Babushahi Special-ਚੰਡੀਗੜ੍ਹ ਪੁਲਿਸ ਦੀ ਨਹੀਂ ਰੀਸ- ਸਿਸੋਦੀਆ ਦੇ ਬੂੂਹੇ ‘ਮਾਸਟਰਾਂ’ ਦੀ ਕਰੇ ਧੂਹ ਘੜੀਸ
ਅਸ਼ੋਕ ਵਰਮਾ
ਚੰਡੀਗੜ੍ਹ , 28 ਨਵੰਬਰ 2026 : ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ 180 ਈਟੀਟੀ ਅਧਿਆਪਕ ਧੀਆਂ ਅਤੇ ਪੁੱਤਾਂ ਨੇ ਆਪਣੀਆਂ ਮੰਗਾਂ ਤੋਂ ਮੁਨਕਰ ਹੋਈ ‘ਆਪ’ ਸਰਕਾਰ ਖਿਲਾਫ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਲਾਗੇ ਜੰਮਕੇ ਭੜਥੂ ਪਾਇਆ। ਚੋਣਾਂ ਤੋਂ ਪਹਿਲਾਂ ਵਜ਼ੀਰਾਂ ਦੇ ਘਰਾਂ ਅੱਗੇ ਲੱਗਣ ਵਾਲੇ ਨਿੱਤ ਦੇ ਧਰਨਿਆਂ ਮੁਜਾਹਰਿਆਂ ਤੋਂ ਅੱਕੀ ਚੰਡੀਗੜ੍ਹ ਪੁਲਿਸ ਨੇ ਅਧਿਆਪਕਾਂ ਦੀ ਧੂਹ ਘੜੀਸ ਕੀਤੀ ਜਿੰਨ੍ਹਾਂ ’ਚ ਪੁਰਸ਼ ਤੇ ਮਹਿਲਾ ਅਧਿਆਪਕ ਸਨ। ਹਾਲਾਂਕਿ ਇਸ ਮੌਕੇ ਪੰਜਾਬ ਦੀਆਂ ਜਰਵਾਣੀਆਂ ਧੀਆਂ ਨੂੰ ਕਾਬੂ ਕਰਨ ਲਈ ਸਿਟੀ ਬਿਊਟੀਫੁਲ ਪੁਲਿਸ ਦੀਆਂ ਮਹਿਲਾ ਸਿਪਾਹੀਆਂ ਦੀ ਭੂਤਨੀ ਭੁੱਲ ਗਈ। ਇਸ ਮੌਕੇ ਕਈ ਅਧਿਆਪਕਾਂ ਦੀਆਂ ਦਸਤਾਰਾਂ ਲੱਥ ਗਈਆਂ ਅਤੇ ਕਈਆਂ ਦੇ ਚੋਟਾਂ ਵੀ ਲੱਗੀਆਂ। ਸਾਹਮਣੇ ਆਈ ਮੌਕੇ ਦੀ ਇੱਕ ਵੀਡੀਓ ’ਚ ਇੱਕ ਪੁਲਿਸ ਸਬ ਇੰਸਪੈਕਟਰ ਮਹਿਲਾ ਅਧਿਆਪਕਾਂ ਨੂੰ ਦਬਕੇ ਮਾਰਦਾ ਦਿਖਾਈ ਦਿੰਦਾ ਹੈ।
ਇਹ ਅਧਿਆਪਕ ਸਿੱਖਿਆ ਵਿਭਾਗ ਦੇ ਉਸ ਕਲਰਕ ਖਿਲਾਫ ਕਾਰਵਾਈ ਅਤੇ ਆਪਣਾ ਬਣਦਾ ਹੱਕ ਦੇਣ ਦੀ ਮੰਗ ਕਰ ਰਹੇ ਸਨ। ਇੰਨ੍ਹਾਂ ਅਧਿਆਪਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਇੰਨ੍ਹਾਂ ਅਧਿਆਪਕਾਂ ’ਤੇ ਧੱਕੇ ਨਾਲ ਮੜ੍ਹੇ ਕੇਂਦਰੀ ਸਕੇਲਾਂ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਇੰਨ੍ਹਾਂ ਅਧਿਆਪਕਾਂ ਨੇ ਅੱਜ ਵੱਡੇ ਤੜਕੇ ਘਰਾਂ ਤੋਂ ਚਾਲੇ ਪਾਏ ਅਤੇ ਸਿੋਸਦੀਆਂ ਦੀ ਕੋਠੀ ਲਾਗੇ ਪੁੱਜ ਗਏ। ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਮਨੀਸ਼ ਸਿੋਸਦੀਆ ਦੀ ਕੋਠੀ ਅੱਗੇ ਦੱਸਿਆ ਕਿ ਕਿਸ ਤਰ੍ਹਾਂ 2018 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਸਿੱਖਿਆ ਵਿਭਾਗ ਵੱਲੋਂ ਇਹਨਾਂ 180 ਈਟੀਟੀ ਅਧਿਆਪਕਾਂ ਸਰਕਾਰ ਦੇ ਉਹਨਾਂ ਦੀ ਬਿਨ੍ਹਾਂ ਕਿਸੇ ਕਸੂਰ ਅਤੇ ਬਗੈਰ ਕਾਨੂੰਨ ਦੇ ਰੈਗੂਲਰ 5 ਸਾਲ ਦੀ ਨੌਕਰੀ ਖ਼ਤਮ ਕਰ ਦਿੱਤੀ ਅਤੇ ਨਵੇਂ ਨਿਯੁਕਤੀ ਪੱਤਰ ਦੇਕੇ ਗੈਰ-ਕਨੂੰਨੀ ਅਤੇ ਗੈਰ-ਸੰਵਿਧਾਨਕ ਧੱਕਾ ਕੀਤਾ ਗਿਆ ਹੈ ।

ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੋਹਨ ਸਿੰਘ ਬਰਨਾਲਾ ਨੇ ਦੱਸਿਆ ਕਿ ਇਹ ਧਾਂਦਲੀ 2023 ਵਿੱਚ ਸਿੱਖਿਆ ਸਕੱਤਰ ਅਤੇ ਵਿੱਤ ਸਕੱਤਰ ਦੀਆਂ ਰਿਪੋਰਟਾਂ ਬਾਹਰ ਆਉਣ ਨਾਲ ਜੱਗ ਜਾਹਿਰ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਉਲਟ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਸਭ ਕੱਝ ਜਾਣਕਾਰੀ ਹੋਣ ਦੇ ਬਾਵਜੂਦ ਸਬੰਧਤ ਕਲਰਕ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਧਾਂਦਲੀਬਾਜਾਂ ਨੂੰ ਕਥਿਤ ਸ਼ਹਿ ਦੇਕੇ ਇਨਸਾਫ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਸੂਬਾ ਆਗੂ ਗੌਰਵ ਕਾਂਤ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਦੇ ਸੰਘਰਸ਼ ਤੋਂ ਬਾਅਦ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਹਰਜੋਤ ਬੈਂਸ ਅਤੇ ਹਰਪਾਲ ਸਿੰਘ ਚੀਮਾ ਮੁਲਜਮ ਕਲਰਕ ਨੂੰ ਮੁਅੱਤਲ ਕਰਨ ਦੀ ਪਾਵਰ ਨਾ ਹੋਣ ਸਬੰਧੀ ਕਹਿਕੇ ਮੁੱਖ ਮੰਤਰੀ ਤੱਕ ਪਹੁੰਚ ਕਰਨ ਲਈ ਆਖ ਦਿੰਦੇ ਹਨ। ਜਦੋਂਕਿ ਇਹ ਕੰਮ ਉਨ੍ਹਾਂ ਨੂੰ ਖੁਦ ਕਰਨਾ ਚਾਹੀਦਾ ਹੈ।

ਆਗੂਆਂ ਨੇ ਦੱਸਿਆ ਕਿ 2021 ’ਚ ਇੱਕ ਅਧਿਆਪਕ ਜਦੋਂ ਪੰਜਾਬ ਭਵਨ ਵਿਚਲੇ ਟਾਵਰ ’ਤੇ ਚੜ੍ਹ ਗਿਆ ਸੀ ਤਾਂ ਉਦੋਂ ਸਿਆਸੀ ਲਾਹੇ ਖਾਤਰ ਪੱਬਾਂ ਭਾਰ ਆਏ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਕਾਰ ਆਉਣ ’ਤੇ ਅਧਿਆਪਕਾਂ ਨਾਲ ਹੋਈ ਬੇਇਨਸਾਫੀ ਨੂੰ ਪਹਿਲੇ ਬੋਲ ਦੂਰ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਨੂੰ ਸਾਲ 2002 ’ਚ ਵਿੱਤ ਮੰਤਰੀ ਦੀ ਗੱਦੀ ਮਿਲਣ ੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਅੱਖਾਂ ਫੇਰ ਲਈਆਂ ਹਨ। ਵਿੱਤ ਮੰਤਰੀ ਵੱਲੋਂ ਲਗਾਤਾਰ ਲਾਏ ਜਾ ਰਹੇ ਲਾਰਿਆਂ ਤੋਂ ਅੱਕੇ ਅਧਿਆਪਕਾਂ ਨੇ ਸਿੱਧੀਆਂ ਧਮਕੀਆਂ ਦਿੱਤੀਆਂ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾਂ ਦਿੱਤਾ ਤਾਂ ਉਹ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਾਕਮ ਧਿਰ ਨੂੰ ਸਿਆਸੀ ਸੱਟ ਮਾਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਕੋਤਾਹੀ ਸਿੱਖਿਆ ਵਿਭਾਗ ਦੇ ਅਮਲੇ ਦੀ ਹੈ ਜਦੋਂਕਿ ਸੜਕਾਂ ’ਤੇ ਧੱਕੇ ਅਧਿਆਪਕਾਂ ਨੂੰ ਖਾਣੇ ਪੈ ਰਹੇ ਹਨ ।
ਸੂਬਾ ਖਜ਼ਾਨਚੀ ਗੁਰਮੁਖ ਸਿੰਘ ਪਟਿਆਲਾ ਨੇ ਕਿਹਾ ਕਿ ਮਸਲਾ ਹੱਲ ਹੋਣ ਤੱਕ ਇਹ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਦੱਸਿਆ ਕਿ 2016 ’ਚ ਤੱਤਕਾਲੀ ਗਠਜੋੜ ਸਰਕਾਰ ਨੇ ਈਟੀਟੀ ਅਧਿਆਪਕਾਂ ਦੀ ਭਰਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ’ਚੋਂ 180 ਅਧਿਆਪਕਾਂ ਦੀਆਂ ਧੱਕੇ ਨਾਲ ਸੇਵਾਵਾਂ ਸਮਾਪਤ ਕਰ ਦਿੱਤੀਆਂ ਅਤੇ ਕੇਂਦਰੀ ਸਕੇਲ ਮੜ੍ਹ ਦਿੱਤੇ ਸਨ ਜਿੰਨ੍ਹਾਂ ਦੀ ਥਾਂ ਮੰਗ ਪੰਜਾਬ ਦੇ ਸਕੇਲ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਲਗਾਤਾਰ ਲਾਰੇ ਲਾ ਰਹੇ ਹਨ ਅਤੇ ਉਨ੍ਹਾਂ ਅਜੇ ਤੱਕ ਕੋਈ ਢੁੱਕਵੀਂ ਪਹਿਲਕਦਮੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦਾ ਸਬਰ ਨਾ ਪਰਖੇ ਸਗੋਂ ਸਿਆਸੀ ਲਾਹੇ ਲਈ ਵੱਖ ਵੱਖ ਥਾਵਾਂ ’ਤੇ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਵਿੱਚ ਰੁੱਝੇ ਰਹਿਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਇੰਨ੍ਹਾਂ 180 ਅਧਿਆਪਕਾਂ ਨਾਲ ਵੀ ਲੋਕ ਮਿਲਣੀ ਕਰਨ ’ਤੇ ਉਨ੍ਹਾਂ ਦੀ ਜਾਇਜ਼ ਮੰਗ ਨੂੰ ਤੁਰੰਤ ਨਿਪਟਾਉਣ।
ਇਹ ਆਗੂ ਵੀ ਸਨ ਹਾਜ਼ਰ
ਆਖਰੀ ਖਬਰ ਲਿਖੇ ਜਾਣ ਤੱਕ ਅਧਿਆਪਕ ਆਗੂ ਗੁਰਪ੍ਰੀਤ ਸਿੰਘ ਸਿੱਧੂ, ਗੁਰਮੁਖ ਸਿੰਘ ਸਿਰਸਾ, ਸੰਦੀਪ ਸ਼ਰਮਾ ਮਖੂ, ਅਮਿਤ ਭਾਟੀਆ, ਤਰਨ ਕੁਮਾਰ ਸੁਨਾਮ, ਰਾਕੇਸ਼ ਗੁਰਦਾਸਪੁਰ, ਭਾਲੇਸ਼ ਸ਼ਰਮਾ, ਹਰਪ੍ਰੀਤ ਸਿੰਘ ਭੁੱਲਰਹੇੜੀ ਅਤੇ ਮਨਦੀਪ ਸਿੱਧੂ ਪ੍ਰੀਵਾਰਾਂ ਸਮੇਤ ਸਮੂਹ 180 ਅਧਿਆਪਕ ਪੀ੍ਰਵਾਰਾਂ ਸਮੇਤ ਡਟੇ ਹੋਏ ਸਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾਂ ਕੀਤਾ ਤਾਂ ਚੰਡੀਗੜ੍ਹ ਕੋਈ ਦੂਰ ਨਹੀਂ ਜਿੱਥੇ ਉਹ ਧਾਵਾ ਬੋਲਣ ਲਈ ਮੁੜ ਆਉਣਗੇ।
- Download Babushahi App
-
-