ਕੂੜੇ ਦੇ ਢੇਰਾਂ ਤੋਂ ਪਰੇਸ਼ਾਨ ਜਨਤਾ ਨੇ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ, ਦੋ ਦਿਨਾਂ ਅੰਦਰ ਜੇ ਕੂੜਾ ਨਾ ਚੁੱਕਿਆ ਤਾਂ ਦਫਤਰਾਂ ਅੰਦਰ ਲਜਾ ਕੇ ਸੁੱਟਾਂਗੇ
ਜਗਰਾਉਂ (ਦੀਪਕ ਜੈਨ)

ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਦੀ ਨਲਾਇਕੀ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਕੂੜੇ ਦੇ ਵੱਡੇ ਵੱਡੇ ਪਹਾੜ ਅਤੇ ਥਾਂ ਥਾਂ ਖਿਲਰਿਆ ਕਚਰਾ ਬਣ ਗਏ ਹਨ। ਅੱਜ ਪੁਰਾਣੀ ਦਾਣਾ ਮੰਡੀ ਅੰਦਰ ਜੋ ਕਿ ਵਪਾਰ ਲਈ ਇਲਾਕੇ ਦੀ ਵਪਾਰਿਕ ਹੱਬ ਹੈ। ਉਸ ਪੁਰਾਣੀ ਦਾਣਾ ਮੰਡੀ ਦੇ ਅੰਦਰ ਕੂੜੇ ਦੇ ਹਾਲਾਤ ਬਦ ਤੋਂ ਵੀ ਬਦਤਰ ਹੋਏ ਪਏ ਹਨ ਅਤੇ ਦੁਕਾਨਦਾਰਾਂ ਵੱਲੋਂ ਵੀ ਕਈ ਵਾਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਪ੍ਰਧਾਨ ਨੂੰ ਇਸ ਕਚਰੇ ਦੇ ਹੱਲ ਲਈ ਦਰਖਾਸਤਾਂ ਦਿੱਤੀਆਂ ਗਈਆਂ ਸਨ। ਪਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਇਸ ਮਸਲੇ ਦਾ ਕੋਈ ਹੱਲ ਨਹੀਂ ਕਰਵਾਇਆ ਗਿਆ। ਇਸ ਕਚਰੇ ਤੋਂ ਪਰੇਸ਼ਾਨ ਅੱਜ ਕਈ ਸਮਾਜ ਸੇਵੀ ਜਥੇਬੰਦੀਆਂ ਅਤੇ ਰਾਜਨੀਤਿਕ ਆਗੂਆਂ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਾਰਜ ਸਾਧਕ ਅਫਸਰ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਜੇ ਕਰ ਪੁਰਾਣੀ ਦਾਣਾ ਮੰਡੀ ਅੰਦਰ ਦੋ ਦਿਨ ਦੇ ਅੰਦਰ ਅੰਦਰ ਕੂੜਾ ਨਾ ਚੁਕਵਾਇਆ ਗਿਆ ਤਾਂ ਉਹ ਖੁਦ ਟਰਾਲੀਆਂ ਭਰ ਕੇ ਕਚਰੇ ਨੂੰ ਕਾਰਜ ਸਾਧਕ ਅਫਸਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਦੇ ਦਫਤਰ ਅੰਦਰ ਸੁੱਟ ਦੇਣਗੇ। ਭਾਵੇਂ ਉਹਨਾਂ ਉੱਪਰ ਪ੍ਰਸ਼ਾਸਨਿਕ ਅਧਿਕਾਰੀ ਕੁਝ ਵੀ ਕਾਰਵਾਈ ਕਰਵਾ ਲੈਣ, ਉਹ ਇਸ ਤੋਂ ਨਹੀਂ ਡਰਨਗੇ। ਤੁਹਾਨੂੰ ਦੱਸ ਦਈਏ ਕਿ ਜਗਰਾਉਂ ਅੰਦਰ ਕੂੜੇ ਦੇ ਵੱਡੇ ਵੱਡੇ ਪਹਾੜਾਂ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਨਗਰ ਕੌਂਸਲ ਅਧਿਕਾਰੀ ਅਤੇ ਪ੍ਰਧਾਨ ਇਸ ਮਸਲੇ ਲਈ ਪੂਰੀ ਤਰ੍ਹਾਂ ਘੇਸਲ ਵੱਟੀ ਬੈਠੇ ਹਨ। ਹੁਣ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਉਪਰ ਆ ਗਈਆਂ ਹਨ ਤਾਂ ਹਲਕਾ ਵਿਧਾਇਕ ਵੀ ਇਸ ਵੱਡੇ ਮਸਲੇ ਵੱਲ ਕੋਈ ਧਿਆਨ ਨਹੀਂ ਦੇ ਰਹੀ। ਜਿਸ ਦਾ ਆਉਣ ਵਾਲੇ ਨਤੀਜਿਆਂ ਉੱਪਰ ਵੀ ਪ੍ਰਭਾਵ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ।
- Download Babushahi App
-
-