ਮਾਪਿਆਂ ਨੂੰ ਆਪਣੇ ਵਿਹਾਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇ ਘਰ ਦਾ ਮਾਹੌਲ ਸ਼ਾਂਤ ਅਤੇ ਖੁਸ਼ਗਵਾਰ ਹੋਵੇਗਾ ਤਾਂ ਬੱਚੇ ਵੀ ਖੁਸ਼ ਰਹਿਣਗੇ। ਬੱਚੇ ਵੱਡਿਆਂ ਦੀਆਂ ਆਦਤਾਂ ਤੋਂ ਬਹੁਤ ਕੁਝ ਸਿੱਖਦੇ ਹਨ।
ਹਮੇਸ਼ਾਂ ਯਾਦ ਰੱਖੋ ਕਿ ਹਰ ਬੱਚਾ ਵੱਖਰਾ ਹੁੰਦਾ ਹੈ। ਉਸ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੋ, ਉਸ ਨੂੰ ਸਮਾਂ ਦਿਓ ਅਤੇ ਪਿਆਰ ਨਾਲ ਸਮਝੋ। ਪਿਆਰ, ਧੀਰਜ ਅਤੇ ਸਮਝਦਾਰੀ ਹੀ ਛੋਟੇ ਬੱਚਿਆਂ ਦੀ ਨਾਰਾਜ਼ਗੀ ਦੂਰ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਜਦੋਂ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਅਤੇ ਪਿਆਰਿਆ ਮਹਿਸੂਸ ਕਰਦਾ ਹੈ, ਤਾਂ ਉਸ ਦੀ ਨਾਰਾਜ਼ਗੀ ਵੀ ਜਲਦੀ ਦੂਰ ਹੋ ਜਾਂਦੀ ਹੈ ਅਤੇ ਉਹ ਮੁੜ ਆਪਣੀ ਮਾਸੂਮ ਮੁਸਕਾਨ ਨਾਲ ਸਭ ਦਾ ਦਿਲ ਜਿੱਤ ਲੈਂਦਾ ਹੈ।
ਪਲਵਿੰਦਰ ਕੌਰ ਮੁੱਖ ਆਧਿਆਪਕ
ਮੋਬਾਇਲ 8556001971
ਸ. ਐਲੀ. ਸ .ਯਾਦਵਿੰਦਰਾ ਕਲੋਨੀ ਪਟਿਆਲਾ

-
ਪਲਵਿੰਦਰ ਕੌਰ, ਮੁੱਖ ਆਧਿਆਪਕ
palwinder
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.