ਮੋਬਾਇਲ ਫੋਨ ਦੇ ਦੁਰਪ੍ਰਯੋਗ ਵਿਰੁੱਧ ਜਾਗਰੂਕ ਸੈਮੀਨਾਰ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ , 11 ਅਕਤੂਬਰ,2025 : ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ ਵਿਦਿਆਰਥੀਆਂ ਲਈ ਮੋਬਾਇਲ ਫੋਨ ਦੇ ਦੁਰਪ੍ਰਯੋਗ ਵਿਰੁੱਧ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਨੰਬਰ ਤੇ ਆਉਣ ਵਾਲੇ ਬੀ.ਏ. ਭਾਗ ਤੀਜਾ ਦੇ ਅਮਨਦੀਪ ਸਿੰਘ ਅਤੇ ਜਗਦੀਪ ਕੌਰ ਨੇ ਕਿਹਾ ਕਿ ਅੱਜ 21 ਵੀਂ ਸਦੀ ਵਿਚ ਮੋਬਾਇਲ ਫੋਨ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ, ਪਰੰਤੂ ਇਸ ਦੀ ਬਿਨ੍ਹਾਂ ਲੋੜ ਤੋਂ ਜਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਭਾਰਤ ਵਿਚ 1. 19 ਬਿਲੀਅਨ ਲੋਕ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਹਨ ਅਤੇ ਭਾਰਤ ਵਿਚ ਸਮਾਰਟ ਫੋਨ ਦੇ ਉਪਭੋਗਤਾਵਾਂ ਦੀ ਗਿਣਤੀ 6.40 ਮਿਲੀਅਨ ਲੋਕਾਂ ਤੱਕ ਪਹੁੰਚ ਗਈ ਹੈ। ਭਾਰਤੀ ਲੋਕ ਰੋਜਾਨਾ 5 ਘੰਟੇ ਫੋਨ ਤੇ ਬਤੀਤ ਕਰ ਦਿੰਦੇ ਹਨ, ਜਿਸ ਨਾਲ ਦੇਸ਼ ਦੀ ਉਤਪਾਦਕਤਾ ਅਤੇ ਵਿਕਾਸ ਦਰ ਵਿਚ ਕਮੀ ਆ ਰਹੀ ਹੈ ਅਤੇ ਦੂਜੇ ਪਾਸੇ ਇਸ ਨਾਲ ਮਨੁੱਖ ਦੀ ਮਾਨਸਿਕ ਅਤੇ ਸਰੀਰਕ ਸਿਹਤ ਉੱਤੇ ਬਹੁਤ ਮੰਦਾ ਪ੍ਰਭਾਵ ਪੈ ਰਿਹਾ ਹੈ। ਦੂਜੇ ਨੰਬਰ ਤੇ ਆਉਣ ਵਾਲੀ ਬੀ.ਏ ਭਾਗ ਦੂਜਾ ਦੀ ਸ਼ਿਖਾ ਰਾਨੀ ਅਤੇ ਅਨੂ ਰਾਨੀ ਨੇ ਕਿਹਾ ਕਿ ਭਾਰਤ ਵਿਚ ਆਨਲਾਈਨ ਮੋਬਾਇਲ ਗੇਮਜ਼ ਉਦਯੋਗ 8.45 ਬਿਲੀਅਨ ਰੁਪਏ ਤੋਂ ਵੀ ਵੱਧ ਚੁੱਕਾ ਹੈ। ਦੇਸ਼ ਭਰ ਵਿਚ 591 ਮਿਲੀਅਨ ਲੋਕ ਆਨਲਾਈਨ ਗੇਮਜ਼ ਖੇਡਕੇ ਕਰੀਬ ਸਲਾਨਾ 31 ਹਜ਼ਾਰ 500 ਕਰੋੜ ਰੁਪਏ ਖਰਚ ਕਰ ਰਹੇ ਹਨ। ਆਨ ਲਾਈਨ ਮੋਬਾਇਲ ਗੇਮਜ਼ ਕੰਪਨੀਆਂ ਸਲਾਨਾ ਅਰਬਾਂ ਰੁਪਏ ਕਮਾ ਰਹੀਆਂ ਹਨ ਪਰੰਤੂ ਦੂਜੇ ਪਾਸੇ ਨੌਜਵਾਨ ਵਰਗ ਆਪਣਾ ਸਮਾਂ ,ਧਨ ਅਤੇ ਸਿਹਤ ਖਰਾਬ ਕਰ ਰਹੇ ਹਨ। ਆਨ ਲਾਈਨ ਮੋਬਾਇਲ ਗੇਮਜ਼ ਕਾਰਨ ਸੰਨ 2021 ਤੋਂ ਹੁਣ ਤੱਕ ਭਾਰਤ ਵਿਚ ਸੈਂਕੜੇ ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਤੀਜੇ ਨੰਬਰ ਤੇ ਆਉਣ ਵਾਲੀ ਬੀ.ਏ. ਭਾਗ ਪਹਿਲਾ ਦੀ ਜਸਨਪ੍ਰੀਤ ਕੌਰ ਅਤੇ ਸਿਮਰਨ ਨੇ ਕਿਹਾ ਕਿ ਮੋਬਾਇਲ ਫੋਨ ਦੀ ਜਿਆਦਾ ਵਰਤੋਂ ਕਰਨ ਨਾਲ ਸਿਰ, ਅੱਖਾਂ ਅਤੇ ਗਰਦਨ ਵਿਚ ਦਰਦ, ਤਣਾਅ, ਮਾਨਸਿਕ ਥਕਾਵਟ ਅਤੇ ਨੀਂਦ ਨਹੀਂ ਆਉਣ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਮੌਕੇ ਡਾ: ਦਿਲਰਾਜ ਕੌਰ, ਪ੍ਰੋ : ਬੋਬੀ, ਪ੍ਰੇ : ਅਮਿਤ ਕੁਮਾਰ ਯਾਦਵ ਅਤੇ ਪ੍ਰੋ :: ਸਰਨਦੀਪ ਨੇ ਵਿਦਿਆਰਥੀਆਂ ਨੂੰ ਈਅਰਫੋਨ ਦੀ ਵਰਤੋਂ ਅਤੇ ਆਨਲਾਇਨ ਮੋਬਾਇਲ ਗੇਮਜ਼ ਦੇ ਖਤਰਿਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਡਰਾਇਵਿੰਗ ਦੌਰਾਨ ਮੋਬਾਇਨ ਫੋਨ ਦੀ ਵਰਤੋਂ ਨਾ ਕਰਨ, ਖਤਰਨਾਕ ਸਥਾਨਾਂ ਤੇ ਸੇਲਫੀ ਨਾ ਲੈਣ ਅਤੇ ਮੋਬਾਇਲ ਫੋਨ ਦੀ ਲੋੜ ਅਨੁਸਾਰ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।