ਨਸ਼ਾ ਤਸਕਰ ਪਤੀ-ਪਤਨੀ ਦਾ ਨਾਜਾਇਜ਼ ਘਰ ਢਾਇਆ
ਐਨ ਡੀ ਪੀ ਐਸ ਤਹਿਤ 17 ਵੱਖ-ਵੱਖ ਕੇਸਾਂ ਦਾ ਕਰ ਰਹੇ ਨੇ ਸਾਹਮਣਾ
ਐਸ ਐਸ ਪੀ ਵੱਲੋਂ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ-ਸਖ਼ਤ ਕਾਰਵਾਈ ਰਹੇਗੀ ਲਗਾਤਾਰ ਜਾਰੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 11 ਅਕਤੂਬਰ 2025
ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਸ਼ੁਰੂ
ਕੀਤੇ ਗਏ “ਯੁੱਧ ਨਸ਼ੇ ਵਿਰੁੱਧ “ ਮੁਹਿੰਮ ਤਹਿਤ ਪਿੰਡ ਸੇਚਾਂ ਵਿਖੇ ਨਸ਼ਾ ਤਸਕਰਾਂ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਬਣਾਏ ਗਏ ਘਰ ਉੱਪਰ ਬੀ. ਡੀ.ਪੀ.ਓ. ਦੇ ਹੁਕਮਾਂ ‘ਤੇ ਪੀਲਾ ਪੰਜਾ ਚਲਾਇਆ ਗਿਆ ਹੈ ।
ਜ਼ਿਕਰਯੋਗ ਹੈ ਕਿ ਥਾਣਾ ਸੁਲਤਾਨਪੁਰ ਲੋਧੀ ਤਹਿਤ ਪੈਂਦੇ ਪਿੰਡ ਸੇਚਾਂ ਵਿਖੇ ਸਰਬਜੀਤ ਸਿੰਘ ਉਰਫ ਬੱਬੀ ਪੁੱਤਰ ਜਰਨੈਲ ਸਿੰਘ ਵਾਸੀ ਸੇਚਾਂ ਤੇ ਉਸਦੀ ਪਤਨੀ ਜਸਪਾਲ ਕੌਰ ਉਰਫ ਸੁਮਨ ਪਤਨੀ ਸਰਬਜੀਤ ਸਿੰਘ ਵੱਲੋਂ ਪਿੰਡ ਵਿਖੇ ਲਗਭਗ 7 ਮਰਲੇ ਪੰਚਾਇਤੀ ਥਾਂ ਉੱਪਰ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਸੀ । ਦੋਵੇਂ ਪਤੀ ਪਤਨੀ ਐਨ ਡੀ ਪੀ ਐਸ ਦੇ 17 ਕੇਸਾਂ ਦਾ ਸਾਹਮਣਾ ਕਰ ਰਹੇ ਹਨ , ਜਿਸ ਵਿੱਚੋਂ ਪਤੀ ਉੱਪਰ 10 ਤੇ ਪਤਨੀ ਉੱਪਰ 7 ਕੇਸ ਦਰਜ ਹਨ ।
ਐਸ ਐਸ ਪੀ ਕਪੂਰਥਲਾ ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ ਬੀ ਡੀ ਪੀ ਓ ਸੁਲਤਾਨਪੁਰ ਲੋਧੀ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਪੁਲਿਸ ਵੱਲੋਂ ਨਜਾਇਜ ਕਬਜਾਕਾਰ ਉੱਪਰ ਕਾਰਵਾਈ ਕੀਤੀ ਗਈ ਹੈ ।
ਬੀ ਡੀ ਪੀ ਓ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਸਰਬਜੀਤ ਸਿੰਘ ਤੇ ਉਸਦੀ ਪਤਨੀ ਨੂੰ ਪੰਚਾਇਤੀ ਥਾਂ ਖਾਲੀ ਕਰਨ ਲਈ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 34 ਤਹਿਤ 3 ਵਾਰ ਨੋਟਿਸ ਜਾਰੀ ਕੀਤਾ ਗਿਆ ਪਰ ਸਬੰਧਿਤ ਨਜਾਇਜ ਕਾਬਜਕਾਰ ਵੱਲੋਂ ਥਾਂ ਖਾਲੀ ਨਹੀਂ ਕੀਤੀ ਗਈ ।
ਸ੍ਰੀ ਤੂਰਾ ਨੇ ਦੱਸਿਆ ਕਿ ਪੰਚਾਇਤੀ ਵਿਭਾਗ ਵੱਲੋਂ ਪੁਲਿਸ ਨੂੰ ਪੰਚਾਇਤੀ ਥਾਂ ਦਾ ਕਬਜ਼ਾ ਲੈਣ ਲਈ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਲਈ ਲਿਖਿਆ ਗਿਆ ਸੀ , ਜਿਸ ਤਹਿਤ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ।
ਸ੍ਰੀ ਤੂਰਾ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਨਸ਼ੇ ਦੀ ਕਾਲੀ ਕਮਾਈ ਨਾਲ ਕੀਤੀਆਂ ਗਈਆਂ ਨਜਾਇਜ ਉਸਾਰੀਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ ।
ਉਨ੍ਹਾਂ ਦੱਸਿਆ ਕਿ ਕਪੂਰਥਲਾ ਪੁਲਿਸ ਵੱਲੋਂ ਨਸ਼ੇ ਦੀ ਰੋਕਥਾਮ ਤੇ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਦੋਹਰੀ ਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਨਸ਼ਾ ਪੀੜਤਾਂ ਨੂੰ ਨਸ਼ਾ ਛੱਡਕੇ ਕਿੱਤਾਮੁਖੀ ਸਿਖਲਾਈ ਦੇ ਕੇ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਇਸ ਸਮਾਜਿਕ ਕੋਹੜ ਨੂੰ ਖ਼ਤਮ ਕਰਕੇ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਜਾ ਸਕੇ ।