ਸਿਆਸਤਦਾਨ,ਅਫ਼ਸਰਸ਼ਾਹੀ ਅਤੇ ਨਿਆਂਇਕ ਪ੍ਰਣਾਲੀ ਲੋਕ ਹੱਕਾਂ ਨੂੰ ਕੁਚਲ ਰਹੇ-ਕੋਨਿਲ ਗੋਂਸਾਲਵੇਜ
ਅਸ਼ੋਕ ਵਰਮਾ
ਬਰਨਾਲਾ, 28 ਨਵੰਬਰ 2026:ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਦੋ ਦਿਨਾਂ ਸੂਬਾ ਇਜਲਾਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਸ਼ੁਰੂ ਹੋਇਆ ਜਿਸ ਵਿੱਚ 12 ਜਿਲ੍ਹਿਆਂ ਦੇ 100 ਤੋਂ ਵੱਧ ਡੈਲੀਗੇਟਾਂ ਤੇ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ। ਇਜਲਾਸ ਦੇ ਪਹਿਲੇ ਦਿਨ ਦੀ ਸ਼ੁਰੂਆਤ ਮੁੱਖ ਬੁਲਾਰੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਅਤੇ ਜਮਹੂਰੀ ਅਧਿਕਾਰਾਂ ਦੇ ਪਹਿਰੇਦਾਰ ਕੌਲਿਨ ਗੌਂਜ਼ਾਲਵੇਜ਼ ਦੇ ਭਾਸ਼ਣ ਨਾਲ ਹੋਈ। ਆਪਣੇ ਭਾਸ਼ਣ ਰਾਹੀਂ ਉਹਨਾਂ ਨੇ ਸਰਕਾਰਾਂ ਦੇ ਹਰ ਜਬਰ, ਵਧੀਕੀ ਅਤੇ ਧੱਕੇ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਉਪਰੰਤ ਉਹਨਾਂ ਦੇ ਸਹਿਯੋਗੀ ਐਡਵੋਕੇਟ ਮਾਣਕ ਗੁਪਤਾ ਨੇ 'ਭਾਰਤ ਅੰਦਰ ਜਮਹੂਰੀ ਹੱਕ ਅਤੇ ਸੁਪਰੀਮ ਕੋਰਟ ਦੀ ਪਹੁੰਚ 'ਵਿਸ਼ੇ ਉੱਤੇ ਵਿਚਾਰ ਪਰਗਟ ਕੀਤੇ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਜਗਮੋਹਨ ਸਿੰਘ, ਸੋਹਣ ਸਿੰਘ ਮਾਝੀ, ਐਡਵੋਕੇਟ ਅਮਨਦੀਪ ਕੌਰ ਅਤੇ ਗੁਰਮੀਤ ਸੁਖਪੁਰ ਨੇ ਕੀਤੀ।
ਇਸ ਤੋਂ ਮਗਰੋਂ ਸਭਾ ਦੇ ਸੂਬਾ ਸਕੱਤਰ ਪ੍ਰਿਤਪਾਲ ਸਿੰਘ ਨੇ ਜੱਥੇਬੰਦੀ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਤੇ ਜਿਸ ਉਪਰ ਸ਼ਾਮਿਲ ਡੈਲੀਗੇਟਾਂ ਨੇ ਭਰਵੀਂ ਚਰਚਾ ਕੀਤੀ। ਇਜਲਾਸ ਦੇ ਅੱਜ ਦੀ ਕਾਰਵਾਈ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸਭਾ ਦੇ ਸੂਬਾ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਅੱਜ ਦੇ ਇਜਲਾਸ ਨੂੰ ਤਿੰਨ ਭਾਗਾਂ 'ਚ ਵੰਡਿਆ ਗਿਆ ਜਿਸਦੇ ਤਹਿਤ ਪਹਿਲਾ ਸ਼ੈਸ਼ਨ ਖੁੱਲ੍ਹੇ ਸੈਸ਼ਨ ਵਜੋਂ ਸੀ ਜਿਸ ਵਿਚ ਡੈਲੀਗੇਟਾਂ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਤੋਂ ਆਏ ਦਰਸ਼ਕਾਂ ਨੇ ਵੀ ਭਾਗ ਲਿਆ। ਇਸਤੋਂ ਮਗਰੋਂ ਦੂਜੇ ਸੈਸ਼ਨ ਵਿੱਚ ਸੂਬਾ ਸਰਗਰਮੀ ਰਿਪੋਰਟ ਉਪਰ ਚਰਚਾ ਹੋਈ ਅਤੇ ਤੀਜੇ ਸੈਸ਼ਨ ਵਿੱਚ ਸੰਵਿਧਾਨਕ ਸੋਧਾਂ ਅਤੇ ਤਰਮੀਮਾਂ ਉਪਰ ਚਰਚਾ ਕੀਤੀ ਗਈ। ਇਜਲਾਸ ਦੀ ਸ਼ੁਰੂਆਤ ਬੀਤੇ ਸਮੇਂ 'ਚ ਵਿਛੋੜਾ ਦੇ ਗਏ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ।
ਇਸ ਮੌਕੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਕੌਲਿਨ ਗੋਂਜਾਲਵੇਜ ਨੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਭਾਰਤ ਦੀ ਰਾਜਕੀ, ਅਫ਼ਸਰਸ਼ਾਹੀ ਅਤੇ ਨਿਆਂ ਪ੍ਰਣਾਲੀ ਅੰਦਰ ਤਾਨਾਸ਼ਾਹੀ ਦਾ ਰੂਪ ਧਾਰ ਚੁੱਕੀ ਹੈ, ਜਿਹੜੀ ਕਿ ਇੰਦਰਾ ਗਾਂਧੀ ਵੱਲੋਂ ਮੜੀ ਗਈ ਐਮਰਜੈਂਸੀ ਨਾਲੋਂ ਵੀ ਵੱਧ ਖ਼ਤਰਨਾਕ ਹੈ। ਇਸਦਾ ਸਭ ਤੋਂ ਉੱਭਰਵਾਂ ਇਜਹਾਰ ਨਿਆਂ ਪ੍ਰਣਾਲੀ ਅਤੇ ਸੁਪਰੀਮ ਕੋਰਟ ਅੰਦਰ ਰਾਜ ਕਰ ਰਹੀ ਪਾਰਟੀ ਦੀ ਵਧ ਰਹੀ ਦਖਲਅੰਦਾਜ਼ੀ ਰਾਹੀਂ ਹੁੰਦਾ ਹੈ। ਅੱਜ ਸੁਪਰੀਮ ਕੋਰਟ ਦੇ ਅੱਧੇ ਨਾਲੋਂ ਵੱਧ ਜੱਜ ਨਿਰਪੱਖ ਨਾ ਰਹਿ ਕਿ ਰਾਜ ਸੱਤਾ ਨਾਲ ਨੇੜਲੇ ਰਿਸ਼ਤੇ 'ਚ ਵਿਚਰ ਰਹੇ ਹਨ। ਇਸ ਕਰਕੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਹਰ ਵਿਅਕਤੀ ਨੂੰ ਦੇਸ਼ ਧ੍ਰੋਹ ਤੇ ਅੱਤਵਾਦ ਵਰਗੇ ਗੰਭੀਰ ਦੋਸ਼ਾਂ ਰਾਹੀਂ ਜੇਲ੍ਹੀਂ ਸੁੱਟਿਆ ਜਾ ਰਿਹਾ ਹੈ ਅਤੇ ਜ਼ਮਾਨਤ ਦੇ ਜਮਹੂਰੀ ਅਧਿਕਾਰ ਨੂੰ ਕੁਚਲਦਿਆਂ ਜੇਲ੍ਹ ਨੂੰ ਆਮ ਰੁਝਾਨ ਅਤੇ ਜਮਾਨਤ ਨੂੰ ਅਪਵਾਦ ਬਣਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕਿਰਤ ਕਾਨੂੰਨ ਸੋਧਾਂ, ਜੰਗਲ ਕਾਨੂੰਨਾਂ ਦੀ ਭੰਨ ਤੋੜ ਅਤੇ ਬੋਲਣ ਦੀ ਆਜ਼ਾਦੀ ਤੇ ਪਾਬੰਦੀਆਂ ਅਜੋਕੇ ਸਮੇਂ ਦਾ ਉੱਭਰਵਾਂ ਲੱਛਣ ਬਣ ਗਿਆ ਹੈ। ਇਸ ਖ਼ਿਲਾਫ਼ ਕੇਵਲ ਅਦਾਲਤੀ ਢੰਗਾਂ ਰਾਹੀਂ ਹੀ ਨਹੀਂ ਸਗੋਂ ਸ਼ਾਂਤਮਈ ਸੰਘਰਸ਼ਾਂ ਰਾਹੀਂ ਵੀ ਲੜਨ ਦੀ ਅਣਸਰਦੀ ਲੋੜ ਬਣੀ ਹੋਈ ਹੈ।ਖੁੱਲ੍ਹੇ ਸੈਸ਼ਨ ਤੋਂ ਮਗਰੋਂ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਨੇ ਪਿਛਲੇ ਦੋ ਸਾਲਾਂ ਦੀ ਸਰਗਰਮੀ ਰਿਪੋਰਟ ਪੇਸ਼ ਕੀਤੀ। ਇਸ ਸੈਸ਼ਨ ਦੀ ਪ੍ਰਧਾਨਗੀ ਡਾਕਟਰ ਪਰਮਿੰਦਰ, ਤਰਸੇਮ ਧੂਰੀ, ਜਸਵੰਤ ਜੀਰਖ ਨੇ ਕੀਤੀ ਰਿਪੋਰਟ ਦੇ ਪਹਿਲੇ ਭਾਗ ਅੰਦਰ ਅੰਤਰ ਰਾਸ਼ਟਰੀ, ਰਾਸ਼ਟਰੀ ਤੇ ਸੂਬਾ ਪੱਧਰ ਤੇ ਜਮਹੂਰੀ ਅਧਿਕਾਰਾਂ ਦੀ ਹਾਲਤ ਬਾਰੇ ਜਾਇਜ਼ਾ ਪੇਸ਼ ਕੀਤਾ ਗਿਆ। ਇਸਤੋਂ ਮਗਰੋਂ ਸਰਗਰਮੀਆਂ ਦੀ ਸਮੀਖਿਆ ਰੱਖੀ ਗਈ। ਸੂਬਾ ਰਿਪੋਰਟ ਉਪਰ ਹਾਜਰ ਡੈਲੀਗੇਟਾਂ ਨੇ ਭਰਵੀਂ ਚਰਚਾ ਕੀਤੀ ਤੇ ਆਪਣੇ ਸੁਝਾਅ ਪੇਸ਼ ਕੀਤੇ।
- Download Babushahi App
-
-